ਭਾਰਤੀ ਸਾਹਿਤ ਦਾ ਮਾਣ ਡਾ. ਰਵਿੰਦਰ ਨਾਥ ਟੈਗੋਰ ..........ਦਰਸ਼ਨ ਸਿੰਘ ਪ੍ਰੀਤੀਮਾਨ

ਅਨਮੋਲ ਹੀਰੇ
ਇੱਕ ਕੰਮ ਵਿੱਚ ਪ੍ਰਸਿੱਧਤਾ ਖੱਟਣੀ ਬਹੁਤ ਵੱਡੀ ਗੱਲ ਹੈ ਪਰ ਇਕੱਠੇ ਕਈ ਕੰਮਾਂ 'ਚ ਪ੍ਰਸਿੱਧਤਾ ਖੱਟਣੀ ਬਹੁਤ ਹੀ ਮਹਾਨ ਵਿਅਕਤੀ ਦੇ ਹਿੱਸੇ ਆਉਂਦੀ ਹੈ। ਸਮਾਜ-ਸੁਧਾਰਕ, ਮਹਾਨ ਅਧਿਆਪਕ, ਸੈਲਾਨੀ, ਦਾਨਿਸਵਰ, ਚਿੱਤਰਕਾਰ, ਸੰਗੀਤਕਾਰ, ਨਿਬੰਧਕਾਰ, ਨਾਵਲਕਾਰ, ਨਾਟਕਕਾਰ, ਕਵੀ ਤੇ ਕਹਾਣੀਕਾਰ ਹੋਣ ਦਾ ਮਾਲਕ ਰਵਿੰਦਰ ਨਾਥ ਟੈਗੋਰ ਹੈ। ਜੋ ਸਥਾਨ ਰੋਮ ਵਿੱਚ ਵਰਜਿਲ, ਇਟਲੀ ਵਿੱਚ ਡਾਂਟੇ, ਯੂਨਾਨ ਵਿੱਚ ਹੋਮਰ ਅਤੇ ਰੂਸ ਵਿੱਚ ਟਾਲਸਟਾਏ ਨੂੰ ਨਸੀਬ ਹੋਇਆ ਸੀ, ਉਹੀ ਸਥਾਨ ਭਾਰਤ ਵਿੱਚ ਰਵਿੰਦਰ ਨਾਥ ਟੈਗੋਰ ਨੂੰ ਹਾਸਲ ਹੋਇਆ ਹੈ।
ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਈ: ਨੂੰ ਮਾਤਾ ਸ਼ਾਰਦਾ ਦੇਵੀ ਦੀ ਕੁੱਖੋਂ, ਪਿਤਾ ਦਵਿੰਦਰ ਨਾਥ ਠਾਕੁਰ ਦੇ ਘਰ 'ਜੋਗ ਸਾਂਕੋ' (ਸ਼ਹਿਰ) ਠਾਕਰ ਬਾੜੀ ਕੋਲਕਾਤਾ ਵਿਖੇ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਰਵਿੰਦਰ ਨਾਥ ਠਾਕੁਰ ਤੇ ਬਾਅਦ ਵਿੱਚ ਰਵਿੰਦਰ ਨਾਥ ਟੈਗੋਰ ਪਿਆ। ਉਨ੍ਹਾਂ ਮੁੱਢਲੀ ਵਿੱਦਿਆ ਘਰ ਅਧਿਆਪਕ ਰੱਖਕੇ ਤੇ ਬਾਅਦ ਵਿੱਚ ਇੱਕ ਵੱਡੀ ਪ੍ਰਤਿਸ਼ਠਾ ਵਾਲੇ ਸੇਂਟ-ਜੇਵੀਅਰ ਸਕੂਲ ਕਲਕੱਤਾ ਵਿੱਚ ਕੀਤੀ। ਟੈਗੋਰ ਨੇ ਲੰਡਨ ਕਾਲਜ ਦੇ ਵਿਸ਼ਵ ਵਿਦਿਆਲਾ ਵਿੱਚ ਕਾਨੂੰਨ ਦਾ ਅਧਿਐਨ ਕੀਤਾ। ਸੰਨ 1883 ਈਸਵੀਂ ਵਿੱਚ ਉਨ੍ਹਾਂ ਦਾ ਵਿਆਹ ਸ਼੍ਰੀਮਤੀ ਮ੍ਰਿਣਾਲਿਨੀ ਦੇਵੀ ਨਾਲ ਹੋਇਆ।
ਡਾ. ਰਵਿੰਦਰ ਨਾਥ ਟੈਗੋਰ ਦੇ ਪਿਤਾ ਦਵਿੰਦਰ ਨਾਥ ਠਾਕੁਰ ਸਾਹਿਤਕ ਰੁਚੀਆ ਦੇ ਮਾਲਕ ਸਨ। ਇਸ ਕਰਕੇ ਟੈਗੋਰ ਸਾਹਿਬ ਜੀ ਨੂੰ ਸਾਹਿਤ ਦੀ ਗੁੜ੍ਹਤੀ ਵਿਰਸੇ ਵਿੱਚ ਹੀ ਮਿਲੀ। ਟੈਗੋਰ ਦਾ ਜਨਮ ਅਮੀਰ ਘਰਾਣੇ 'ਚ ਹੋਣ ਕਾਰਨ ਉਹ ਖੁੱਲ੍ਹੇ ਤੇ ਸਾਹਿਤਕ ਵਾਤਾਵਰਣ ਵਿੱਚ ਪਲੇ। ਉਹ ਖੁੱਲ੍ਹੇ ਵਿਚਾਰਾਂ ਦੇ ਮਾਲਕ ਸਨ ਤੇ ਘਰ 'ਚ ਹਮੇਸ਼ਾ ਪ੍ਰਾਰਥਨਾ ਤੇ ਭੰਜਨ-ਬੰਦਗੀ ਹੋਣ ਕਰਕੇ ਉਨ੍ਹਾਂ ਤੇ ਧਾਰਮਿਕ ਭਾਵਨਾਵਾਂ ਦਾ ਅਸਰ ਵੀ ਸੀ।
ਡਾ. ਟੈਗੋਰ ਛੋਟਾ ਹੁੰਦਾ ਹੀ ਹੁਸ਼ਿਆਰ, ਤੇਜ ਬੁੱਧੀ ਦਾ ਮਾਲਕ ਸੀ। ਪਹਿਲੀ ਕਵਿਤਾ ਉਨ੍ਹਾਂ ਅੱਠ ਸਾਲ ਦੀ ਉਮਰ 'ਚ ਲਿਖੀ, ਜਿਸ ਦੀ ਖੂਬ ਪ੍ਰਸੰਸਾ ਹੋਈ। 16 ਸਾਲ ਦੀ ਉਮਰ 'ਚ ਉਨ੍ਹਾਂ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਸਮੇਂ ਸਾਰੇ ਵਿਸ਼ਵ ਵਿੱਚ ਪੜ੍ਹੀਆਂ ਜਾਂਦੀਆਂ ਸਨ। ਉਨ੍ਹਾਂ ਦੀ ਵੱਖਰੀ ਅਤੇ ਨਵੀਂ ਸੋਚਣੀ ਕਾਰਨ ਹੀ ਪ੍ਰਸਿੱਧੀ ਹੋਈ। 'ਬੰਗਾ ਦਰਸ਼ਨ', 'ਭਾਰਤੀ ਅਤੇ ਸਾਧਨਾ' ਮੈਗਜ਼ੀਨਾਂ ਦੀ ਸੰਪਾਦਨਾ ਵੀ ਕੀਤੀ।
1913 ਈ: ਵਿੱਚ ਉਨ੍ਹਾਂ ਦੇ ਸੰਸਾਰ ਪ੍ਰਸਿੱਧ ਕਾਵਿ-ਸੰਗ੍ਰਹਿ 'ਗੀਤਾਂਜਲੀ' ਨੂੰ ਨੋਬਲ ਪੁਰਸਕਾਰ ਮਿਲਿਆ, ਨੋਬਲ ਪੁਰਸਕਾਰ ਮਿਲਣ ਨਾਲ ਟੈਗੋਰ ਸਾਹਿਬ ਜੀ ਦੀ ਪ੍ਰਸਿੱਧੀ ਸਾਰੇ ਸੰਸਾਰ ਵਿੱਚ ਫੈਲ ਗਈ। ਟੈਗੋਰ ਨੋਬਲ ਇਨਾਮ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸਨ। 1914 ਵਿੱਚ ਉਨ੍ਹਾਂ ਨੂੰ 'ਸਰ' ਦਾ ਖਿਤਾਬ ਦਿੱਤਾ ਗਿਆ ਜੋ ਉਨ੍ਹਾਂ ਨੇ 1919 ਵਿੱਚ ਜੱਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਤੋਂ ਦੁੱਖੀ ਹੋ ਕੇ ਉਨ੍ਹਾਂ ਨੇ 'ਸਰ' ਦਾ ਖਿਤਾਬ ਵਾਪਿਸ ਕਰ ਦਿੱਤਾ ।
ਡਾ. ਟੈਗੋਰ ਰਾਸਟਰੀ ਗੀਤ 'ਜਨ ਗਣ ਮਨ ਅਧਿਨਾਇਕ' ਅਤੇ ਬੰਗਲਾ ਦੇਸ਼ ਦਾ ਰਾਸ਼ਟਰੀ ਗੀਤ 'ਅਮਰ ਸੋਨਾਰ' ਦੇ ਰਚਨਹਾਰੇ ਹਨ। ਉਨ੍ਹਾਂ ਦੀ ਜਗਤ ਪ੍ਰਸਿੱਧੀ ਕਹਾਣੀ 'ਕਾਬੁਲੀਵਾਲਾ 'ਤੇ ਫਿਲਮ ਵੀ ਬਣੀ ਅਤੇ ਉਨ੍ਹਾਂ ਦੇ 'ਗੋਰਾ', 'ਸੰਯੋਗ', 'ਅੱਖ ਦੀ ਰੜਕ', (ਨਾਵਲ) ਨਿਬੰਧ ਮਾਲ (ਦੋ-ਭਾਗ) ਅਤੇ 'ਡਾਕਘਰ', 'ਟੈਗੋਰ' (ਨਾਟਕ), 'ਨਵਾਂ ਚੰਨ', 'ਭੁੱਖੇ ਪੱਥਰ' 'ਟੈਗੋਰ ਦਾ ਬਾਲ ਸਾਹਿਤ', 'ਇੱਕੀ ਕਹਾਣੀਆਂ' ਅਤੇ 'ਨੋਕ ਡੁੱਬੀ' ਸੰਸਾਰ ਭਰ ਵਿੱਚ ਪ੍ਰਸਿੱਧ ਹੋਏ।
ਡਾ. ਟੈਗੋਰ ਦੀ ਪੁਸਤਕਾਂ ਦੀ ਸੂਚੀ ਕਾਫੀ ਲੰਬੀ ਹੈ ਉਨ੍ਹਾਂ ਨੇ 40 ਨਾਟਕ, 35 ਕਾਵਿ-ਸੰਗ੍ਰਹਿ, 50 ਲੇਖ ਸੰਗ੍ਰਹਿ, 11 ਕਹਾਣੀ ਸੰਗ੍ਰਹਿ ਨਾਵਲ ਅਤੇ 3000 ਦੇ ਲੱਗ ਭੱਗ ਗੀਤਾਂ ਦੀ ਸਿਰਜਣਾ ਕੀਤੀ। ਬੰਗਾਲੀ ਸਾਹਿਤ ਵਿੱਚ ਉਨ੍ਹਾਂ ਨੇ ਹਰੇਕ ਵਿਧਾ ਤੇ ਕਲਮ ਅਜਮਾਈ ਕੀਤੀ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸੰਸਾਰ ਦੀਆਂ ਅਨੇਕਾਂ ਭਾਸਾਵਾਂ ਵਿੱਚ ਅਨੁਵਾਦ ਵੀ ਕੀਤੀਆਂ ਜਾ ਚੁੱਕੀਆਂ ਹਨ।
ਡਾ. ਰਵਿੰਦਰ ਨਾਥ ਟੈਗੋਰ ਨੇ ਚਿੱਤਰਕਲਾ ਵਿੱਚ ਬੇਸ਼ੁਮਾਰ ਚਿੱਤਰ ਬਣਾਏ ਅਤੇ ਉੱਚਾ ਸਥਾਨ ਪ੍ਰਾਪਤ ਕੀਤਾ। ਸੰਗੀਤ ਦੇ ਖੇਤਰ ਵਿੱਚ ਬਣਾਈਆਂ ਉਨ੍ਹਾਂ ਦੀਆਂ ਧੁਨਾਂ 'ਰਵੀਦ੍ਰ ਸੰਗੀਤ' ਵਜੋਂ ਪ੍ਰਸਿੱਧ ਹਨ। ਟੈਗੋਰ ਜੀ ਦਾ ਵਿਚਾਰ ਸੀ ਕਿ ਮਾਂ ਬੋਲੀ ਵਿੱਚ ਸਿੱਖਿਆ ਦਿੱਤੀ ਪ੍ਰਭਾਵਸ਼ਾਲੀ ਹੁੰਦੀ ਹੈ। ਉਨ੍ਹਾਂ ਨੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ, ਫਿਲਮ ਐਕਟਰ ਬਲਰਾਜ ਸਾਹਨੀ ਅਤੇ ਦਵਿੰਦਰ ਸਤਿਆਰਥੀ ਨੂੰ ਆਪਣੀ ਮਾਂ ਬੋਲੀ ਵਿੱਚ ਰਚਨਾਵਾਂ ਲਿਖਣ ਲਈ ਪ੍ਰੇਰਿਆ।
1901 ਈ. ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 'ਚ ਇਸਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰੂਪ 'ਚ ਸਥਾਪਤ ਕਰ ਦਿੱਤਾ ਗਿਆ। ਸੰਨ 1961 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸ਼ਾਂਤੀ ਨਿਕੇਤਨ ਵਿਖੇ 'ਰਵਿੰਦਰ ਮਿਊਜਿਅਮ' ਦਾ ਉਦਘਾਟਨ ਕੀਤਾ। ਇਸ ਵਿੱਚ ਟੈਗੋਰ ਜੀ ਦੇ ਹੱਥ ਲਿਖਤ ਖਰੜੇ, ਚਿੱਠੀਆਂ, ਚਿੱਤਰ ਅਤੇ ਉਨ੍ਹਾਂ ਨੂੰ ਮਿਲੇ ਸਨਮਾਨ ਸ਼ਾਮਿਲ ਹਨ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਹਨ।
ਟੈਗੋਰ ਗਾਂਧੀ ਜੀ ਨੂੰ 'ਮਹਾਤਮਾ' ਆਖਦੇ ਹੁੰਦੇ ਸਨ ਤੇ ਗਾਂਧੀ ਜੀ ਟੈਗੋਰ ਨੂੰ 'ਗੁਰੂਦੇਵ' ਆਖਦੇ ਸਨ। ਉਨ੍ਹਾਂ ਵਿੱਚ ਵਿਚਾਰਕ ਮੱਤਭੇਦ ਵੀ ਸਨ ਪਰ ਟੈਗੋਰ ਨੇ ਸਰਗਰਮ ਰਾਜਨੀਤੀ ਵਿੱਚ ਹਿੱਸਾ ਨਹੀਂ ਲਿਆ।
ਡਾ. ਰਵਿੰਦਰ ਨਾਥ ਟੈਗੋਰ ਆਪਣੇ ਆਖਰੀ ਚਾਰ ਸਾਲ ਬਹੁਤ ਬਿਮਾਰ ਰਹੇ ਸਨ ਅਤੇ ਸੰਨ 1937 ਵਿੱਚ ਯਾਦਦਸਤ ਵੀ ਖੋਹ ਗਈ ਸੀ। ਉਹ 7 ਅਗਸਤ 1941 ਨੂੰ 80 ਸਾਲ ਦੀ ਉਮਰ ਵਿੱਚ ਸਵਰਗ ਸੁਧਾਰ ਗਏ। ਉਨ੍ਹਾਂ ਦਾ ਨਾਂ ਸਿੱਖਿਆ ਖੇਤਰ ਵਿੱਚ, ਸੰਗੀਤ ਖੇਤਰ ਵਿੱਚ ਅਤੇ ਸਾਹਿਤਕ ਖੇਤਰ ਵਿੱਚ ਸਦਾ ਅਮਰ ਰਹੇਗਾ। ਭਾਰਤ ਦਾ ਨਾਂ ਸੰਸਾਰ ਭਰ ਵਿੱਚ ਚਮਕਾਉਣ ਵਾਲੇ ਡਾ. ਰਵਿੰਦਰ ਨਾਥ ਟੈਗੋਰ ਤੇ ਭਾਰਤ ਵਾਸੀ ਸਦਾ ਮਾਣ ਕਰਦੇ ਰਹਿਣਗੇ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682