ਬਰੱਸਲਜ਼ ਮੁਜਾਹਰੇ ਨੂੰ ਸਫਲ ਬਣਾਉਣ ਲਈ ਪਰਿਵਾਰਾਂ ਸਮੇਤ ਸਾਮਲ ਹੋਵੋ: ਗੁਰਦਵਾਰਾ ਕਮੇਟੀ ਵਿਲਵੋਰਦੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )  14 ਜੂਨ ਨੂੰ ਯੂਰਪੀਨ ਪਾਰਲੀਮੈਂਟ ਬਰੱਸਲਜ਼ ਅੱਗੇ ਹੋ ਰਹੇ ਰੋਸ ਮੁਜਾਹਰੇ ਨੂੰ ਸਫਲ ਬਣਾਉਣ ਲਈ ਬੈਲਜ਼ੀਅਮ ਸਮੇਤ ਪੂਰੇ ਯੂਰਪ ਭਰ ਵਿੱਚ ਵਸਦੇ ਸਿੱਖਾਂ ਨੂੰ ਪਰਿਵਾਰ ਸਮੇਤ ਸਾਮਲ ਹੋਣਾਂ ਚਾਹੀਦਾਂ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਜੂਨ 1984 ਦੇ ਸਿੱਖ ਕਤਲੇਆਂਮ ਦੇ 30 ਸਾਲ ਬੀਤ ਜਾਣ ਬਾਅਦ ਵੀ ਰਿਸਦੇ ਜਖ਼ਮਾਂ ਦੀ ਪੀੜ ਨੂੰ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਅਖਵਾਉਦੀ ਯੂਰਪੀਨ ਪਾਰਲੀਮੈਂਟ ਅੱਗੇ ਰੱਖਣ ਲਈ ਹਰੇਕ ਸਿੱਖ ਨੂੰ ਜਰੂਰ ਪਹੁੰਚਣਾਂ ਚਾਹੀਦਾਂ ਹੈ ।
ਸੁੱਕਰਵਾਰ 13 ਜੂਨ ਨੂੰ ਇੱਕ ਵਫਦ ਵੱਲੋਂ ਯੂਰਪੀਨ ਯੁਨੀਅਨ ਦੇ ਵਿਦੇਸ਼ ਮਾਮਲਿਆਂ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਜਾਵੇਗਾ ਜਿਸ ਵਿੱਚ ਦੱਸਿਆ ਜਾਵੇਗਾ ਕਿ ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਸਿਫਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦਵਾਰਿਆਂ ਵਿੱਚ ਭਾਰਤੀ ਸੈਨਿਕਾਂ ਵੱਲੋਂ ਕਿਸ ਤਰਾਂ ਨਾਲ ਜੁਲਮ ਢਾਹੇ ਗਏ ।
ਗੁਰੂਘਰ ਦੇ ਪ੍ਰਧਾਨ ਸ: ਜਰਨੈਲ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਅਣਮਨੁੱਖੀ ਕਤਲੇਆਮ ਜਿਸਨੂੰ ਸਿੱਖ ਕੌਂਮ 84 ਦੇ ਘੱਲੂਘਾਰੇ ਵੱਜੋਂ ਅਪਣੇ ਸੀਨਿਆਂ ਵਿੱਚ ਸਮੋਈ ਬੈਠੀ ਹੈ ਦੇ ਇਨਸਾਫ ਲਈ ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਹ ਰੋਸ ਮੁਜਾਹਰਾ ਸਿੱਖਜ਼ ਫਾਰ ਫਰੀਡਮ ਯੂਰਪ ਦੇ ਬੈਨਰ ਹੇਠ ਵੱਡੇ ਪੱਧਰ ਤੇ ਕੀਤਾ ਜਾਵੇਗਾ ਜਿਸ ਲਈ ਹਰ ਇਨਸਾਫ ਪਸੰਦ ਸ਼ਹਿਰੀ ਨੂੰ ਸਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਦਾਂ ਹੈ ।