ਪ੍ਰੀਤੀ ਕੌਰ ਵੱਲੋਂ ਵੋਟਰਾਂ ਅਤੇ ਹਿਮਾਇਤੀਆਂ ਦਾ ਧੰਨਵਾਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਲਿੰਮਬੁਰਗ ਸੂਬੇ 'ਤੋ ਐਸ ਪੀ ਏ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਦੀ ਚੋਣ ਲੜ ਕੇ 46 ਸੌ 'ਤੋ ਵੱਧ ਵੋਟਾਂ ਹਾਸਲ ਕਰਨ ਵਾਲੀ ਪੰਜਾਬੀ ਉਮੀਦਵਾਰ ਬੀਬੀ ਪ੍ਰੀਤੀ ਕੌਰ ਨੇ ਅਪਣੇ ਹਿਮਾਇਤੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ । ਪ੍ਰੀਤੀ ਨੇ ਜਿਥੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉਥੇ ਅਗਾਂਹਵਧੂ ਸੋਚ ਵਾਲੇ ਉਹਨਾਂ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ ਹੈ ਜੋ ਬਗੈਰ ਕਿਸੇ ਰਿਸਤੇ-ਨਾਤੇ ਦੇ ਵੀ ਦੂਜੇ ਸ਼ਹਿਰਾਂ ਵਿੱਚੋਂ ਆ ਕੇ ਉਸ ਲਈ ਇਸ ਕਰਕੇ ਪ੍ਰਚਾਰ ਕਰਦੇ ਰਹੇ ਕਿ ਪ੍ਰੀਤੀ ਇੱਕ ਪੰਜਾਬਣ ਲੜਕੀ ਹੈ । ਪ੍ਰੀਤੀ ਨੇ ਬੈਲਜ਼ੀਅਮ ਪ੍ਰੈਸ ਦੇ ਨਾਲ-ਨਾਲ ਪੰਜਾਬੀ ਪੱਤਰਕਾਰਾਂ ਅਮਰਜੀਤ ਸਿੰਘ ਭੋਗਲ, ਹਰਚਰਨ ਸਿੰਘ ਢਿੱਲ੍ਹੋਂ ਅਤੇ ਹਰਜੀਤ ਸਿੰਘ ਨੰਦੜਾ ਦਾ ਵੀ ਸਾਥ ਦੇਣ ਲਈ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਰੂੜੀਵਾਦ 'ਤੋ ਉਪਰ ਉੱਠ ਇੱਕ ਲੜਕੀ ਲਈ ਲਿਖਣ ਦੀ ਹਿੰਮਤ ਕੀਤੀ । ਪ੍ਰੀਤੀ ਦਾ ਕਹਿਣਾਂ ਹੈ ਕਿ ਮੈਂਨੂੰ ਮਿਲੀਆਂ ਇਹਨਾਂ ਵੋਟਾਂ ਦਾ ਸਿਹਰਾ ਵੀ ਮੇਰੇ ਇਹਨਾਂ ਹਿਮਾਇਤੀਆਂ ਸਿਰ ਜਾਦਾਂ ਹੈ ਜਿਨ੍ਹਾਂ ਨੇ ਮੇਰੀ ਮੱਦਦ ਕਰ ਕੇ ਮੇਰੇ ਪੰਜਾਬੀ ਹੋਣ ਦਾ ਮਾਣ ਰੱਖਿਆ ਹੈ । ਪ੍ਰੀਤੀ ਕਹਿਦੀ ਹੈ ਕਿ ਮੈਂ ਇਸੇ ਤਰਾਂ ਨਾਲ ਭਾਈਚਾਰੇ ਦੀ ਸੇਵਾ ਕਰਦੀ ਹੋਈ ਸਾਡੇ ਮਸਲਿਆਂ ਲਈ ਅਵਾਜ਼ ਉਠਾਉਦੀ ਰਹਾਂਗੀ ।
4643 ਵੋਟਾਂ ਲੈਣ ਵਾਲੀ ਪਹਿਲੀ ਪੰਜਾਬਣ ਬਣੀ ਪ੍ਰੀਤੀ ਕੌਰ:  ਸਮਰੱਥਕ
ਸਿੰਤਰੂਧਨ ਹਲਕੇ ਦੀ ਵਸਨੀਕ ਪ੍ਰੀਤੀ ਕੌਰ ਦੇ ਸਮਰੱਥਕਾਂ ਦਾ ਕਹਿਣਾਂ ਹੈ ਕਿ ਬੈਲਜ਼ੀਅਮ ਦੇ ਲਿੰਮਬੁਰਗ ਸੂਬੇ ਵਿੱਚ ਲੋਕ ਸਭਾ ਚੋਣ ਲੜ ਕੇ 4643 ਵੋਟਾਂ ਲੈਣ ਵਾਲੀ ਪਹਿਲੀ ਪੰਜਾਬਣ ਦਾ ਮਾਣ ਵੀ ਪ੍ਰੀਤੀ ਹਿੱਸੇ ਆਇਆ ਹੈ । ਲੜਕੀ ਹੋਣ ਦੇ ਨਾਲ-ਨਾਲ ਅਨੇਕਾਂ ਚਣੌਤੀਆਂ ਦਾ ਸਾਹਮਣਾਂ ਕਰਦਿਆਂ ਜਿਸ ਲਿਆਕਤ ਦੇ ਜੋਰ ਨਾਲ ਪ੍ਰੀਤੀ ਨੇ ਐਨੀਆਂ ਵੋਟਾਂ ਹਾਸਲ ਕੀਤੀਆਂ ਹਨ ਉਹ ਇਸ ਗੱਲ ਦੀਆਂ ਗਵਾਹ ਹਨ ਕਿ ਇਹ ਨੌਜਵਾਨ ਕੁੜੀ ਇੱਕ ਦਿਨ ਜਰੂਰ ਅਪਣੇ ਭਾਈਚਾਰੇ ਲਈ ਮਾਣ ਬਣੇਗੀ । ਪ੍ਰੀਤੀ ਕੌਰ ਦੇ ਹਿਮਾਇਤੀਆਂ ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ ਛੋਕਰ, ਜਗਦੀਸ਼ ਸਿੰਘ ਗਰੇਵਾਲ, ਤਰਸੇਮ ਸਿੰਘ ਸ਼ੇਰਗਿੱਲ, ਗੁਰਦਾਵਰ ਸਿੰਘ ਗਾਬਾ ਅਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਭੋਗਲ ਦਾ ਕਹਿਣਾ ਹੈ ਕਿ ਇਹ ਚੋਣਾਂ ਪ੍ਰੀਤੀ ਦੀ ਕਾਮਯਾਬੀ ਦੀ ਪੌੜੀ ਦਾ ਦੂਸਰਾ ਡੰਡਾਂ ਸਨ ਜਦਕਿ ਅੱਗੇ ਕੀਤੀ ਜਾਣ ਵਾਲੀ ਮਿਹਨਤ ਨਾਲ ਪ੍ਰੀਤੀ ਜਰੂਰ ਕਾਮਯਾਬੀ ਦੀ ਮੰਜਲ ਛੂਹੇਗੀ ।