ਕਨੋਕੇ ਬੈਲਜ਼ੀਅਮ ਦੇ ਚੋਟੀ ਦੇ ਤਿੰਨ ਖਿਡਾਰੀਆਂ 'ਚ ਚੁਣੇ ਗਏ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਵੈਸਟ ਫਲਾਂਨਦਰਨ ਸੂਬੇ ਦੇ ਸਮੁੰਦਰ ਕੰਡੇ ਵਸੇ ਖੂਬਸੂਰਤ ਸ਼ਹਿਰ ਕਨੋਕੇ ਵੱਲੋਂ ਸਾਲ 2013 ਦਾ ਵਧੀਆ ਖਿਡਾਰੀ ਚੁਣਨ ਵਾਲੀ ਸਪੋਰਟਸ ਕਮੇਟੀ ਨੇ ਚੋਟੀ ਦੇ ਆਖਰੀ ਤਿੰਨ ਖਿਡਾਰੀਆਂ ਵਿੱਚ ਪੰਜਾਬੀ ਨੌਜਵਾਨ ਸ੍ਰੀ ਤੀਰਥ ਰਾਮ ਨੂੰ ਚੁਣਿਆ ਹੈ । ਕਨੋਕੇ ਸ਼ਹਿਰ ਦੇ ਪ੍ਰਸਾਸ਼ਨ ਵੱਲੋਂ ਕੀਤੀ ਜਾਂਦੀ ਇਸ ਸਲਾਨਾਂ ਚੋਣ ਲਈ ਸਾਲ 2013 ਦੇ ਚੋਟੀ ਦੇ ਮਰਦ ਖਿਡਾਰੀਆਂ ਵਿੱਚੋਂ ਆਖਰੀ ਤਿੰਨ ਪੀਤ ਦਿਵਾਊ, ਸ੍ਰੀ ਤੀਰਥ ਰਾਮ ਅਤੇ ਜੇਲੇ ਫਨਦੇਰੇ ਦੇ ਨਾਂਮ ਚੁਣੇ ਗਏ ਹਨ ।
ਕੱਲ ਕਨੋਕੇ ਸ਼ਹਿਰ ਦੇ ਬੈਸਟ ਸਪੋਰਟਸ਼ ਮੈਨ ਦੀ ਹੋਈ ਚੋਣ ਲਈ ਨਾਮਜਦ ਕੀਤੇ ਸ੍ਰੀ ਤੀਰਥ ਰਾਮ ਨੇ ਪਿਛਲੇ ਸਾਲ ਪਾਵਰ ਵੇਟਲਿਫਟਿੰਂਗ ਵਿੱਚ 3 ਰਾਸਟਰੀ ਅਤੇ ਇੱਕ ਅੰਤਰਰਾਸਟਰੀ ਮੁਕਾਬਲਿਆਂ ਵਿੱਚ 4 ਸੋਨ ਤਗਮੇਂ ਹਾਸਲ ਕਰਕੇ ਗੋਰਿਆਂ ਦੀ ਧਰਤੀ ਉਪਰ ਅਪਣੀ ਕਾਬਲੀਅਤ ਦਾ ਝੰਡਾਂ ਗੱਡਿਆ ਹੈ ।
ਇਥੇ ਵਰਨਣਯੋਗ ਹੈ ਕਿ ਕਨੋਕੇ ਸ਼ਹਿਰ ਦੇ ਪੂਰੇ 50 ਸਪੋਰਟਸ ਕਲੱਬਾਂ ਦੇ ਸੈਕੜੇ ਖਿਡਾਰੀਆਂ ਨੂੰ ਅਪਣੀ ਸਰੀਰਕ ਸਕਤੀ ਨਾਲ ਪਛਾੜਦੇ ਹੋਏ ਲੁਧਿਆਣੇ ਦੇ ਜੰਮਪਲ ਤੀਰਥ ਨੇ ਇਹ ਮੁਕਾਮ ਹਾਸਲ ਕੀਤਾ ਹੈ ਜੋ ਪੰਜਾਬੀ ਹੀ ਨਹੀ ਪੂਰੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ । ਸਥਾਨਕ ਕਸੀਨੋ ਵਿੱਚ ਆਯੋਜਤ ਇਸ ਸਮਾਗਮ ਸਮਂੇ ਸਕਰੀਨ ਉੱਪਰ ਦਿਖਾਏ ਗਏ ਵੀਡੀਉ ਕਲਿਪਾਂ ਸਮੇਂ ਤੀਰਥ ਦੀ ਸਰੀਰਕ ਸਕਤੀ ਦੇਖ ਗੋਰੇ ਦੰਗ ਰਹਿ ਗਏ ।
ਸ੍ਰੀ ਤੀਰਥ ਰਾਮ ਨੂੰ ਵਧਾਈ ਦੇਣ ਲਈ ਉੱਘੇ ਬਿਜਨੈਸਮੈਨ ਤਰਸੇਮ ਸਿੰਘ ਸ਼ੇਰਗਿੱਲ, ਬਜੁਰਗ ਕਾਂਗਰਸੀ ਆਗੂ ਸੱਜਣ ਸਿੰਘ ਵਿਰਦੀ, ਬਲਦੇਵ ਸਿੰਘ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ: ਹਰਚਰਨ ਸਿੰਘ ਢਿੱਲ੍ਹੋਂ ਹੋਰਾਂ ਨੇ ਵਿਸੇਸ਼ ਤੌਰ Ḕਤੇ ਇਸ ਸਮਾਗਮ ਵਿੱਚ ਸਿਰਕਤ ਕੀਤੀ । ਉਪਰੋਕਤ ਆਗੂਆਂ ਨੇ ਤੀਰਥ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਨੇ ਬੈਲਜ਼ੀਅਮ ਵਿੱਚ ਇਸ ਇਨਾਮ ਦਾ ਦਾਅਵੇਦਾਰ ਬਣ ਕੇ ਭਾਈਚਾਰੇ ਦਾ ਨਾਂਅ ਰੌਸਨ ਕੀਤਾ ਹੈ ।