ਕੁਦਰਤ ਵੱਲੋਂ ਵਰਸੋਏ ਲੇਖਕ ਦੀ ਲਿਖਤ ਮਹਾਨ ਹੁੰਦੀ ਹੈ ਜੋ ਸਦੀਵੀ ਰਹਿੰਦੀ ਹੈ। ਪਰ ਆਪੇ ਬਣੇ ਅੱਧ ਵਿੱਚ ਹੀ ਬੇੜੀ ਡੋਬ ਬੈਠਦੇ ਹਨ। ਕਲਾ ਕੁਦਰਤੀ ਚੀਜ਼ ਹੈ ਜੋ ਟਾਵੇਂ-ਟਾਵੇਂ ਮਨੁੱਖ ਦੇ ਹਿੱਸੇ ਆਉਂਦੀ ਹੈ, ਜਣੇ-ਖਣੇ ਦੇ ਨਹੀਂ। ਇਹ ਇੱਕ ਕੁਦਰਤੀ ਦਾਤ ਹੈ। ਇਕੋ ਪਾਸੇ ਲਿਖਣ ਵਾਲੇ ਦਾ ਜ਼ਰੂਰ ਇੱਕ ਦਿਨ ਮੁੱਲ ਪੈਂਦਾ ਹੈ। ਪਰ ਬਹੁ ਪੱਖੀ ਕਈ ਵਾਰ ਧੋਖਾ ਵੀ ਖਾ ਜਾਂਦੇ ਹਨ। ਉਹ ਨਾ ਓਧਰ ਦੇ ਨਾ ਏਧਰ ਦੇ ਰਹਿੰਦੇ ਹਨ, ਵਿਚਕਾਰ ਹੀ ਲਟਕੀ ਜਾਂਦੇ ਹਨ। ਅੱਜ ਮੈਂ ਉਸ ਸਖ਼ਸ ਦੀ ਗੱਲ ਕਰਨ ਲੱਗਿਆ ਹਾਂ ਜਿੰਨ੍ਹਾਂ ਨੇ ਨਿਰੋਲ ਆਤਮਾ ਤੇ ਕਲਮ ਚਲਾਈ, ਘਰ-ਬਾਰ ਛੱਡ ਸੰਨਿਆਸ ਲਿਆ ਤੇ ਮੁੜ ਭਾਈ ਵੀਰ ਸਿੰਘ ਜੀ ਦੀ ਮੁਲਾਕਾਤ ਨਾਲ ਸਿੱਖੀ ਕਬੂਲ ਕੀਤੀ ਉਹ ਹਨ ਪ੍ਰੋਫੈਸਰ ਪੂਰਨ ਸਿੰਘ ।ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਮਾਤਾ ਪਰਮਾ ਦੇਵੀ ਦੀ ਕੁੱਖੋਂ, ਪਿਤਾ ਕਰਤਾਰ ਸਿੰਘ ਦੇ ਘਰ, ਐਬਟਾਬਾਦ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਨੇ 1889 ਵਿੱਚ ਰਾਬਲ ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ 1899 ਵਿੱਚ ਡੀ.ਏ.ਵੀ. ਕਾਲਜ ਲਾਹੌਰ ਤੋਂ ਇੰਟਰਮੀਡੀਏ ਪਾਸ ਕਰੀ ਅਤੇ 28 ਸਤੰਬਰ 1900 ਨੂੰ ਟੋਕੀਓ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਦੀ ਨੌਕਰੀ ਕਰਨ ਲੱਗ ਪਏੇ।
ਪ੍ਰੋਫੈਸਰ ਸਾਹਿਬ ਜੀ ਜਰਮਨ ਤੇ ਜਪਾਨੀ ਭਾਸ਼ਾਵਾਂ ਸਿੱਖ ਕੇ ਅੰਗਰੇਜ਼ਾਂ ਖਿਲਾਫ ਭਾਸ਼ਨ ਦਿੰਦੇ ਰਹੇ। 'ਬੰਡਰਿੰਗ ਡਾਨ' ਅੰਗਰੇਜ਼ੀ ਪੱਤ੍ਰਿਕਾ ਪ੍ਰਕਾਸ਼ਿਤ ਕਰਨੀ ਸ਼ੁਰੂ ਕਰਕੇ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ। ਫੇਰ ਜਪਾਨ ਵਿੱਚ ਸਵਾਮੀ ਤੀਰਥ ਦੇ ਪ੍ਰਭਾਵ ਹੇਠ ਸੰਨਿਆਸ ਲੈ ਲਿਆ ਤੇ ਘਰ ਬਾਰ ਤਿਆਗ ਦਿੱਤਾ ਏਥੋਂ ਤੱਕ ਕਿ ਆਪਣੀ ਬਿਮਾਰ ਭੈਣ ਦਾ ਪਤਾ ਲੈਣ ਲਈ ਵੀ ਬੜੀ ਮੁਸ਼ਕਲ ਨਾਲ ਬੁਲਾਇਆ ਗਿਆ।
ਸੰਨ 1912 'ਚ ਭਾਈ ਵੀਰ ਸਿੰਘ ਜੀ ਦੀ ਮੁਲਾਕਾਤ ਨੇ ਮੁੜ ਸਿੱਖੀ ਕਬੂਲ ਕਰਵਾਈ ਤੇ ਫਿਰ ਵਿਗਿਆਨ ਤੇ ਸਾਹਿਤ ਦੋਵਾਂ ਖੇਤਰਾਂ 'ਚ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਪੁਸਤਕਾਂ 'ਦਾ ਸਿਸਟਰਜ ਆਪ ਸਪਿਨਿੰਗ ਵ੍ਹੀਹ', 'ਆਸਟੰਗ ਬੀਡਜ', 'ਦਾ ਸਪਰਿੰਗ ਆਫ ਉਰੀਐਟਲ ਪੋਇਟਰੀ' ਅੰਗਰੇਜ਼ੀ ਵਿੱਚ, 'ਖੁੱਲ੍ਹੇ ਰੰਗ ਅਸਮਾਨੀ', 'ਖੁੱਲ੍ਹੇ ਮੈਦਾਨ', 'ਖੁੱਲ੍ਹੇ ਘੁੰਡ', 'ਖੁੱਲ੍ਹੇ ਲੇਖ', 'ਤ੍ਰਿੰਝਣ ਦੀਆਂ ਸਖੀਆਂ' ਪੰਜਾਬੀ ਵਿੱਚ, 'ਜੈ ਦੇਵ ਦੀ ਰਚਨਾਂ', 'ਗੀਤ ਗੋਬਿੰਦ ਦਾ ਕਾਵ' (ਅਨੁਵਾਦ) ਅਤੇ 'ਬੰਡਰਿੰਗ ਡਾਨ' ਪੱਤ੍ਰਿਕਾ ਵੀ ਕੱਢਦੇ ਰਹੇ।
ਪ੍ਰੋਫੈਸਰ ਸਾਹਿਬ ਜੀ ਨੇ ਈਸਰ ਦਾਸ, ਰਾਇ ਬਹਾਦਰ ਤੇ ਸ਼ਿਵ ਨਾਥ ਦੇ ਸਹਿਯੋਗ ਨਾਲ ਲਾਹੌਰ ਵਿਖੇ ਥਾਈਮੇਲ ਫੈਨਲ ਅਤੇ ਲੈਮਨ ਤੇਲ ਪੈਦਾ ਕਰਨ ਦਾ ਕੰਮ ਚਲਾਇਆ ਪਰ ਹਿੱਸੇਦਾਰ ਦੀ ਬੇਈਮਾਨੀ ਕਾਰਨ ਕੰਮ ਬੰਦ ਕਰਨਾ ਪਿਆ। ਫਿਰ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਲਾਹੌਰ ਦੇ ਪਿੰ੍ਰਸੀਪਲ ਬਣੇ ਪਰ ਜਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਲਾਲਾ ਹਰਦਿਆਲ ਸਿੰਘ ਨਾਲ ਮੇਲ ਹੋਇਆ ਤਾਂ ਪਿੰ੍ਰਸੀਪਲ ਦਾ ਅਹੁਦਾ ਤਿਆਗ ਕੇ ਸਾਬਨ ਬਣਾਉਣ ਦਾ ਕਾਰਖਾਨਾ ਲਾ ਲਿਆ। ਦੇਹਰਾਦੂਨ ਵਿਖੇ ਬਤੌਰ ਕੈਮਿਸਟ ਵਜੋਂ ਨੌਕਰੀ ਕਰਨ ਲੱਗ ਪਏ ਅਤੇ ਸੰਨ 1918 ਵਿੱਚ ਸੇਵਾ ਮੁਕਤੀ ਪਾਈ।
ਪ੍ਰੋਫੈਸਰ ਸਾਹਿਬ ਜੀ ਨੇ ਕੁਝ ਸਮਾਂ ਪਟਿਆਲੇ ਅਤੇ ਗਵਾਲੀਅਰ ਦੀਆਂ ਰਿਆਸਤਾਂ 'ਚ ਵੀ ਨੌਕਰੀ ਕੀਤੀ ਅਤੇ ਉਨ੍ਹਾਂ ਨੂੰ 1930 ਵਿੱਚ ਤਪਦਿਕ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਥੋੜੇ ਹੀ ਸਮੇਂ 'ਚ ਉਨ੍ਹਾਂ ਦੀ ਸਰੀਰਕ ਹਾਲਤ ਬਹੁਤ ਪਤਲੀ ਪੈ ਗਈ, ਸਰੀਰ ਬਹੁਤ ਕਮਜੋਰ ਹੋ ਗਿਆ, ਤੁਰਨਾ ਫਿਰਨਾ ਤਾਂ ਕੀ ਬਸ ਮੰਜੇ 'ਤੇ ਹੀ ਬੈਠ ਗਏ।
ਅਖੀਰ 31 ਮਾਰਚ 1931 ਨੂੰ ਦੇਹਰਾਦੂਨ ਵਿਖੇ, ਪ੍ਰਲੋਕ ਸਿਧਾਰ ਗਏ। ਭਾਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਜਿਸਮਾਨੀ ਤੌਰ ਤੇ ਸਾਡੇ ਕੋਲੋਂ ਵਿਛੜ ਗਏ ਪਰ ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੀ ਯਾਦ ਨੂੰ ਸਦਾ ਤਰੋ ਤਾਜਾ ਰੱਖਣਗੀਆਂ। ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਨਾਂ ਸਹਿਤ ਜਗਤ ਵਿੱਚ ਬੜੇ ਆਦਰ ਸਾਹਿਤ ਲਿਆ ਜਾਇਆ ਕਰੇਗਾ। ਉਹ ਵਿਗਿਆਨ ਤੇ ਸਾਹਿਤ ਦਾ ਸੁਮੇਲ ਸੀ, ਦੋਵਾਂ ਖੇਤਰਾਂ ਵਿੱਚ ਉਨ੍ਹਾਂ ਨੇ ਪੂਰਾ ਯੋਗਦਾਨ ਪਾਇਆ। ਉਹ ਵਿਸ਼ਾਲ ਤਜ਼ਰਬੇ ਦੇ ਮਾਲਕ ਸਨ।
ਪ੍ਰੋਫੈਸਰ ਸਾਹਿਬ ਜੀ ਨਿਰੋਲ ਆਤਮਾ ਦੇ ਕਵੀ ਸਨ। ਪੰਜਾਬ ਦੀ ਧਰਤੀ ਦਾ ਤੇ ਪੰਜਾਬੀ ਸੱਭਿਆਚਾਰ ਦਾ ਪਿਆਰ ਉਨ੍ਹਾਂ ਦੇ ਦਿਲ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਮਾਂ ਬੋਲੀ ਦੀ ਝੋਲੀ ਪਾਇਆ, ਉਨ੍ਹਾਂ ਦਾ ਅਨਮੁੱਲਾ ਸਾਹਿਤ ਸਦਾ ਮਹਿਕਾ ਖਿਲਾਰ ਦਾ ਰਹੇਗਾ। ਉਹ ਅਮਰ ਹੈ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682