ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ) ਅਜੋਕੇ ਨਵੇਂ ਦੌਰ ਦੀ ਪੰਜਾਬੀ ਗੀਤਕਾਰੀ ਵਿੱਚ ਗੁਰਨਾਮ ਗਾਮਾ ਤੇ ਸ਼ਹਿਬਾਜ਼ ਨਾਂ ਦੇ ਦੋ ਸਕੇ ਭਰਾਵਾਂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ। ਜਿੱਥੇ ਸਹਿਬਾਜ਼ ਦੇ ਸੰਜ਼ੀਦਾ ਗੀਤਾਂ ਦੀ ਚਰਚਾ ਹੁੰਦੀ ਹੈ ਉੱਥੇ ਗਾਮੇ ਦੀ ਠੇਠ ਪੇਂਡੂ ਲੇਖਣ ਸ਼ੈਲੀ ਵੀ ਕਿਸੇ ਨੇ ਅਣਗੌਲਿਆਂ ਨਹੀਂ ਕੀਤੀ। ਆਮ ਜਨਜੀਵਨ ਨਾਲ ਜੁੜੀਆਂ ਗੱਲਾਂ ਹਮੇਸ਼ਾ ਹੀ ਗਾਮੇ ਦੇ ਗੀਤਾਂ ਦਾ ਹਿੱਸਾ ਬਣਦੀਆਂ ਰਹੀਆਂ ਹਨ। ਅੱਜ ਤੋਂ ਤਿੰਨ ਕੁ ਵਰ੍ਹੇ ਪਹਿਲਾਂ ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰੀ ਕਰਦਾ ਸਾਂ ਅਤੇ ਗਾਮੇ ਦੇ ਘਰ ਤੋਂ ਮਸਾਂ ਅੱਧਾ ਕੁ ਕਿਲੋਮੀਟਰ 'ਤੇ ਹੀ ਦਫ਼ਤਰ ਸੀ। ਦੋਵਾਂ ਭਰਾਵਾਂ ਨਾਲ ਦੁਆ-ਸਲਾਮ ਹੁੰਦੀ ਰਹਿੰਦੀ ਸੀ। ਪਰ 'ਪ੍ਰਦੇਸੀ' ਹੋਣ ਤੋਂ ਬਾਦ ਸੰਪਰਕ ਟੁੱਟ ਗਿਆ। ਇੱਕ ਦਿਨ ਬੈਠਿਆਂ ਬੈਠਿਆਂ ਗਾਮੇ ਦੇ ਮਸਤ-ਮਲੰਗ ਸੁਭਾਅ ਦੀ ਯਾਦ ਆ ਗਈ ਤਾਂ ਅਚਨਚੇਤ ਹੀ ਯੂ-ਟਿਊਬ 'ਚ 'ਗੁਰਨਾਮ ਗਾਮਾ' ਲਿਖ ਬੈਠਾ। ਚਿਣ ਚਿਣ ਪਾਏ ਪੇਚਾਂ ਵਾਲੀ ਸੰਤਰੀ ਜਿਹੀ ਪੱਗ ਬੰਨ੍ਹੀ ਬੈਠਾ ਬਾਈ ਗਾਮਾ ਸਾਹਮਣੇ ਸੀ। ਜਿਉਂ ਹੀ ਵੀਡੀਓ ਚਲਾਈ ਤਾਂ ਗਾਮੇ ਦੀ ਆਪਣੀ ਆਵਾਜ਼ 'ਚ ਗਾਇਆ ਗੀਤ ਵੱਜਣ ਲੱਗਾ,"ਸਾਨੂੰ ਪੌੜੀਆਂ ਬਣਾ ਕੇ ਕਈ ਕਮੀਨੇ,ਚੁਬਾਰਿਆਂ 'ਤੇ ਚੜ੍ਹੇ ਬੈਠੇ ਆ।ਸਾਲੇ ਕੰਜਰ ਭੈਣ ਦੇ ਦੀਨੇ,ਇੱਕ ਦੋ ਨਹੀਂ ਬੜੇ ਬੈਠੇ ਆ।"ਦਿਲੀਂ ਦੁੱਖ ਹੋਇਆ ਕਿ ਗਾਮੇ ਨੂੰ ਐਸਾ ਕੀ ਦੁੱਖ ਲੱਗ ਗਿਆ ਕਿ ਉਹਨੇ ਆਪਣੀ ਗੁੰਝਲੀ 'ਚ ਸਭ ਵਲ੍ਹੇਟ ਲਏ? ਕੀ ਲੋੜ ਪੈ ਗਈ ਹੋਣੀ ਐ ਗਾਮੇ ਨੂੰ 'ਭੜਾਸ' ਕੱਢਣ ਦੀ? ਫਿਰ ਦਿਮਾਗ ਉਹਨਾਂ ਬਾਰੀਕੀਆਂ ਨੂੰ ਲੱਭਣ ਤੁਰ ਪਿਆ ਕਿ ਉਹ ਕਿਹੜੇ ਹਾਲਾਤ ਹੋਣਗੇ ਕਿ ਕਲਮ ਘਸਾਈ ਕਰਦੇ ਕਰਦੇ ਦੇਬੀ ਮਖ਼ਸੂਸਪੁਰੀ, ਰਾਜ ਬਰਾੜ, ਜਸਵੀਰ ਗੁਣਾਚੌਰੀਆ, ਦਵਿੰਦਰ ਖੰਨੇਵਾਲਾ, ਵਿਜੇ ਧੰਮੀ, ਬਲਵੀਰ ਬੋਪਾਰਾਏ, ਭਿੰਦੇ ਸ਼ਾਹ ਆਦਿ ਗੀਤਕਾਰ ਗਾਇਕ ਬਨਣ ਦਾ ਕੀੜਾ ਪਾਲ ਬੈਠੇ? ਉਹਨਾਂ ਨੇ ਵੀ ਤਾਂ ਇਹੀ ਸੋਚਿਆ ਹੋਵੇਗਾ ਕਿ ਗੀਤ ਮਰ ਮਰ ਕੇ ਉਹਨਾਂ ਨੇ ਲਿਖਿਆ... ਗਾ ਕੇ ਸਟਾਰ ਬਣੇ ਗਾਇਕ ਹੇਠਾਂ ਮਹਿੰਗੀ ਕਾਰ, ਅੰਗੂਠੇ ਤੋਂ ਬਿਨਾਂ ਸਾਰੀਆਂ ਉਂਗਲਾਂ 'ਚ ਛਾਪਾਂ ਛੱਲੇ, ਗਲ 'ਚ ਕੱਟੇ ਦੀ ਸੰਗਲੀ ਵਰਗੀਆਂ ਸੋਨੇ ਦੀਆਂ ਜੰਜੀਰੀਆਂ...ਸ਼ਾਹੀ ਠਾਠ.. ਲੋਕਾਂ ਦੀਆਂ ਸਲਾਮਾਂ ਵੱਖਰੀਆਂ ਤੇ ਗੀਤ ਲਿਖਣ ਵਾਲੇ ਨੂੰ ਕੀ ਮਿਲਿਆ?.... ਕੈਸੇਟ ਦੇ ਰੈਪਰ 'ਤੇ ਲਿਖਿਆ ਨਾਮ....ਬੱਸ? ਓਹੀ ਠੈਂਗੇ ਨਾਲ ਠੈਂਗਾ ਖੜਕਦੈ। ਕਿਤੇ ਨਾ ਕਿਤੇ, ਕਦੇ ਨਾ ਕਦੇ ਇਹ ਸੋਚ ਜਰੂਰ ਪਨਪਦੀ ਹੋਵੇਗੀ ਗੀਤਕਾਰਾਂ ਦੇ ਮਨਾਂ 'ਚ.... ਮੇਰੇ ਖਿਆਲ ਮੁਤਾਬਕ ਗਾਮੇ ਦੇ ਵਲਵਲੇ ਵੀ ਇਹੀ ਹੋਣਗੇ। ਕਹਿੰਦੇ ਹਨ ਕਿ ਸ਼ਿਕਾਰੀਆਂ ਦੇ ਘੇਰੇ 'ਚ ਆਏ ਬਿੱਲੇ ਨੂੰ ਜਦੋਂ ਕੋਈ ਹੋਰ ਰਾਹ ਨਹੀਂ ਸੁੱਝਦਾ ਤਾਂ ਓਹ ਸ਼ਿਕਾਰੀ ਦੀਆਂ ਰਗਾਂ 'ਚ ਬੁਰਕ ਭਰਨ ਦੀ ਹਿੰਮਤ ਵੀ ਕਰ ਲੈਂਦੈ। ਗਾਮੇ ਦਾ ਗੀਤ ਵੀ ਉਸ ਬਿੱਲੇ ਦੀ ਮਨੋਦਸ਼ਾ ਬਿਆਨ ਕਰਦਾ ਪ੍ਰਤੀਤ ਹੁੰਦੈ। ਤਿੰਨ ਸਾਲਾਂ ਦੀ ਦੂਰੀ ਤੋਂ ਬਾਦ ਮੈਂ ਲੱਭਦਾ- ਲਭਾਉਂਦਾ ਗਾਮੇ ਦੇ ਨਿੱਜੀ ਮੋਬਾਈਲ ਫੋਨ ਨੰਬਰ ਤੱਕ ਪਹੁੰਚ ਗਿਆ। -"ਗਾਮੇ ਬਾਈ, ਖੁਰਮੀ ਬੋਲਦਾਂ।" ਕਿਹਾ ਹੀ ਸੀ ਕਿ ਗਾਮੇ ਤੋਂ ਪਹਿਲਾਂ ਨਾਲੋਂ ਵੀ ਵਧੇਰੇ ਨਿੱਘ ਮਿਲਿਆ। ਘਰ-ਬਾਰ ਬੇਬੇ-ਬਾਪੂ ਦਾ ਹਾਲ ਚਾਲ ਪੁੱਛਣ ਤੋਂ ਬਾਦ ਗਾਮੇ ਨੂੰ ਸਹਿਜ ਹੀ ਪੁੱਛ ਬੈਠਾ।-"ਗਾਮੇ ਵੀਰ, ਇਹ ਸੱਚੀ ਭੜਾਸ ਐ ਕਿ ਐਵੇਂ ਰੂਹਦਾਰੀ ਕੀਤੀ ਐ?"-"ਖੁਰਮੀ ਤੈਨੂੰ ਤਾਂ ਪਤਾ ਈ ਆææ ਗਾਮਾ ਜੋ ਅੰਦਰੋਂ ਆ...ਓਹੀ ਬਾਹਰੋਂ ਆ। ਮਰਦੀ ਨੇ ਅੱਕ ਚੱਬਿਆ... ਇਹ ਗਾਣਾ ਤਾਂ ਸ਼ੁਰੂਆਤ ਆ.. ਦੋ ਗਾਣੇ ਹੋਰ ਤਿਆਰ ਪਏ ਆ ਜਿਹੜੇ ਇਹਨਾਂ ਅਕ੍ਰਿਤਘਣਾਂ ਨੂੰ ਦੱਸ ਦੇਣਗੇ ਕਿ ਜੇ ਗਾਉਣਾ ਕਿਸੇ ਗਾਇਕ ਦਾ ਕਿੱਤਾ ਹੁੰਦੈ ਤਾਂ ਗੀਤ ਲਿਖਣੇ ਵੀ ਗੀਤਕਾਰ ਦਾ ਕਿੱਤਾ ਹੁੰਦੈ।"(ਬੇਸ਼ੱਕ ਗਾਮੇ ਨੇ ਗਾਣੇ ਵਿੱਚ ਜਾਂ ਫੋਨ 'ਤੇ ਗੱਲ ਕਰਦਿਆਂ ਕਿਸੇ ਕਲਾਕਾਰ ਦਾ ਵਿਸ਼ੇਸ਼ ਤੌਰ 'ਤੇ ਨਾਂ ਨਹੀਂ ਲਿਆ ਪਰ ਮੇਰੇ ਜਿਹਨ 'ਚ ਉਹਨਾਂ ਸਭ ਕਲਾਕਾਰਾਂ ਦੀਆਂ ਤਸਵੀਰਾਂ ਘੁੰਮ ਗਈਆਂ ਜਿਹਨਾਂ ਨੇ ਗਾਮੇ ਦੇ ਗਾਣਿਆਂ ਨੂੰ ਆਪਣੀਆਂ ਮਧੁਰ ਆਵਾਜ਼ਾਂ ਨਾਲ ਸ਼ਿੰਗਾਰਿਆ ਸੀ। ਜਿਹਨਾਂ ਵਿੱਚ ਬਲਕਾਰ ਸਿੱਧੂ, ਨਛੱਤਰ ਗਿੱਲ, ਅਮਰਿੰਦਰ ਗਿੱਲ, ਹਰਭਜਨ ਸ਼ੇਰਾ, ਅੰਗਰੇਜ ਅਲੀ, ਜੱਸੀ ਗੁਰਦਾਸਪੁਰੀਆ, ਹਰਦੇਵ ਮਾਹੀਨੰਗਲ, ਧਰਮਪ੍ਰੀਤ, ਇੰਦਰਜੀਤ ਨਿੱਕੂ, ਅਮਰ ਇਕਬਾਲ, ਕੁਲਦੀਪ ਭੱਟੀ, ਜੀਤ ਜਗਜੀਤ, ਜਸਪਿੰਦਰ ਨਾਰੂਲਾ, ਮਨਜੀਤ ਰੂਪੋਵਾਲੀਆ, ਬਲਕਾਰ ਅਣਖੀਲਾ, ਭੁਪਿੰਦਰ ਕੌਰ ਮੁਹਾਲੀ, ਹਰਮਨਦੀਪ, ਮਹਿਕਦੀਪ ਆਦਿ ਸਮੇਤ ਪਤਾ ਹੀ ਨਹੀਂ ਕਿੰਨੇ ਕੁ ਹੋਰ)ਗਾਮਾ ਬੋਲੀ ਜਾ ਰਿਹਾ ਸੀ "ਛੋਟੇ ਵੀਰ, ਭਾਵੇਂ ਆਵਾਜ਼ ਰਿਕਾਰਡ ਕਰਲੈ। ਆਹ ਗੀਤ ਆਉਣ ਤੋਂ ਬਾਦ ਜਿਹਨਾਂ ਨੇ ਕਦੇ ਬਾਤ ਨੀਂ ਸੀ ਪੁੱਛੀ ਓਹ ਸਫਾਈਆਂ ਦਿੰਦੇ ਆ। ਜੇ ਪੰਜ ਸੌ ਜਾਂ ਹਜਾਰ ਰੁਪਈਆ ਦੇ ਕੇ ਮੱਥਾ ਡੰਮ੍ਹ ਵੀ ਦਿੱਤਾæææ ਓਹੀ ਸੁਣਾਈ ਜਾਂਦੇ ਆ। ਜਿਹੜੇ ਹੇਜ ਦਿਖਾਉਂਦੇ ਆ ਜਾਂ ਜਿਹੜੇ ਨਾਲ ਖੜ੍ਹੇ ਆ... ਓਹਨਾਂ ਬਾਰੇ ਜਾਂ ਮੈਂ ਜਾਣਦਾਂ ਜਾਂ ਮੇਰਾ ਸਤਗੁਰ। ਖੁਰਮੀ.... ਗਾਇਕ ਤਾਂ ਗੀਤਕਾਰਾਂ ਨੂੰ ਅੰਬ ਵਾਂਗੂੰ ਸਮਝਦੇ ਆ...ਕਿ ਚੂਪ ਲਓ ਤੇ ਚਲਾ...ਅ ਕੇ ਮਾਰੋ। ਸਭ ਨੂੰ ਆਵਦੇ ਬਾਲ ਬੱਚਿਆਂ ਦੇ ਉੱਜਵਲ ਭਵਿੱਖ, ਕਾਰਾਂ ਕੋਠੀਆਂ ਖਰੀਦਣ, ਘਰਵਾਲੀਆਂ ਦੇ ਸ਼ੌਕ ਪੂਰਨ ਤੋਂ ਹੀ ਵਿਹਲ ਨੀ ਮਿਲਦੀ... ਮਿੱਤਰਾ ਸਭ ਤੋਰੀ ਫੁਲਕੇ ਦਾ ਜੁਗਾੜ ਆ... ਕੋਈ ਸੱਭਿਆਚਾਰ-ਚੂਰ ਨੀ ਇਹਨਾਂ ਵਾਸਤੇ...।""ਜੀਹਦੀ ਮਰਜੀ ਪੂਛ ਨੂੰ ਹੱਥ ਲਾ ਕੇ ਦੇਖਲਾ...ਓਹੀ ਕਹਿਦੂ.... ਜੀ ਅਸੀਂ ਤਾਂ ਸੱਭਿਆਚਾਰ ਦੀ ਸੇਵਾ ਕਰਦੇ ਆਂ... ਲੈ ਖੁਰਮੀ ਗਾਣੇ ਦੀਆਂ ਲਾਈਨਾਂ ਸੁਣ... (ਗਾਮਾ ਪੁਰੀ ਮਸਤੀ ਤੇ ਜੋਸ਼ 'ਚ ਸੀ) ਦੋ ਤੋਂ ਦੋ ਸੌ ਕਿੱਲਾ ਬਣਜੇ,ਇੱਕ ਸੋਹਣਾ ਜਿਹਾ ਟਿੱਲਾ ਬਣਜੇ,ਇੱਕ ਬਿੱਲੀ ਆ.. ਹੁਣ ਬਿੱਲਾ ਬਣਜੇ..... ਬਿੱਲੀ ਮੈਂ ਤਾਂ ਕਿਹਾ ਕਿ ਗਾਇਕ ਦੇ ਜੇ ਕੁੜੀ ਹੈ ਤਾਂ ਓਹਦੀ ਆਸ ਹੁੰਦੀ ਐ ਕਿ ਬਿੱਲਾ ਜਾਣੀਕਿ ਮੁੰਡਾ ਹੋਜੇ।ਬਸ ਇਹੀ ਸੋਚ ਹਰ ਕਲਾਕਾਰ ਦੀ।ਮਸਲਾ ਤੋਰੀ ਫੁਲਕੇ ਦਾ,ਦੁਹਾਈ ਸੱਭਿਆਚਾਰ ਦੀ।""ਭਰਾਵਾ ਹਰ ਕਿਸੇ ਨੂੰ ਆਪਾਧਾਪੀ ਪਈ ਹੋਈ ਆ। ਕਿੰਨੇ ਗੀਤਕਾਰ ਗੁਰਬਤ 'ਚ ਹੀ ਮਰਗੇ, ਕਿੰਨੇ ਮਰਨ ਲਈ ਤਿਆਰ ਬੈਠੇ ਹੋਣਗੇ। ਪਰ ਓਹਨਾਂ ਦੇ ਗੀਤ ਗਾ ਕੇ ਅਮੀਰ ਬਣੇ ਗਾਇਕ ਰਾਜਿਆਂ ਵਰਗੀ ਜ਼ਿੰਦਗੀ ਜਿਉਂਦੇ ਆ।.... ਖੁਰਮੀ ਆਹ ਗਾਣਾ ਤਾਂ ਅਜੇ ਸ਼ੁਰੂਆਤ ਆ.... ਲੈ ਆਉਣ ਵਾਲੇ ਗੀਤ ਦਾ ਸਥਾਈ ਅੰਤਰਾ ਸੁਣ, ਖੁੱਲ੍ਹੀ ਛੁੱਟੀ ਆ..ਭਾਵੇਂ ਕਿਤੇ ਲਿਖ ਵੀ ਦੇਵੀਂ....ਸੁਣੋ ਕਲਾਕਾਰੋ.... ਓ ਨਾਂ ਦਿਓ ਯਾਰੋ,ਸਾਡੇ ਘਰ ਦੀ ਸਮੱਸਿਆ ਕੋਈ ਹੱਲ ਕੀਤੀ ਐ?ਕਦੇ ਗੀਤ ਬਿਨਾਂ ਸਾਡੇ ਨਾਲ ਗੱਲ ਕੀਤੀ ਐ?ਕਦੇ ਗੀਤ ਬਿਨਾਂ.......................................................।ਐਥੋਂ ਸੇਬ ਨਹੀਂ ਖਾਣੇ, ਐਹਦੇ ਸੰਤਰੇ ਨੀ ਠੀਕ।ਪਹਿਲਾਂ ਸਥਾਈ ਠੀਕ ਕਰੀਂ, ਐਹਦੇ ਅੰਤਰੇ ਨੀ ਠੀਕ।ਕਦੇ ਮੇਹਰ ਦੀ ਨਿਗ੍ਹਾ ਕੋਈ ਸਾਡੇ ਵੱਲ ਕੀਤੀ ਐ?ਕਦੇ ਗੀਤ ਬਿਨਾਂ..............................................।ਇਹਨਾਂ ਨਾਲੋਂ ਤਾਂ ਓਹ ਲੋਕ ਹੀ ਚੰਗੇ ਆ ਜਿਹੜੇ ਸਿਰਫ ਇਹਨਾਂ ਦੇ ਮੂੰਹੋਂ ਗਾਏ ਗਾਣੇ ਸੁਣਕੇ ਹੀ ਗੀਤਕਾਰ ਦੇ ਮੁਰੀਦ ਬਣ ਜਾਂਦੇ ਆ। ਤੇਰੇ ਇੰਗਲੈਂਡ ਤੋਂ ਹੀ ਹਨ ਬਾਬਾ ਜਸਵੀਰ ਸਿਉਂ... ਪਿੱਠ ਸੁਣਦੀ ਆ ਓਸ ਬੰਦੇ ਦੀ... ਫੋਨ ਕਰਦੇ ਕਹਿ ਦਿੰਦੈ... ਗਾਮੇ ਪੁੱਤ ਸੋ ਕੁ ਰੁਪਈਆ (ਪੌਂਡ) ਭੇਜੇ ਆ, ਵੈਸਟਰਨ ਯੁਨੀਅਨ 'ਚੋਂ ਕਢਵਾ ਲਿਆਈਂ। ਕਰਜਈ ਤਾਂ ਅਸੀਂ ਇਹੋ ਜਿਹੇ ਲੋਕਾਂ ਦੇ ਆਂ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਆ। ਗਾਇਕ.... ਇਹ ਤਾਂ ਖਾ ਕੇ ਨਾ ਰੱਜਣ..ਕਿਸੇ ਨੂੰ ਕੀ ਦੇ ਦੇਣਗੇ ਓਹਦੀ ਮਿਹਨਤ ਦਾ ਮੁੱਲ਼..... ਸਾਲੇ ਕੰਜਰ ਭੈਣ ਦੇ ਦੀਨੇ....।"ਹੁਣ ਗਾਮਾ ਚੁੱਪ ਜਿਹਾ ਹੋ ਗਿਆ ਸੀ। ਮੈਂ ਵੀ ਫੇਰ ਗੱਲ ਕਰਨ ਦਾ ਵਾਅਦਾ ਕਰਕੇ ਫਤਿਹ ਬੁਲਾਉਣੀ ਮੁਨਾਸਿਬ ਸਮਝੀ। ਇਹ ਓਹ ਗਾਮਾ ਹੈ ਜਿਸਨੂੰ ਕਬੱਡੀ ਖੇਡਣ ਵਾਲੇ ਵੀ ਜਾਣਦੇ ਹੋਣਗੇ ਜਦੋਂ ਹੁਣ ਦਾ ਗੀਤਕਾਰ ਗੁਰਨਾਮ ਗਾਮਾ ਕਬੱਡੀ ਖੇਡ ਜਗਤ ਵਿੱਚ 'ਧੂੜਕੋਟੀਆ ਗਾਮਾ' ਦੇ ਨਾਮ ਨਾਲ ਮਸ਼ਹੂਰ ਸੀ। ਸਿੰਘ ਸਰਦਾਰ ਖਿਡਾਰੀ ਵਜੋਂ ਜਦੋਂ ਗਾਮਾ ਜੂੜੇ 'ਤੇ ਚਿੱਟਾ ਰੁਮਲ ਬੰਨ੍ਹੀ ਰੇਡ ਪਾਉਣ ਜਾਂਦਾ ਸੀ ਤਾਂ ਲੋਕ ਸਾਹ ਰੋਕ ਕੇ ਗਾਮੇ ਦੀ ਖੇਡ ਦੇਖਦੇ ਸਨ। ਓਸੇ ਕਬੱਡੀ ਖਿਡਾਰੀ ਗਾਮੇ ਨੇ ਕਦੋਂ ਇੱਕ ਗੀਤਕਾਰ ਵਜੋਂ ਆਪਣੀ ਪਛਾਣ ਕਾਇਮ ਕਰ ਲਈææ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ। ਬੇਸ਼ੱਕ ਹੁਣ ਗਾਮਾ ਅੰਕ ਲੈਣ ਲਈ ਧੌਲਾਂ ਧੱਫੇ ਮਾਰਦਾ ਨਹੀਂ ਦਿਸਦਾ ਪਰ ਕਲਮ ਦੀ ਨੋਕ 'ਚੋਂ ਗਾਮੇ ਦੇ ਝਰੀਟੇ ਗੀਤਾਂ ਦੇ ਬੋਲ ਧੌਲ-ਧੱਫਿਆਂ 'ਤੋਂ ਘੱਟ ਵੀ ਨਹੀਂ ਹਨ। ਗਾਮੇ ਦੀਆਂ ਗੱਲਾਂ 'ਚ ਕਿੰਨਾ ਕੁ 'ਤੰਤ' ਹੈ? ਜਾਂ ਤਾਂ ਗਾਮਾ ਜਾਣਦੈ ਜਾ ਫਿਰ ਇੱਕ ਗੀਤਕਾਰ ਦੀ ਕਿਰਤ ਦਾ ਮੁੱਲ ਪਾਉਣ ਨਾਲੋਂ ਅਣਗੌਲਿਆਂ ਕਰਨ ਵਾਲੇ ਗਾਇਕ...। ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)