ਕਰਨਾਮਾ ਕਾਂਡ ਦਾ ਮਹਾਨ ਜਰਨੈਲ ਸ਼ਹੀਦ ਭਾਈ ਸੁਖਵਿੰਦਰ ਸਿੰਘ 'ਗੋਰਾ' ਪੱਪੂ-2ਲੇਖਕ-ਡਾ: ਸੁਖਪ੍ਰੀਤ ਸਿੰਘ ਉਦੋਕੇ
ਕਮਰੇ (R-1) ਦਰਵਾਜ਼ਾ ਫੱਟੀਆਂ ਦਾ ਬਣਿਆ ਸੀ, ਦਰਵਾਜ਼ੇ (D-1) ਦੀਆਂ ਵਿੱਥਾਂ ਵਿੱਚੋਂ ਅੰਦਰੋਂ ਸਿੰਘਾਂ ਨੂੰ ਵਿਹੜੇ ਵਿੱਚ ਸਭ ਕੁਝ ਸਾਫ਼ ਵਿਖਾਈ ਦੇ ਰਿਹਾ। ਭਾਈ ਗੋਰੇ ਨੇ ਨਾਲ਼ਦੇ ਸਿੰਘਾਂ ਵਿੱਚੋਂ ਦਲਜੀਤ ਸਿੰਘ ਨੂੰ ਸੱਜੇ ਪਾਸੇ ਖੜ੍ਹਾ ਕਰ ਲਿਆ ਅਤੇ ਪ੍ਰੇਮਜੀਤ ਸਿੰਘ ਨੂੰ ਖੱਬੇ ਪਾਸੇ, ਵਿਚਕਾਰ ਆਪ ਖੜ੍ਹਾ ਹੋ ਗਿਆ। ਅੰਦਰ ਸ਼ਿਸਤ ਲੈ, ਸਾਹ ਰੋਕੀ ਖੜ੍ਹੇ ਸਿੰਘਾਂ ਕੋਲ਼ ਹਥਿਆਰਾਂ ਦੀ ਤਰਤੀਬ ਇਸ ਤਰ੍ਹਾਂ ਸੀ:
ਭਾਈ ਪ੍ਰੇਮਜੀਤ ਸਿੰਘ (ਕਾਲਪਨਿਕ ਨਾਮ)ਏ.ਕੇ. 47 (ਖੱਬੇ)
ਭਾਈ ਸੁਖਵਿੰਦਰ ਸਿੰਘ ਗੋਰਾ (ਜੀ.ਪੀ.ਐਮ.ਗਨ) ਵਿਚਕਾਰ
ਭਾਈ ਦਿਲਜੀਤ ਸਿੰਘ ਏ.ਕੇ 47 ਨਾਲ਼ ਸੱਜੇ।
ਭਾਈ ਗੋਰੇ ਦੇ ਨਾਲ਼ ਦੇ ਸਿੰਘਾਂ ਨੂੰ ਹੌਲ਼ੀ ਜਿਹੀ ਕਿਹਾ,"ਹੁਣ ਦਰਵਾਜ਼ਾ ਖੁੱਲ੍ਹਦਿਆਂ ਹੀ ਫ਼ਾਇਰਿੰਗ ਅਰੰਭ ਕਰ ਦੇਣੀ, ਨਾ ਘਬਰਾਉਣਾ ਅਤੇ ਨਾ ਹੀ ਭੱਜਣਾ, ਬੱਸ ਵੈਰੀਆਂ 'ਤੇ ਟੁੱਟ ਪੈਣਾ।"
ਬਾਹਰ ਵਿਹੜੇ ਵਿੱਚ ਐਸ.ਪੀ.(ਅਪਰੇਸ਼ਨ) 40-50 ਮੁਲਾਜ਼ਮਾਂ ਵਿਚਕਾਰ ਖੜ੍ਹਾ ਸੀ ਕਿ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਨਾਲ਼ ਹੀ ਜੈਕਾਰੇ ਨਾਲ਼ ਆਕਾਸ਼ ਗੂੰਜ ਉਠਿਆ:
'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।'
ਤਿੰਨਾਂ ਸਿੰਘਾਂ ਨੇ ਅੰਧਾਧੁੰਦ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਕਲੋਲ ਕਰਦੇ ਬਗਲ਼ਿਆਂ 'ਤੇ ਐਸੇ ਬਾਜ਼ ਪਏ ਕਿ ਸੰਭਲ਼ਣ ਦਾ ਮੌਕਾ ਹੀ ਨਾ ਮਿਲ਼ਿਆ। ਲਗਾਤਾਰ ਇੱਕ ਮਸ਼ੀਨਗੰਨ ਅਤੇ ਦੋ ਅਸਾਲਟਾਂ ਦੀ ਫ਼ਾਇਰਿੰਗ ਨਾਲ਼ ਵਿਹੜੇ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। ਸਾਰਾ ਵਿਹੜਾ ਧੂੰਏਂ ਅਤੇ ਕੰਧਾਂ ਵਿੱਚ ਵੱਜੀਆਂ ਗੋਲ਼ੀਆਂ ਨਾਲ਼ ਉੱਡੀ ਧੂੜ ਨਾਲ਼ ਭਰ ਗਿਆ। ਪੁਲੀਸ ਦੇ ਸਿਪਾਹੀ ਇੱਕ ਵੀ ਫ਼ਾਇਰ ਨਾ ਕਰ ਸਕੇ।
ਹੁਣ ਕੁਝ ਹੀ ਮਿੰਟਾਂ ਵਿੱਚ ਤਿੰਨੇ ਸਿੰਘ ਵਿਹੜੇ ਵਿੱਚ ਆਏ ਤੇ ਸਭ ਤੋਂ ਪਹਿਲਾਂ ਭਾਈ ਗੋਰੇ ਨੇ ਐਸ.ਪੀ.(ਅਪਰੇਸ਼ਨ) ਦੀ ਨਬਜ਼ ਵੇਖੀ, ਉਹ ਹਲਾਕ ਹੋ ਚੁੱਕਾ ਸੀ। ਸਾਰੇ ਵਿਹੜੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਸਨ। ਜ਼ਖ਼ਮੀ ਸਿਪਾਹੀ ਵੀ ਏਨੇ ਘਬਰਾ ਚੁੱਕੇ ਸਨ ਕਿ ਕੋਈ ਸਿੰਘਾਂ ਉੱਪਰ ਫ਼ਾਇਰ ਕਰਨ ਦੀ ਹਿੰਮਤ ਨਹੀਂ ਸੀ ਕਰ ਰਿਹਾ। ਕਈ ਲੁਕੇ ਹੋਏ ਵੈਰੀਆਂ ਉੱਪਰ ਫਿਰ ਫ਼ਾਇਰ ਕੀਤੇ ਅਤੇ ਕਈ ਜਿਹੜੇ ਪੈਰੀਂ ਪੈ ਕੇ ਜਾਨ ਮਾਫ਼ੀ ਦੇ ਤਰਲੇ ਲੈਣ ਲੱਗੇ, ਉਹਨਾਂ ਨੂੰ ਛੱਡ ਦਿੱਤਾ।
ਹੁਣ ਤਕ ਸਿੰਘਾਂ ਦੀਆਂ ਗੰਨਾਂ ਨਾਲ਼ ਲੱਗੇ ਮੈਗਜ਼ੀਨ ਤਕਰੀਬਨ ਖ਼ਾਲੀ ਹੋ ਚੁੱਕੇ ਸਨ। ਭਾਈ ਗੋਰੇ ਅਤੇ ਭਾਈ ਦਲਜੀਤ ਸਿੰਘ ਨੇ ਮੈਗਜ਼ੀਨ ਭਰਨੇ ਸ਼ੁਰੂ ਕੀਤੇ ਅਤੇ ਭਾਈ ਪ੍ਰੇਮ ਸਿੰਘ ਧਿਆਨ ਰੱਖਣ ਲੱਗਾ। ਭਾਈ ਪ੍ਰੇਮ ਸਿੰਘ ਮਕਾਨ (A) ਦੀ ਰਸੋਈ (K) ਦੇ ਬਾਹਰ ਬਣੇ ਚੌਂਕੇ (C) ਦੀ ਆੜ ਲੈ ਕੇ ਬੈਠਾ ਸੀ ਅਤੇ ਸਿੰਘ ਕਮਰਾ (R-1) ਵਿੱਚ ਬੈਠ ਕੇ ਮੈਗਜ਼ੀਨ ਭਰ ਰਹੇ ਸਨ।
ਅਚਾਨਕ ਦੋ ਤਿੰਨ ਸਿਪਾਹੀ ਭਾਈ ਪ੍ਰੇਮ ਸਿੰਘ ਨੂੰ ਡੰਗਰਾਂ ਵਾਲ਼ੇ ਬਰਾਂਡੇ (B-1) ਦੀ ਛੱਤ ਉੱਪਰ ਚੜ੍ਹੇ ਦਿੱਸੇ। ਭਾਈ ਪ੍ਰੇਮਜੀਤ ਸਿੰਘ ਨੇ ਏ.ਕੇ. 47 ਦਾ ਬਰੱਸਟ ਮਾਰਿਆ। ਇੱਕ ਤਾਂ ਬਨੇਰੇ ਉੱਪਰ ਹੀ ਹੇਠਾਂ ਲਟਕ ਗਿਆ ਅਤੇ ਦੂਸਰਾ ਬਰਾਂਡੇ ਤੋਂ ਹੇਠਾਂ ਵਿਹੜੇ ਵਿੱਚ ਆ ਡਿੱਗਾ।
ਹੁਣ ਤਿੰਨਾਂ ਸਿੰਘਾਂ ਨੇ ਆਪਣੇ ਮੈਗਜ਼ੀਨ ਪੂਰੀ ਤਰ੍ਹਾਂ ਨਾਲ਼ ਲੋਡ ਕਰ ਲਏ ਅਤੇ ਇੰਨੇ ਚਿਰ ਨੂੰ ਦੂਸਰੇ ਮਕਾਨ (B) ਵਿੱਚ ਪੁਲੀਸ ਦੇ ਬੂਟਾਂ ਦੀ ਅਵਾਜ਼ ਆਈ । ਭਾਈ ਗੋਰੇ ਨੇ ਓਸ ਵੇਲ਼ੇ ਸਿੰਘਾਂ ਨੂੰ ਪੁਜ਼ੀਸ਼ਨਾਂ ਲੈਣ ਲਈ ਕਿਹਾ ਅਤੇ ਆਪ ਇੱਕ ਮੰਜੀ ਜੋ ਭਾਈ ਪ੍ਰੇਮਜੀਤ ਸਿੰਘ ਨੇ ਕੰਧ ਨਾਲ਼ ਪੌੜੀਆਂ ਨੇੜੇ ਖੜ੍ਹੀ ਕੀਤੀ ਸੀ, ਦੀ ਆੜ ਲੈ ਕੇ ਖਲੋ ਗਿਆ। ਮਕਾਨ (A) ਦੀ ਕੰਧ ਤੋਂ ਮਕਾਨ (B) ਵੱਲ ਨੂੰ ਐਸੀ ਫਾਇਰਿੰਗ ਭਾਈ ਗੋਰੇ ਨੇ ਕੀਤੀ ਕਿ ਮਕਾਨ (B) ਦੇ ਵਿਹੜੇ ਵਿੱਚ ਦਾਖ਼ਲ ਹੋਏ ਸਿਪਾਹੀਆਂ ਵਿੱਚੋਂ ਕੁਝ ਤਾਂ ਮੌਕੇ 'ਤੇ ਮਾਰੇ ਗਏ ਅਤੇ ਕੁਝ ਭੱਜ ਗਏ।
ਹੁਣ ਤਿੰਨੇ ਸਿੰਘ ਹੀ ਮਕਾਨ ਦੇ ਵਿਹੜੇ ਵਿੱਚ ਸਨ। ਵਧੀਆ ਅਤੇ ਯੋਜਨਾਬੱਧ ਤਰੀਕੇ ਨਾਲ਼ ਕੀਤੇ ਮੁਕਾਬਲੇ ਦੀ ਖ਼ੁਸ਼ੀ ਦੀਆਂ ਲਾਲੀਆਂ ਚਿਹਰਿਆਂ 'ਤੇ ਚੜ੍ਹੀਆਂ ਸਨ। ਸਿੰਘਾਂ ਨੂੰ ਪਤਾ ਸੀ ਕਿ ਪੁਲੀਸ ਫੋਰਸ ਬਹੁਤ ਹੈ, ਮੁਕਾਬਲਾ ਬਹੁਤ ਤਕੜਾ ਹੋਵੇਗਾ।
ਮਕਾਨ (A) ਦਾ ਸਾਰਾ ਵਿਹੜਾ ਲਾਸ਼ਾਂ ਨਾਲ਼ ਭਰਿਆ ਪਿਆ ਸੀ। ਸਿੰਘਾਂ ਹਾਲਾਕ ਸਿਪਾਹੀਆਂ ਦੀਆਂ ਵਧੇਰੇ ਮਾਰ ਕਰਨ ਵਾਲ਼ੀਆਂ ਏ.ਐਲ.ਆਰ.ਬੰਦੂਕਾਂ ਇਕੱਠੀਆਂ ਕੀਤੀਆਂ। ਕੁਝ ਅਸਾਲਟ ਰਾਇਫ਼ਲਾਂ ਦੇ ਮੈਗਜ਼ੀਨ ਲਾਹੇ ਅਤੇ ਸਮਰੱਥਾ ਅਨੁਸਾਰ ਗੋਲ਼ੀ ਸਿੱਕਾ ਲਿਆ।
ਪੁਲੀਸ ਬਾਹਰੋਂ ਅੰਧਾਧੁੰਦ ਫ਼ਾਇਰਿੰਗ ਕਰ ਰਹੀ ਸੀ, ਪਰ ਮਕਾਨ ਅੰਦਰ ਵੜਨ ਦੀ ਹਿੰਮਤ ਨਹੀਂ ਸੀ ਕਰ ਰਹੀ। ਮਕਾਨ ਦੇ ਵਿਹੜੇ ਅੰਦਰ ਗੁਰੂ ਦੇ ਸ਼ੇਰ ਜੇਤੂ ਜਰਨੈਲਾਂ ਵਾਂਗ ਘੁੰਮ ਰਹੇ ਸਨ। ਮੁਕਾਬਲੇ ਅਤੇ ਯੁੱਧਨੀਤੀ ਦੀ ਸਫ਼ਲਤਾ ਤੋਂ ਪ੍ਰਸੰਨ ਜੁਝਾਰੂਆਂ ਦੇ ਨਾਅਰਿਆਂ ਨਾਲ਼ ਅਸਮਾਨ ਗੂੰਜ ਰਿਹਾ ਸੀ। ਭਾਵੇਂ ਕਿ ਸ਼ਹੀਦੀਆਂ ਦਾ ਸਮਾਂ ਨੇੜੇ ਆਉਂਦਾ ਮਹਿਸੂਸ ਹੋ ਰਿਹਾ ਸੀ, ਪਰ ਅਕਾਸ਼ ਇਸ ਅਵਾਜ਼ ਨਾਲ਼ ਗੂੰਜ ਰਿਹਾ ਸੀ:
"ਖ਼ਾਲਿਸਤਾਨ ਜਿੰਦਾਬਾਦ, ਖ਼ਾਲਿਸਤਾਨ ਜਿੰਦਾਬਾਦ...।"
ਸਿੰਘ ਤਾਂ ਭਾਵੇਂ ਵਿਹੜੇ ਅੰਦਰ ਬਾਘੀਆਂ ਪਾ ਰਹੇ ਸਨ, ਪਰ ਪੁਲੀਸ ਮਕਾਨ (A) ਵਿੱਚ ਵੜਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਹੀ। ਅਖੀਰ ਸਿੰਘਾਂ ਨੇ ਮਕਾਨ ਦੇ ਅੰਦਰ ਮੁਕਾਬਲਾ ਫ਼ਤਹਿ ਕਰਨ ਤੋਂ ਬਾਅਦ ਬਾਹਰ ਮੈਦਾਨ ਵਿੱਚ ਡਟਣ ਦਾ ਫ਼ੈਸਲਾ ਕੀਤਾ।
ਸਿੰਘ ਆਪਣੇ ਅਤੇ ਕੁਝ ਮਰੇ ਸਿਪਾਹੀਆਂ ਦੇ ਹਥਿਆਰ ਚੁੱਕ ਕੇ ਮਕਾਨ (A) ਦੇ ਗੇਟ (G-1) ਦੇ ਰਸਤੇ ਗਲ਼ੀ (S-2) ਵੱਲ ਨੂੰ ਬਾਹਰ ਆ ਗਏ। ਇਸ ਸਮੇਂ ਸਿੰਘਾਂ ਪਾਸ ਹਥਿਆਰਾਂ ਦੀ ਗਿਣਤੀ ਇਸ ਤਰ੍ਹਾਂ ਸੀ:
ਭਾਈ ਸੁਖਵਿੰਦਰ ਸਿੰਘ ਗੋਰਾ ਕੋਲ਼ ਇੱਕ ਜੀ.ਪੀ.ਐਮ (General Purpose Machine Gun)., ਦੋ ਏ.ਐਲ.ਆਰ( Automatic Loading Riffle)., ਦੋ ਗਰਨੇਡ ਤੇ ਇੱਕ ਪਿਸਟਲ।
ਭਾਈ ਪ੍ਰੇਮਜੀਤ ਸਿੰਘ ਦੇ ਕੋਲ਼ ਦੋ ਏ.ਕੇ. 47, ਇੱਕ ਪਿਸਟਲ ਤੇ ਗੋਲ਼ੀ ਸਿੱਕਾ।
ਭਾਈ ਦਲਜੀਤ ਸਿੰਘ ਕੋਲ਼ ਇੱਕ ਏ.ਕੇ-47, ਇੱਕ ਰਾਕਟ ਲਾਂਚਰ ਤੇ ਦੋ ਰਾਕੇਟ, ਇੱਕ ਏ.ਐਲ.ਆਰ।
ਹੁਣ ਇਹ ਤਿੰਨੇ ਸਿੰਘ ਸੂਰਮੇ ਗੇਟ (G-1) ਰਾਹੀਂ ਬਾਹਰ ਨਿਕਲ਼ੇ। ਗਲ਼ੀ (S-1) ਬਿਲਕੁਲ ਖ਼ਾਲੀ ਸੀ। ਪੁਲੀਸ ਵਾਲ਼ੇ ਡਰਦੇ ਮਾਰੇ ਭੱਜ ਚੁੱਕੇ ਸਨ। ਸਿੰਘ 'ਖ਼ਾਲਿਸਤਾਨ-ਜ਼ਿੰਦਾਬਾਦ' ਦੇ ਨਾਹਰੇ ਲਾਉਂਦੇ ਹੋਏ ਗਲ਼ੀ ਵਿੱਚੋਂ ਦੀ ਲੰਘ ਰਹੇ ਸਨ।
ਜਦੋਂ ਗਲ਼ੀ (S-1) ਤੋਂ ਮੁੜ ਕੇ ਗਲ਼ੀ (S-4) ਨੂੰ ਮੁੜੇ ਤਾਂ ਉਸ ਗਲ਼ੀ (S-4) ਦੇ ਅਖੀਰ (T.P-1,T.P-2) ਜਿੱਥੇ ਫਿਰਨੀ ਖ਼ਤਮ ਹੋ ਕੇ ਖੇਤ ਸ਼ੁਰੂ ਹੁੰਦੇ ਸਨ, ਪੁਲੀਸ ਵੱਲੋਂ ਦੋ ਲਾਈਟ ਮਸ਼ੀਨਗੰਨਾਂ (ਐਲ.ਐਮ.ਜੀ.) ਫਿੱਟ ਕੀਤੀਆਂ ਗਈਆਂ ਸਨ; ਪੁਲੀਸ ਦੀਆਂ ਮਸ਼ੀਨਗੰਨਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕੀਤੀ। ਸਿੰਘਾਂ ਨੇ ਗਲ਼ੀ ਵਿੱਚ ਹੀ ਲੰਮੇ ਪੈ ਕੇ ਪੁਜ਼ੀਸ਼ਨਾਂ ਲੈ ਲਈਆਂ ਅਤੇ ਜਵਾਬੀ ਫ਼ਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਦੋ ਪਾਸੜ ਗੋਲ਼ੀਬਾਰੀ ਵਿੱਚ ਇੱਕ ਪੁਲੀਸ ਮੁਲਾਜ਼ਮ ਜੋ (T.P-2) ਮਸ਼ੀਨਗੰਨ ਨਾਲ਼ ਗੋਲ਼ੀਬਾਰੀ ਕਰ ਰਿਹਾ ਸੀ, ਹਲਾਕ ਹੋ ਗਿਆ ਅਤੇ ਉਸ ਦੀ ਮੌਤ ਨੂੰ ਵੇਖ ਕੇ ਦੂਸਰੀ ਮਸ਼ੀਨਗੰਨ ਵਾਲ਼ਾ (T.P-1) ਵੀ ਮਸ਼ੀਨਗੰਨ ਚੁੱਕ ਕੇ ਦੌੜ ਗਿਆ। ਇਹਨਾਂ ਦੋਹਾਂ ਹੀ ਮਸ਼ੀਨਗੰਨਾਂ ਦੀ ਕਮਾਂਡ ਏ.ਐਸ.ਆਈ. ਕਸ਼ਮੀਰਾ ਸਿੰਘ ਕਰ ਰਿਹਾ ਸੀ। ਲਗਾਤਾਰ ਗੋਲ਼ੀਬਾਰੀ ਵਿੱਚ ਥਾਣੇਦਾਰ ਕਸ਼ਮੀਰਾ ਸਿੰਘ ਦੀ ਬਾਂਹ ਵਿੱਚ ਵੀ ਗੋਲ਼ੀ ਲੱਗ ਗਈ ਅਤੇ ਉਹ ਪਿੱਛੇ ਭੱਜ ਪਿਆ।
ਹੁਣ ਪੁਲੀਸ ਮਸ਼ੀਨਗੰਨਾਂ ਦੀ ਫ਼ਾਇਰਿੰਗ ਰੁਕ ਚੁੱਕੀ ਸੀ ਅਤੇ ਸਿਪਾਹੀ ਡਰਦੇ ਮਾਰੇ ਉਸ ਸਥਾਨ ਨੂੰ ਛੱਡ ਕੇ ਭੱਜ ਚੁੱਕੇ ਸਨ। ਹੁਣ ਤਿੰਨੇ ਸਿੰਘ ਖੜ੍ਹੇ ਹੋਏ ਅਤੇ ਪਿੰਡ ਦੇ ਬਾਹਰ ਖੇਤਾਂ ਵੱਲ ਨੂੰ ਤੁਰ ਪਏ। ਅੱਗੇ ਗਏ ਤਾਂ ਜ਼ਖ਼ਮੀ ਹੋਇਆ ਕਸ਼ਮੀਰਾ ਸਿੰਘ ਥਾਣੇਦਾਰ ਭੱਜਾ ਜਾਂਦਾ ਦਿੱਸਿਆ। ਭਾਈ ਗੋਰੇ ਨੇ ਕਸ਼ਮੀਰਾ ਸਿੰਘ ਨੂੰ ਤੱਕਿਆ ਤਾਂ ਅੱਖਾਂ ਵਿੱਚ ਲਹੂ ਉਤਰ ਆਇਆ, ਡੌਲ਼ੇ ਫ਼ਰਕੇ ਅਤੇ ਜੀ.ਪੀ.ਐਮ ਸੰਭਾਲ਼ਦਿਆਂ ਲਲਕਾਰ ਕੇ ਕਿਹਾ- "ਓਏ ਥਾਣੇਦਾਰਾ! ਭੱਜ ਕੇ ਦਿਖਾ ਹੁਣ, ਜੇ ਮਾਂ ਦਾ ਦੁੱਧ ਪੀਤਾ ਈ।"
ਇਹ ਕਹਿੰਦਾ ਹੀ ਭਾਈ ਗੋਰਾ ਉਸ ਦੇ ਪਿੱਛੇ ਭੱਜ ਪਿਆ। ਨਾਲ਼ ਦੋਵੇਂ ਸਿੰਘ ਵੀ ਗੋਰੇ ਦੇ ਪਿੱਛੇ ਭੱਜ ਕੇ ਨਾਲ਼ ਮਿਲ਼ੇ। ਅੱਧੇ ਕੁ ਕਿੱਲੇ ਦੀ ਵਾਟ 'ਤੇ ਜਾ ਕੇ ਭਾਈ ਗੋਰੇ ਨੇ ਥਾਣੇਦਾਰ ਕਸ਼ਮੀਰੇ ਨੂੰ ਢਾਹ ਲਿਆ। ਕਸ਼ਮੀਰੇ ਦੇ ਹੱਥ ਵਿੱਚ 9 ਐਮ.ਐਮ. ਦਾ ਪਿਸਟਲ ਸੀ ਅਤੇ ਜ਼ਮੀਨ 'ਤੇ ਡਿੱਗਾ ਪਿਆ ਤਰਲੇ ਕੱਢ ਰਿਹਾ ਸੀ- "ਬਾਬਾ ਜੀ, ਮੈਨੂੰ ਬਖ਼ਸ਼ ਦਿਓ, ਮੇਰੇ ਕੋਲ਼ੋਂ ਭੁੱਲ ਹੋ ਗਈ, ਮੇਰੇ ਛੋਟੇ-ਛੋਟੇ ਬੱਚੇ ਨੇ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਪੈਰੀਂ ਪੈਂਦਾ ਮੈਨੂੰ ਮਾਫ਼ ਕਰ ਦਿਓ...।"
ਭਾਈ ਗੋਰਾ ਹੱਥ ਵਿੱਚ ਮਸ਼ੀਨਗੰਨ ਫੜੀ ਕਸ਼ਮੀਰੇ ਦੀ ਛਾਤੀ 'ਤੇ ਪੈਰ ਧਰੀ ਖੜ੍ਹਾ ਸੀ ਤੇ ਕਹਿਣ ਲੱਗਾ- "ਓਏ ਦੁਸ਼ਟਾ! ਤੈਨੂੰ ਕਿਵੇਂ ਮਾਫ਼ ਕਰ ਦਿਆਂ, ਤੂੰ ਕਿੰਨੇ ਲੋਕਾਂ ਦੇ ਨਜਾਇਜ਼ ਪੁੱਤ ਮਾਰੇ, ਕਿੰਨੀਆਂ ਭੈਣਾਂ ਦੇ ਸੁਹਾਗ ਲੁੱਟੇ, ਕਿੰਨਿਆਂ ਦੀ ਬੇਹੁਰਮਤੀ ਕੀਤੀ ਅਤੇ ਸਭ ਤੋਂ ਵੱਡਾ ਗ਼ੁਨਾਹ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਸ ਕਰਕੇ ਤੂੰ ਮਾਫ਼ੀ ਦੇ ਕਾਬਲ ਨਹੀਂ।"
ਬਸ ਏਨਾ ਕਹਿੰਦਿਆਂ ਭਾਈ ਗੋਰੇ ਨੇ ਮਸ਼ੀਨਗੰਨ ਦੀਆਂ ਕਈ ਗੋਲ਼ੀਆਂ ਦਾ ਸਿੱਕਾ ਕਸ਼ਮੀਰਾ ਸਿਹੁੰ ਥਾਣੇਦਾਰ ਦੀ ਛਾਤੀ ਵਿੱਚ ਭਰ ਦਿੱਤਾ ਅਤੇ ਆਪ ਨਾਲ਼ ਦੇ ਸਿੰਘਾਂ ਨੂੰ ਲੈ ਕੇ ਕਣਕਾਂ ਦੇ ਖੇਤਾਂ ਵਿੱਚ ਦੀ ਹੁੰਦਾ ਹੋਇਆ ਡਰੇਨ ਦੇ ਪਾਸੇ ਵੱਲ ਤੁਰਨ ਲੱਗਾ।
ਸਾਰੇ ਪਾਸੇ ਪੁਲੀਸ ਦਾ ਘੇਰਾ ਸੀ, ਹਰ ਪਾਸਿਓਂ ਅੰਧਾਧੁੰਦ ਫ਼ਾਇਰਿੰਗ ਹੋ ਰਹੀ ਸੀ। ਆਸੇ ਪਾਸੇ ਖੇਤਾਂ ਵਿੱਚ ਪੁਲੀਸ ਦੇ ਬੁਲੇਟ-ਪਰੂਫ਼ ਟਰੈਕਟਰ (B.P.T.) ਘੁੰਮ ਰਹੇ ਸਨ, ਪਰ ਪੁਲੀਸ ਫ਼ੋਰਸਾਂ ਸਿੰਘਾਂ ਦੇ ਨੇੜੇ ਆਉਣ ਦਾ ਹੌਸਲਾ ਨਹੀਂ ਕਰ ਰਹੀਆਂ ਸਨ।
ਅਖੀਰ ਏਨੇ ਨੂੰ ਪੁਲੀਸ ਦੇ ਇੱਕ ਸਿਪਾਹੀ ਵੱਲੋਂ ਚਲਾਈ ਗਈ ਮਸ਼ੀਨਗੰਨ ਦੀ ਇੱਕ ਗੋਲ਼ੀ ਭਾਈ ਗੋਰੇ ਦੇ ਪੱਟ ਵਿੱਚੋਂ ਦੀ ਹੱਡੀ ਨੂੰ ਤੋੜਦੀ ਹੋਈ ਲੰਘ ਗਈ। ਜ਼ਿਕਰਯੋਗ ਹੈ ਕਿ ਇਹ ਸਿਪਾਹੀ ਮਸ਼ੀਨਗੰਨ ਲੈ ਕੇ (T.P-1) ਤੋਂ ਭੱਜਾ ਸੀ ਅਤੇ ਇੱਕ ਟਿਊਬਵੈਲ (T) ਦੇ ਚੁਬੱਚੇ ਵਿੱਚ ਜਾ ਲੁਕਿਆ ਬੈਠਿਆ ਸੀ।
ਭਾਈ ਗੋਰੇ ਦੀ ਲੱਤ ਵਿੱਚ ਗੋਲ਼ੀ ਵੱਜਣ ਨਾਲ਼ ਬਹੁਤ ਜ਼ਿਆਦਾ ਖ਼ੂਨ ਵਗਣਾ ਸ਼ੁਰੂ ਹੋ ਗਿਆ। ਜਿਸ ਜਗ੍ਹਾ ਉੱਪਰ ਭਾਈ ਗੋਰੇ ਨੂੰ ਗੋਲ਼ੀ ਵੱਜੀ ਸੀ, ਓਸੇ ਹੀ ਜਗ੍ਹਾ ਉੱਪਰ ਪੁਜ਼ੀਸ਼ਨ ਲੈ ਕੇ ਜੀ.ਪੀ.ਐਮ. ਦੀ ਐਸੀ ਅੰਧਾਧੁੰਦ ਫ਼ਾਇਰਿੰਗ ਕੀਤੀ ਕਿ ਚੁਬੱਚੇ ਵਿੱਚ ਲੁਕਿਆ ਬੈਠਾ ਮਸ਼ੀਨਗੰਨ ਵਾਲ਼ਾ ਸਿਪਾਹੀ ਚਿੱਤ ਹੋ ਗਿਆ।
ਲੱਤ ਵਿੱਚ ਗੋਲ਼ੀ ਲੱਗਣ ਨਾਲ਼ ਹੁਣ ਭਾਈ ਗੋਰੇ ਕੋਲ਼ੋਂ ਤੁਰਨਾ ਔਖਾ ਹੋ ਗਿਆ ਸੀ। ਦੂਸਰੇ ਪਾਸੇ ਪੁਲੀਸ ਵੱਲੋਂ ਵੀ ਲਗਾਤਾਰ ਅੰਧਾਧੁੰਦ ਫ਼ਾਇਰਿੰਗ ਹੋ ਰਹੀ ਸੀ।
ਏਨੇ ਚਿਰ ਨੂੰ ਇੱਕ ਪੁਲੀਸ ਦੀ ਗੋਲ਼ੀ ਭਾਈ ਦਲਜੀਤ ਸਿੰਘ ਦੇ ਪੱਟ ਦੇ ਮਾਸ ਨੂੰ ਖਹਿ ਕੇ ਲੰਘ ਗਈ। ਸਰੀਰ ਗਰਮ ਹੋਣ ਕਰਕੇ ਭਾਈ ਗੋਰਾ ਥੋੜ੍ਹਾ-ਥੋੜ੍ਹਾ ਅਜੇ ਤੁਰ ਰਿਹਾ ਸੀ, ਪਰ ਲੱਤ ਵਿੱਚੋਂ ਖ਼ੂਨ ਬਹੁਤ ਵਗ ਰਿਹਾ ਸੀ। ਪੁਲੀਸ ਦੇ ਬੁਲੇਟਪਰੂਫ ਟਰੈਕਟਰ (B.P.T) ਆਸੇ-ਪਾਸੇ ਘੁੰਮ ਰਹੇ ਸਨ, ਇਹ ਪਤਾ ਹੋਣ ਕਰਕੇ ਸਿੰਘ ਕੋਲ਼ ਰਾਕੇਟ ਲਾਂਚਰ ਹੈ, ਨੇੜੇ ਨਹੀਂ ਆ ਰਹੇ ਸਨ।
ਕਣਕਾਂ ਦੇ ਵਿੱਚ ਤਿੰਨੇ ਸਿੰਘ ਸਰਕਾਰੀ ਫ਼ਾਇਰਿੰਗ ਦਾ ਜਵਾਬ ਦੇ ਰਹੇ ਸਨ, ਅਖੀਰ ਇੱਕ ਵੱਡੇ ਖ਼ਾਲ ਦੇ ਨੇੜੇ (M) ਤਿੰਨਾਂ ਸਿੰਘਾਂ ਨੇ ਆੜ ਲੈ ਲਈ ਅਤੇ ਪੁਲੀਸ ਦੀ ਗੋਲ਼ੀਬਾਰੀ ਦਾ ਵਿਧੀ ਅਨੁਸਾਰ ਜਵਾਬ ਦੇਣਾ ਜਾਰੀ ਰੱਖਿਆ। ਭਾਈ ਪ੍ਰੇਮਜੀਤ ਸਿੰਘ ਨੇ ਆਪਣੇ ਸਿਰ ਤੋਂ ਛੋਟੀ ਦਸਤਾਰ ਉਤਾਰ ਕੇ ਭਾਈ ਗੋਰੇ ਦੇ ਪੱਟ ਉੱਪਰ ਬੰਨ੍ਹ ਦਿੱਤੀ।
ਪੁਲੀਸ ਫੋਰਸ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੀਂ ਸੀ। ਤਿੰਨੇ ਸਿੰਘ ਵਧੀਆ ਮੁਕਾਬਲਾ ਕਰ ਰਹੇ ਸਨ। ਜਦੋਂ ਥੋੜਾ ਚਿਰ ਫ਼ਾਇਰਿੰਗ ਰੁਕਦੀ ਤਾਂ ਗੋਰਾ ਨਾਲ਼ ਦੇ ਸਿੰਘਾਂ ਨੂੰ ਹਦਾਇਤ ਦਿੰਦਾ। ਲੱਤ ਉੱਪਰ ਲਪੇਟਿਆ ਪਰਨਾ ਲਹੂ ਨਾਲ਼ ਗੜੁੱਚ ਹੋ ਚੁੱਕਾ ਸੀ। ਭਾਈ ਗੋਰੇ ਨੇ ਨਾਲ਼ ਦੇ ਸਿੰਘਾਂ ਨੂੰ ਕਿਹਾ- "ਕਲਗ਼ੀਧਰ ਦੇ ਚਰਨਾਂ ਵਿੱਚ ਮੈਂ ਜਿਹੜੀ ਅਰਦਾਸ ਹਮੇਸ਼ਾ ਕਰਦਾ ਸੀ, ਪਾਤਸ਼ਾਹ ਨੇ ਸੁਣ ਲਈ ਏ....(ਚਿਹਰੇ 'ਤੇ ਮੁਸਕਰਾਹਟ ਲਿਆ ਕੇ) ਅਸੀਂ ਸੁੱਤੇ ਨਹੀਂ ਫੜੇ ਗਏ……ਦਿਨ ਦੀਵੀ ਜੂਝ ਰਹੇ ਹਾਂ.....ਐਸ.ਪੀ ਮਾਰਿਆ ਗਿਆ ਤੇ ਬਬਲੇ ਦੀ ਸ਼ਹਾਦਤ ਦਾ ਕਰਜ਼ਾ ਸਿਰੋਂ ਲੱਥਾ....ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ਾ ਥਾਣੇਦਾਰ ਵੀ ਸੋਧਿਆ ਗਿਆ…ਮੇਰੀ ਆਸ ਪੂਰੀ ਹੋਈ...ਹੁਣ ਤਾਂ ਬੱਸ ਸ਼ਹੀਦੀ ਦਾ ਚਾਅ ਹੈ...।
ਭਾਈ ਗੋਰੇ ਦੀ ਲੱਤ ਹੁਣ ਤਕ ਬਿਲਕੁਲ ਨਕਾਰਾ ਹੋ ਚੁੱਕੀ ਸੀ, ਪਰ ਜੀ.ਪੀ.ਐਮ.ਦੀ ਸ਼ਿਸਤ ਲੈ ਕੇ ਬੈਠਾ ਸੂਰਮਾ ਪੁਲੀਸ ਫ਼ਾਇਰਿੰਗ ਦਾ ਐਸਾ ਜਵਾਬ ਦੇ ਰਿਹਾ ਸੀ ਕਿ ਪੁਲੀਸ ਨੇੜੇ ਆਉਣ ਤੋਂ ਕਤਰਾ ਰਹੀ ਸੀ।
ਦਿਨ ਦੇ 2:00 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਾ ਸੀ। ਭਾਈ ਗੋਰੇ ਦੇ ਸਰੀਰ ਨੂੰ ਦੋ ਗੋਲ਼ੀਆਂ ਵਿੰਨ੍ਹ ਚੁੱਕੀਆਂ ਸਨ, ਪਰ ਉਹ ਚੜ੍ਹਦੀ ਕਲਾ ਵਿੱਚ ਸੀ। ਉਹ ਸਾਥੀਆਂ ਨੂੰ ਵਾਰ-ਵਾਰ ਕਹਿ ਰਿਹਾ ਸੀ- 'ਤੁਸੀਂ ਜੇਕਰ ਨਿਕਲ਼ ਸਕਦੇ ਹੋ ਤਾਂ ਨਿਕਲ਼ ਜਾਓ। ਮੈਂ ਤਾਂ ਹੁਣ ਇੱਥੇ ਹੀ ਸ਼ਹੀਦ ਹੋਵਾਂਗਾ।'
ਨਾਲ਼ ਦੇ ਸਿੰਘਾਂ ਨੇ ਕਿਹਾ- 'ਅਸੀਂ ਤੁਹਾਨੂੰ ਛੱਡ ਕੇ ਕਿਵੇਂ ਨਿਕਲ਼ ਸਕਦੇ ਹਾਂ, ਤੁਸੀਂ ਸਾਡੇ ਚੀਫ਼ ਹੋ।'
ਅਖ਼ੀਰ ਭਾਈ ਗੋਰੇ ਨੇ ਕਿਹਾ- 'ਜੇਕਰ ਤੁਸੀਂ ਮੈਨੂੰ ਚੀਫ਼ ਸਮਝਦੇ ਹੋ ਤਾਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਨਿਕਲ਼ ਜਾਓ।' ਇਹ ਕਹਿੰਦਿਆਂ ਹੀ ਭਾਈ ਗੋਰੇ ਨੇ ਆਪਣੀ ਘੜੀ, ਬਟੂਆ (ਪਰਸ) ਅਤੇ ਇੱਕ ਡਾਇਰੀ ਭਾਈ ਦਲਜੀਤ ਸਿੰਘ ਨੂੰ ਸੌਂਪ ਦਿੱਤੀ। ਭਾਈ ਗੋਰੇ ਨੇ ਸਿੰਘਾਂ ਨੂੰ ਕਵਰੇਜ਼ ਫ਼ਾਇਰ ਦੇਣਾ ਸ਼ੁਰੂ ਕੀਤਾ ਅਤੇ ਸਿੰਘਾਂ ਨੇ ਨਿਕਲ਼ਣ ਦੀ ਕੋਸ਼ਿਸ਼ ਕੀਤੀ, ਪਰ ਘੇਰਾ ਬਹੁਤ ਸਖ਼ਤ ਹੋਣ ਕਰਕੇ ਨਾਕਾਮ ਹੋ ਕੇ ਆ ਕੇ ਫਿਰ ਭਾਈ ਗੋਰੇ ਕੋਲ਼ ਲੇਟ ਕੇ ਮੁਕਾਬਲਾ ਕਰਨ ਲੱਗੇ।
ਹੁਣ ਤਕਰੀਬਨ ਕਾਫ਼ੀ ਸਮਾਂ ਹੋ ਚੁੱਕਾ ਸੀ। ਭਾਈ ਗੋਰੇ ਦਾ ਬੁਰਾ ਹਾਲ ਸੀ। ਉਸ ਨੇ ਨਾਲ਼ ਦੇ ਸਿੰਘਾਂ ਨੂੰ ਕਿਹਾ- 'ਤੁਸੀਂ ਸਿਰਫ਼ ਇੱਕ-ਇੱਕ ਸ਼ਸਤਰ ਲਵੋ, ਬਾਕੀ ਮੇਰੇ ਕੋਲ਼ ਰੱਖ ਦਿਓ, ਕੋਈ ਫ਼ਾਇਰ ਨਾ ਕਰਿਓ ਅਤੇ ਨਿਕਲ਼ ਜਾਵੋ।'
ਭਾਈ ਪ੍ਰੇਮ ਸਿੰਘ ਨੇ ਇੱਕ ਏ.ਕੇ. 47 ਅਤੇ ਭਾਈ ਦਲਜੀਤ ਸਿੰਘ ਨੇ ਇੱਕ ਏ.ਐਲ.ਆਰ ਅਤੇ ਇੱਕ ਏ.ਕੇ.47 ਲੈ ਲਈ ਅਤੇ ਚੀਫ਼ ਦੇ ਹੁਕਮ 'ਤੇ ਘੇਰੇ ਵਿੱਚੋਂ ਨਿਕਲ਼ਣ ਲਈ ਤੁਰ ਪਏ।
ਥੋੜ੍ਹੀ ਅੱਗੇ ਜਾ ਕੇ ਭਾਈ ਦਲਜੀਤ ਸਿੰਘ ਡਰੇਨ ਪਾਰ ਕਰ ਰਿਹਾ ਸੀ ਕਿ ਪੁਲੀਸ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਡਰੇਨ ਪਾਰ ਕਰਦਿਆਂ ਭਾਈ ਦਲਜੀਤ ਸਿੰਘ ਦੀ ਏ.ਐਲ.ਆਰ. ਡਰੇਨ ਵਿੱਚ ਡਿੱਗ ਗਈ ਪਰ ਉਹ ਡਰੇਨ ਪਾਰ ਕਰ ਕੇ ਇੱਕ ਕਮਾਦ ਦੀ ਧੋੜੀ (S.F-1) ਵਿੱਚ ਜਾ ਵੜਿਆ।
ਪੁਲੀਸ ਅਜੇ ਵੀ ਗੋਲ਼ੀਬਾਰੀ ਕਰੀ ਜਾ ਰਹੀ ਸੀ। ਭਾਈ ਪ੍ਰੇਮਜੀਤ ਸਿੰਘ ਗੋਲ਼ੀਬਾਰੀ ਕਰਕੇ ਥੋੜ੍ਹਾ ਚਿਰ ਪਿੱਛੇ ਆ ਗਿਆ। ਜਦੋਂ ਡਰੇਨ ਪਾਰ (E-2) ਕਰ ਕੇ ਦੂਸਰੇ ਕਿਨਾਰੇ 'ਤੇ ਪਹੁੰਚਿਆ ਤਾਂ ਸਾਮ੍ਹਣਿਓਂ ਇੱਕ ਪੁਲੀਸ ਦੀ ਜਿਪਸੀ ਵਿੱਚੋਂ ਉੱਤਰ ਰਹੇ ਸਿਪਾਹੀਆਂ ਨੇ ਫ਼ਾਇਰਿੰਗ ਕਰ ਦਿੱਤੀ। ਭਾਈ ਪ੍ਰੇਮ ਸਿੰਘ ਨੇ ਮੋੜਵੀਂ ਫ਼ਾਇਰਿੰਗ ਕੀਤੀ ਤਾਂ ਦੋ ਪੁਲੀਸ ਵਾਲ਼ੇ ਹਲਾਕ ਹੋ ਗਏ ਅਤੇ ਬਾਕੀ ਡਰੇਨ ਦੇ ਕੰਢੇ ਓਹਲੇ ਹੋ ਕੇ ਲੇਟ ਗਏ। ਭਾਈ ਪ੍ਰੇਮ ਸਿੰਘ ਵੀ ਡਰੇਨ ਪਾਰ ਕਰ ਕੇ ਕਮਾਦ ਦੀ ਇੱਕ ਹੋਰ ਧੋੜੀ (S.F-2) ਵਿੱਚ ਵੜ ਗਿਆ। ਪ੍ਰੇਮ ਸਿੰਘ ਅਤੇ ਦਲਜੀਤ ਸਿੰਘ ਕਮਾਦ (ਗੰਨੇ ਦੇ ਖੇਤ) ਵਿੱਚ ਚੁੱਪ-ਚਾਪ ਬੈਠ ਗਏ।
ਕੁਝ ਚਿਰ ਲਈ ਥੋੜ੍ਹੀ ਜਿਹੀ ਫ਼ਾਇਰਿੰਗ ਵੀ ਕੀਤੀ। ਪਰ ਪੁਲੀਸ ਦਾ ਬਹੁਤਾ ਧਿਆਨ ਭਾਈ ਗੋਰੇ ਵੱਲ ਸੀ। ਭਾਈ ਗੋਰਾ ਵੱਖ-ਵੱਖ ਹਥਿਆਰਾਂ ਨਾਲ਼ ਫ਼ਾਇਰਿੰਗ ਕਰ ਰਿਹਾ ਸੀ, ਕਿਉਂਕਿ ਉਸ ਪਾਸ ਤਿੰਨ ਤਰ੍ਹਾਂ (ਜੀ.ਪੀ.ਐਮ., ਏ.ਕੇ.47 ਅਤੇ ਏ.ਐਲ.ਆਰ.) ਦੇ ਹਥਿਆਰ ਸਨ ਅਤੇ ਪੁਲੀਸ ਵਾਲ਼ੇ ਸਮਝ ਰਹੇ ਸਨ ਕਿ ਸ਼ਾਇਦ ਤਿੰਨ ਜਾਂ ਇਸ ਤੋਂ ਵੱਧ ਖਾੜਕੂ ਘੇਰੇ ਵਿੱਚ ਹਨ।
ਭਾਈ ਪ੍ਰੇਮ ਸਿੰਘ ਅਤੇ ਭਾਈ ਦਲਜੀਤ ਸਿੰਘ ਦਾ ਪਿਆਸ ਨਾਲ਼ ਬੁਰਾ ਹਾਲ ਸੀ, ਪਰ ਨੇੜੇ ਕਿਤੇ ਪਾਣੀ ਦੀ ਬੂੰਦ ਤਕ ਨਹੀਂ ਸੀ। ਦੁਵੱਲੀ ਜ਼ਬਰਦਸਤ ਫ਼ਾਇਰਿੰਗ ਹੋ ਰਹੀ ਸੀ। ਭਾਈ ਗੋਰਾ ਪੁਲੀਸ ਫ਼ਾਇਰਿੰਗ ਦਾ ਯੁੱਧਨੀਤੀ ਅਨੁਸਾਰ ਜਵਾਬ ਦੇ ਰਿਹਾ ਸੀ। ਭਾਈ ਗੋਰਾ ਦਾ ਬਹੁਤ ਜ਼ਿਆਦਾ ਖ਼ੂਨ ਵਗ ਜਾਣ ਨਾਲ਼ ਉਹ ਪੂਰੀ ਤਰ੍ਹਾਂ ਨਿਢਾਲ ਹੁੰਦਾ ਜਾ ਰਿਹਾ ਸੀ।
ਰੁਕ-ਰਕ ਫ਼ਾਇਰਿੰਗ ਹੋ ਰਹੀ ਸੀ। ਪ੍ਰੇਮਜੀਤ ਸਿੰਘ ਅਤੇ ਦਲਜੀਤ ਸਿੰਘ ਕਮਾਦ ਵਿੱਚੋਂ ਦੀ ਹੁੰਦੇ ਹੋਏ ਕਾਫ਼ੀ ਦੂਰ ਨਿਕਲ਼ ਗਏ। ਅਚਾਨਕ ਹੀ ਵੱਡੇ ਧਮਾਕੇ ਦੀ ਅਵਾਜ਼ ਆਈ। ਦਰਅਸਲ ਭਾਈ ਗੋਰੇ ਵੱਲੋਂ ਜਦੋਂ ਥੋੜ੍ਹੀ ਜਿਹੀ ਫ਼ਾਇਰਿੰਗ ਘਟੀ ਤਾਂ ਪੁਲੀਸ ਨੇ ਇੱਕ ਬੁਲੇਟ ਪਰੂਫ਼ (B.P.T.) ਅੱਗੇ ਕੀਤਾ। ਭਾਈ ਗੋਰੇ ਨੇ ਰਾਕੇਟ ਚਲਾ ਦਿੱਤਾ ਪਰ ਇਹ ਨਿਸ਼ਾਨੇ ਉੱਪਰ ਨਾ ਲੱਗਾ ਅਤੇ ਪਿੰਡ ਮੰਨਣ ਵੱਲ ਨੂੰ ਜਾ ਕੇ ਫੱਟ ਗਿਆ। ਇਸ ਦੇ ਨਿਸ਼ਾਨੇ ਉੱਪਰ ਨਾ ਵੱਜਣ ਦੇ ਕੁਝ ਕਾਰਨ ਸਨ ਭਾਵੇਂ ਕਿ ਭਾਈ ਗੋਰਾ ਸ਼ਸਤਰ ਵਿਦਿਆ ਵਿੱਚ ਨਿਪੁੰਨ ਸੀ ਪਰ:
-ਜ਼ਖ਼ਮੀ ਹੋਣ ਕਰਕੇ ਉਸ ਨੇ ਥੋੜ੍ਹਾ ਜਿਹਾ ਬੰਨ੍ਹੇ ਦਾ ਆਸਰਾ ਲੈ ਕੇ ਚਲਾ ਦਿੱਤਾ, ਜਦਕਿ ਇਸ ਨੂੰ ਖਲ੍ਹੋ ਕੇ ਪੂਰੀ ਪੁਜ਼ੀਸ਼ਨ ਲੈ ਕੇ ਚਲਾਉਣਾ ਪੈਂਦਾ ਹੈ।
-ਖ਼ੂਨ ਵਹਿਣ ਕਰਕੇ ਭਾਈ ਗੋਰੇ ਦਾ ਸਰੀਰ ਏਨਾ ਨਿਰਬਲ ਹੋ ਚੁੱਕਾ ਸੀ ਕਿ ਸਥਿਰਤਾ ਨਾਲ਼ ਨਿਸ਼ਾਨਾ ਲਾਉਣਾ ਔਖਾ ਸੀ।
-ਲਾਂਚਰ ਨਾਲ਼ ਦਾਗ਼ੇ ਰਾਕੇਟ ਦਾ ਨਿਸ਼ਾਨਾ ਸਥਿਰ ਵਸਤੂ 'ਤੇ ਲਾਉਣਾ ਠੀਕ ਹੁੰਦਾ ਹੈ, ਪਰ ਹਰਕਤ ਕਰਦੀ ਕਿਸੇ ਚੀਜ਼ 'ਤੇ ਨਿਸ਼ਾਨਾ ਕਾਫ਼ੀ ਔਖਾ ਹੁੰਦਾ ਹੈ।
ਸੋ ਰਾਕੇਟ ਤਾਂ ਚਲਾਇਆ ਗਿਆ, ਪਰ ਬਿਨਾਂ ਕਿਸੇ ਜਾਨੀ ਜਾਂ ਹੋਰ ਨੁਕਸਾਨ ਦੇ ਇਹ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ।
ਦੂਜੇ ਪਾਸੇ ਦੋਵੇਂ ਸਿੰਘ ਕਮਾਦ ਦੇ ਖੇਤਾਂ ਤੋਂ ਦੂਰ ਨਿਕਲ਼ ਚੁੱਕੇ ਸਨ। ਅਖ਼ੀਰ ਹੌਲ਼ੀ-ਹੌਲ਼ੀ ਫ਼ਾਇਰਿੰਗ ਘਟਣੀ ਸ਼ੁਰੂ ਹੋ ਗਈ। ਦਿਨ ਢਲਣਾ ਸ਼ੁਰੂ ਹੋ ਗਿਆ ਸੀ। ਭਾਈ ਪ੍ਰੇਮ ਸਿੰਘ ਅਤੇ ਦਲਜੀਤ ਸਿੰਘ ਕਿਸੇ ਬਹਿਕ 'ਤੇ ਪਹੁੰਚੇ, ਪਾਣੀ ਪੀਤਾ ਅਤੇ ਘਰ ਵਾਲ਼ਿਆਂ ਤੋਂ ਲੈ ਕੇ ਸਿਰਾਂ 'ਤੇ ਪਰਨੇ ਬੱਧੇ। ਹੁਣ ਤਕ ਪ੍ਰੇਮ ਸਿੰਘ ਹੋਰੀਂ ਸਮਝ ਚੁੱਕੇ ਸਨ ਕਿ ਭਾਈ ਗੋਰਾ ਜਾਂ ਤਾਂ ਸ਼ਹਾਦਤ ਪ੍ਰਾਪਤ ਕਰ ਚੁੱਕਾ ਹੈ ਜਾਂ ਪੁਲੀਸ ਨੇ ਘੇਰ ਲਿਆ ਹੋਵੇਗਾ। ਭਾਈ ਪ੍ਰੇਮਜੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਹੋਰਾਂ ਨੇ ਬਹਿਕ ਦੇ ਨੇੜਿਓਂ ਇੱਕ ਸਿੰਘ ਨੂੰ ਭੇਜਿਆ ਕਿ ਉਹ ਪਿੰਡ ਕਰਨਾਮੇ ਜਾ ਕੇ ਪਤਾ ਲੈ ਕੇ ਆਵੇ ਕਿ ਕੀ ਭਾਣਾ ਵਾਪਰਿਆ ਹੈ। ਉਹ ਸਿੰਘ ਪਿੰਡ ਗਿਆ ਤੇ ਕਰੀਬ ਅੱਧੀ ਰਾਤ ਆ ਕੇ ਦੱਸਿਆ:
ਕਰੀਬ ਸਾਢੇ ਚਾਰ ਵਜੇ ਗੋਲ਼ੀ ਚੱਲਣੀ ਬੰਦ ਹੋ ਗਈ। ਭਾਈ ਗੋਰੇ ਵੱਲੋਂ ਫ਼ਾਇਰਿੰਗ ਬਿਲਕੁਲ ਬੰਦ ਸੀ। ਬੁਲੇਟ ਪਰੂਫ਼ ਟਰੈਕਟਰ ਭਾਈ ਗੋਰੇ ਦੇ ਆਲ਼ੇ ਦੁਆਲ਼ੇ ਘੁੰਮ ਰਹੇ ਸਨ, ਪਰ ਉਸ ਦੇ ਨੇੜੇ ਜਾਣ ਦਾ ਹੌਸਲਾ ਨਹੀਂ ਸਨ ਕਰ ਰਹੇ। ਅਖੀਰ ਪੁਲੀਸ ਦੇ ਕੁਝ ਅਫ਼ਸਰ ਉਸ ਦੇ ਘਰੇ ਆਏ ਅਤੇ ਮਾਤਾ ਨੂੰ ਅੱਗੇ ਲਾ ਕੇ ਭਾਈ ਗੋਰੇ ਦੀ ਮ੍ਰਿਤਕ ਸਰੀਰ ਦੇ ਨੇੜੇ ਪਹੁੰਚੇ। ਭਾਈ ਗੋਰੇ ਦੀ ਲਾਸ਼ ਖ਼ੂਨ ਨਾਲ਼ ਲੱਥਪੱਥ ਪਈ ਸੀ। ਇੱਕ ਲੱਤ 'ਤੇ ਪੱਟ ਉੱਪਰ ਕੱਪੜਾ ਬੰਨ੍ਹਿਆ ਹੋਇਆ ਸੀ, ਜੋ ਖ਼ੂਨ ਨਾਲ਼ ਗੜੁੱਚ ਸੀ।ਮੋਢੇ ਦੇ ਨੇੜੇ ਇੱਕ ਗੋਲ਼ੀ ਲੱਗੀ ਪਈ ਸੀ ਅਤੇ ਇੱਕ ਪੈਰ ਦਾ ਅੰਗੂਠਾ ਮਸ਼ੀਨਗੰਨ ਦੇ ਘੋੜੇ ਵਿੱਚ ਫਸਿਆ ਪਿਆ ਸੀ ਤੇ ਉਸ ਦੇ ਸਿਰ ਦਾ ਇੱਕ ਪਾਸਾ ਉਡਿਆ ਪਿਆ ਸੀ। ਦਰਅਸਲ ਬਹੁਤ ਜ਼ਿਆਦਾ ਖ਼ੂਨ ਵਗਣ ਕਰਕੇ ਜਦੋਂ ਭਾਈ ਗੋਰੇ ਨੇ ਤੱਕਿਆ ਕਿ ਜੇਕਰ ਮੈਂ ਨਿਢਾਲ ਹੋ ਕੇ ਬੇਹੋਸ਼ ਹੋ ਗਿਆ ਤਾਂ ਕਿਤੇ ਮੈਨੂੰ ਪੁਲੀਸ ਜਿਊਂਦੇ ਨੂੰ ਨਾ ਫੜ ਲਵੇ, ਇਸ ਕਰਕੇ ਉਸ ਨੇ ਮਸ਼ੀਨਗੰਨ ਆਪਣੇ ਨਾਲ਼ ਲਿਟਾ ਕੇ ਪੈਰ ਨਾਲ਼ ਘੋੜਾ ਦਬਾ ਕੇ ਆਪਣੇ ਸਿਰ ਦਾ ਸੱਜਾ ਪਾਸਾ ਉਡਾ ਦਿੱਤਾ ਅਤੇ ਸ਼ਹੀਦੀ ਪ੍ਰਾਪਤ ਕਰ ਲਈ।
ਜਦੋਂ ਮਾਤਾ ਨੇ ਭਾਈ ਗੋਰੇ ਦੀ ਮ੍ਰਿਤਕ ਦੇਹ ਦੀ ਇਹ ਹਾਲਤ ਵੇਖੀ ਤਾਂ ਉਸ ਦਾ ਗੱਚ ਭਰ ਆਇਆ, ਇਸ 'ਤੇ ਪਿੱਛੇ ਖੜ੍ਹੇ ਇੱਕ ਥਾਣੇਦਾਰ ਨੇ ਮਾਤਾ ਦਾ ਸਿਰ ਵਿੱਚ ਬੰਦੂਕ ਦਾ ਬੱਟ ਮਾਰਿਆ ਅਤੇ ਕੜਕ ਕੇ ਕਿਹਾ:
"ਬੁੜ੍ਹੀਏ....ਇੱਕ ਨੂੰ ਰੋਈ ਜਾਨੀ ਆਂ, ਸਾਡਾ ਤਾਂ ਸਾਰਾ ਥਾਣਾ ਵਿਹਲਾ ਕਰ'ਤਾ ਇਸ....ਦੇ ਪੁੱਤ ਨੇ।"
ਕੌਮ ਦਾ ਅਣਖ਼ੀ ਜਰਨੈਲ ਕਣਕ ਦੇ ਖੇਤ ਵਿੱਚ ਲਹੂ-ਲੁਹਾਨ ਪਿਆ ਸੀ। ਪੁਲੀਸ ਵਾਲ਼ੇ ਡਰੇ ਹੋਏ ਕਰਨਾਮਾ ਕਾਂਡ ਦੇ ਇਸ ਜਰਨੈਲ ਨੂੰ ਤੱਕ ਰਹੇ ਸਨ ਅਤੇ ਮੋਏ ਪਏ ਜਰਨੈਲ ਤੋਂ ਵੀ ਖੌਫ਼ਜ਼ਦਾ ਸਨ। ਇੱਕ ਅਵਾਜ਼ ਬ੍ਰਹਿਮੰਡ ਵਿੱਚ ਗੂੰਜ ਰਹੀ ਸੀ:
ਸਿੰਘ ਮੋਇਆ ਪਿਆ ਵੀ ਦਹਿਕਦਾ,
ਜਿਵੇਂ ਸੂਰਜ ਮਾਰੇ ਭਾਅ।