“ ਅਨਮੋਲ ਹੀਰੇ “
ਜਦੋਂ ਮਨ ਵਿੱਚ ਤਮੰਨਾ ਹੋਵੇ ਕੁਝ ਬਣਨ ਦੀ, ਪਾਉਣ ਦੀ ਤਾਂ ਦ੍ਰਿੜ ਇਰਾਦੇ ਨਾਲ ਇਨਸ਼ਾਨ ਉਹ ਮੁਕਾਮ ਹਾਸਲ ਕਰ ਹੀ ਲੈਂਦਾ ਹੈ। ਭਾਵੇਂ ਕਿੰਨਾਂ ਵੀ ਉਸ ਨੂੰ ਜਫ਼ ਮਪ;ਰ ਜਾਲਣਾ ਕਿਉਂ ਨਾ ਪਵੇ, ਪਰ ਉਸ ਕੰਮ ਵੱਲ ਲਗਨ ਹੋਣੀ ਚਾਹੀਦੀ ਹੈ। ਦਿਨ ਪੈ ਕੇ ਮਿਹਨਤ ਆਪਣਾ ਰੰਗ ਲਿਆਉਂਦੀ ਹੈ। ਇੰਨ੍ਹਾਂ ਭੀੜ-ਭੜੱਕੇ ਵਿੱਚੋਂ ਨਿਕਲ ਅਨੇਕਾਂ ਇਨਸ਼ਾਨਾਂ ਨੇ ਪ੍ਰਸਿੱਧੀ ਖੱਟੀ ਹੈ ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਸਬੰਧਤ ਕਿਉਂ ਨਾ ਹੋਣ। ਇੰਨ੍ਹਾਂ ਉੱਚ ਕੋਟੀ ਦੇ ਹੀਰਿਆਂ ਵਿੱਚ ਇੱਕ ਨਾਂ ਆਉਂਦਾ ਹੈ, ਉਹ ਨਾਮ ਹੈ ਪ੍ਰਸਿੱਧ ਗਲਪਕਾਰ ਰਾਮ ਸਰੂਪ ਅਣਖੀ, ਜਿਸਨੇ ਆਪਣੀ ਕਲਮ ਦੀ ਨੋਕ ਤੇ ਸੰਸਾਰ 'ਚ ਪ੍ਰਸਿੱਧੀ ਖੱਟੀ।
ਨਾਵਲਕਾਰ ਰਾਮ ਸਰੂਪ ਅਣਖੀ ਦਾ 28 ਅਗਸਤ 1932 ਨੂੰ ਮਾਤਾ ਸ਼ੋਧਾ ਦੇਵੀ ਦੀ ਕੁੱਖੋਂ, ਪਿਤਾ ਇੰਦਰ ਰਾਮ ਦੇ ਘਰ, ਦਾਦੀ ਮਾਇਆਵਤੀ ਤੇ ਦਾਦਾ ਗੋਬਿੰਦ ਰਾਮ ਦੇ ਵਿਹੜੇ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦੇ ਪਿੰਡ ਧੌਲਾ ਵਿਖੇ ਹੋਇਆ। ਉਸਦੇ ਭਰਾ ਜਸਰੂਪ ਤੇ ਭੈਣ ਭਾਗਵੰਤੀ ਹੈ। ਰਾਮ ਸਰੂਪ ਅਖਣੀ ਦੇ ਮੰਗਣੇ ਤਾਂ ਕਈ ਹੋਏ ਪਰ ਉਸਦੀ ਪਹਿਲੀ ਸ਼ਾਦੀ ਸੋਮਾ ਨਾਲ ਤੇ ਫਿਰ ਦੂਜੀ ਭਾਗਵੰਤੀ ਉਸਦੇ ਘਰ ਦੀ ਮਲਕਾ ਬਣੀ। ਭਾਗਵੰਤੀ ਦੀ ਮੌਤ ਤੋਂ ਬਾਅਦ ਮਰਾਠੀ ਪਾਠਕ ਸੋਭਾ ਪਾਟਿਲ ਉਸਦੇ ਘਰ ਦੀ ਪਟਰਾਣੀ ਬਣੀ। ਉਨ੍ਹਾਂ ਦੇ ਕ੍ਰਾਂਤੀਪਾਲ ਤੇ ਸਨੇਹਪਾਲ ਦੋ ਪੁੱਤਰ ਹਨ ਅਤੇ ਆਰਤੀ, ਸੇਬਵੀ ਤੇ ਨੀਤੀ ਤਿੰਨ ਧੀਆਂ ਹਨ।
ਰਾਮ ਸਰੂਪ ਅਣਖੀ ਨੇ ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਕਲਮ ਚੁੱਕ ਲਈ ਸੀ ਤੇ ਆਪਣੇ ਜੀਵਨ ਦਾ ਲੰਬਾ ਸਮਾਂ ਮਤਲਬ ਜੀਵਨ ਦੀ ਆਖਰੀ ਪੜ੍ਹਾਅ ਤੱਕ ਕਲਮ ਦਾ ਸਾਥ ਨਿਭਾਇਆ। ਪਹਿਲੀਆਂ ਚਾਰ ਜਮਾਤਾਂ ਉਸਨੇ ਪਿੰਡ ਧੌਲਾ ਤੋਂ ਪੰਜਵੀਂ ਜਮਾਤ ਦਾ ਦਾਖਲਾ ਹੰਢਿਆਇਆ ਵਿਖੇ ਲਿਆ ਅਤੇ ਦਸਵੀਂ ਜਮਾਤ ਬਰਨਾਲੇ ਤੋਂ ਕੀਤੀ। ਫਿਰ ਮਹਿੰਦਰਾ ਕਾਲਜ ਪਟਿਆਲੇ ਪੜ੍ਹਿਆ। ਉਸਨੇ ਵਿੱਦਿਆ ਯੋਗਤਾ ਐਮ. ਏ. (ਪੰਜਾਬੀ) ਤੇ ਬੀ.ਟੀ.ਸੀ. ਕੀਤੀ। ਉਸਨੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਵੀ ਥੋੜਾ ਸਮਾਂ ਕੀਤੀ ਅਤੇ ਫਿਰ 1956 ਤੋਂ 1990 ਤੱਕ ਸਕੂਲ ਅਧਿਆਪਕ ਦੀ ਨੌਕਰੀ ਕੀਤੀ।
ਰਾਮ ਸਰੂਪ ਅਣਖੀ ਨੇ ਪਹਿਲਾਂ-ਪਹਿਲਾਂ ਆਪਣੇ ਦੋਸਤ ਨਾਲ ਰਲ ਕੇ 'ਅਣਖੀ' ਨਾਂ ਦਾ ਮੈਗਜ਼ੀਨ ਕੱਢਣ ਦੀ ਵਿਉਂਤ ਬਣਾਈ ਉਹ ਮੈਗਜ਼ੀਨ ਪ੍ਰਕਾਸ਼ਿਤ ਤਾਂ ਨਹੀਂ ਹੋਇਆ ਪਰ ਰਾਮ ਸਰੂਪ ਦੇ ਨਾਮ ਨਾਲ ਇਹ ਸਦਾ ਲਈ ਜੁੜ ਗਿਆ, ਰਾਮ ਸਰੂਪ ਅਣਖੀ। ਜਦੋਂ ਉਹ ਅੱਠਵੀਂ ਵਿੱਚ ਪੜ੍ਹਦਾ ਸੀ ਤਾਂ ਉਸਨੇ ਅੱਠ ਕੁ ਪੰਨਿਆਂ ਦਾ 'ਬਿਮਲ ਪੱਤਲ', ਵੀ ਪ੍ਰਕਾਸ਼ਿਤ ਕਰਵਾਇਆ ਸੀ। 'ਮਾਰਕੰਡਾ' ਅਤੇ 'ਬਿਮਲ' ਉਪਨਾਵਾਂ ਹੇਠ ਉਹ ਸ਼ਾਇਰੀ ਵੀ ਕਰਦਾ ਰਿਹਾ। 'ਪੰਜ ਦਰਿਆ', 'ਸਵੇਰਾ', 'ਲਲਕਾਰ' ਅਤੇ 'ਤ੍ਰਿਕਾਲਾਂ' ਜਿਹੇ ਮੈਗਜ਼ੀਨਾਂ ਵਿੱਚ ਵੀ ਉਹ ਬਹੁਤ ਛਪਿਆ। ਪ੍ਰੋ: ਸੁਜਾਨ ਸਿੰਘ, ਦਰਸ਼ਨ ਸਿੰਘ ਅਵਾਰਾ ਅਤੇ ਪਿੰ੍ਰ. ਤੇਜਾ ਸਿੰਘ ਆਦਿ ਅਧਿਆਪਕਾਂ ਨੇ ਉਸਨੂੰ ਬਹੁਤ ਉਤਸਾਹ ਦਿੱਤਾ।
ਰਾਮ ਸਰੂਪ ਅਣਖੀ ਦੀਆਂ ਹੇਠ ਲਿਖੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।
'ਮੇਰੀ ਇੰਗਲੈਂਡ ਯਾਤਰਾ' (ਸਫ਼Àਮਪ;ਰਨਾਮਾ), 'ਕੋਠੇ ਖੜਕ ਸਿੰਘ', 'ਪ੍ਰਤਾਪੀ', 'ਦੁੱਲੇ ਦੀ ਢਾਬ' (ਨਾਵਲ ਪੰਜ ਭਾਗਾਂ ਵਿੱਚ), 'ਕੱਖਾਂ ਕਾਨ੍ਹਿਆਂ ਦੇ ਪੁਲ', 'ਜਖ਼ਮੀ ਅਤੀਤ', 'ਜ਼ਮੀਨਾਂ ਵਾਲੇ', 'ਪਰਦਾ ਤੇ ਰੋਸ਼ਨੀ', 'ਸੁਲਗਦੀ ਰਾਤ', 'ਢਿੱਡ ਦੀ ਆਂਦਰ', 'ਜਿਨਿ ਸਿਰਿ ਸੋਹਨਿ ਪਟੀਆਂ', 'ਹੱਕ ਸੱਚ', 'ਥੁੜੇ ਟੁੱਟੇ', 'ਮਨੁੱਖ ਦੀ ਮੌਤ', 'ਅੱਧਾ ਆਦਮੀ', 'ਸੱਚ ਕਹਿ ਰਹੀ ਹਾਂ ਸੱਜਣ', 'ਮਲ੍ਹੇ ਝਾੜੀਆਂ' (ਸਵੈ-ਜੀਵਨੀ), 'ਆਪਣੀ ਮਿੱਟੀ ਦੇ ਰੁੱਖ' ਆਦਿ ਸਨ।
15 ਨਾਵਲ, 12 ਕਹਾਣੀ ਸੰਗ੍ਰਹਿ, ਪੰਜ ਕਵਿਤਾ ਸੰਗ੍ਰਹਿ, ਦੋ ਵਾਰਤਿਕ ਹਨ। ਪਿਛਲੇ ਲੰਬੇ ਸਮੇਂ ਤੋਂ ਉਹ ਮੈਗਜ਼ੀਨ 'ਕਹਾਣੀ ਪੰਜਾਬ' ਦਾ ਸੰਪਾਦਕ ਰਿਹਾ ।
ਰਾਮ ਸਰੂਪ ਅਣਖੀ ਪੰਜਾਬੀ ਦੇ ਤਕਰੀਬਨ ਸਾਰੇ ਹੀ ਅਖਬਾਰਾਂ 'ਚ ਛਪਦਾ ਸੀ। ਅਣਖੀ ਦੀਆਂ ਰਚਨਾਵਾਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਉਹ ਗ਼ਜ਼ਲ, ਕਵਿਤਾ, ਨਿਬੰਧ, ਸਫ਼Àਮਪ;ਰਨਾਮੇ, ਕਹਾਣੀਆਂ ਅਤੇ ਨਾਵਲ ਆਦਿ ਦਾ ਰਚੇਤਾ ਸੀ ਤਕਰੀਬਨ ਉਸਨੇ 53 ਸਾਲ ਦੇ ਲਗਭਗ ਮਾਂ ਬੋਲੀ ਦੀ ਸੇਵਾ ਕੀਤੀ। ਅਣਖੀ ਬਹੁ-ਭਸ਼ਾਈ ਤੇ ਬਹੁ-ਪੱਖੀ ਸਾਹਿਤਕਾਰ ਸੀ। ਉਸ ਦੀਆਂ ਮੁਲਾਕਾਤ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਤੇ ਉਹਨਾਂ ਬਾਰੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਹੋਏ।
ਨਾਵਲਕਾਰ ਰਾਮ ਸਰੂਪ ਅਣਖੀ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ (79), ਪੰਜਾਬੀ ਸਾਹਿਤ ਟਰੱਸਟ ਢੁੱਡੀਕੇ (83), ਗੁਰੂ ਨਾਨਕ ਦੇਵ ਯੂਨੀਵਰਸਿਟੀ (85), ਭਾਰਤੀ ਸਾਹਿਤ ਅਕਾਦਮੀ (87) ਭਾਸ਼ਾ ਵਿਭਾਗ ਲੁਧਿਆਣਾ (92), ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ (94)। ਅਣਖੀ ਦੀਆਂ 'ਸੁਲਗਦੀ ਰਾਤ' ਤੇ ਬਲਰਾਜ ਸਾਹਨੀ ਪੁਰਸਕਾਰ, 'ਭਾਈ ਵੀਰ ਸਿੰਘ' ਗਲਪਕਾਰ ਪੁਰਸਕਾਰ, 'ਕੋਠੇ ਖੜਕ ਸਿੰਘ' 'ਤੇ 'ਮਲ੍ਹੇ ਝਾੜੀਆਂ' 'ਤੇ, ਅਤੇ 'ਲੋਹੇ ਦਾ ਗੇਟ' ਤੇ ਬਾਬਾ ਫਰੀਦ ਆਦਿ ਪੁਰਸਕਾਰ ਪੁਸਤਕਾਂ ਤੇ ਇਹ ਪੁਰਸਕਾਰ ਮਿਲੇ ਹਨ। ਇੰਨ੍ਹਾਂ ਤੋਂ ਇਲਾਵਾ ਪੰਜਾਬ 'ਚ ਕਲੱਬਾਂ ਅਤੇ ਸਾਹਿਤ ਸਭਾਵਾਂ ਵੱਲੋਂ ਮਿਲੇ ਐਵਾਰਡ ਦੀ ਲਿਸਟ ਵੀ ਬਹੁਤ ਲੰਬੀ ਹੈ।
ਨਾਵਲਕਾਰ ਰਾਮ ਸਰੂਪ ਅਣਖੀ ਵਿੱਚ ਹਉਮੈ ਨਾਂ ਦੀ ਕੋਈ ਚੀਜ਼ ਨਹੀਂ ਸੀ, ਉਹ ਹਮੇਸ਼ਾ ਸਾਦਾ ਪਹਿਰਾਵਾ ਹੀ ਰੱਖਦੇ ਸਨ। ਉਹ ਇੱਕ ਸੱਚਾ-ਸੁੱਚਾ, ਦਿਆਵਾਨ, ਇਮਾਨਦਾਰ ਵਿਦਵਾਨ ਸੀ। ਯਾਰਾਂ ਦਾ ਯਾਰ ਅਣਖੀ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝਦਾ ਸੀ। ਸਾਉਪੁਣਾ, ਸੰਜਮ ਤੇ ਨਿਮਰਤਾ ਉਸ ਵਿੱਚ ਕੁਟ-ਕੁਟ ਕੇ ਭਰੀ ਹੋਈ ਸੀ। ਉਹ ਬਿਨਾਂ ਮੂਡ ਬਣਿਆ ਵੀ ਲਿਖਦਾ ਰਹਿੰਦਾ ਸੀ। ਰਾਮ ਸਰੂਪ ਅਣਖੀ ਦੀਆਂ ਮੈਂ ਤਕਰੀਬਨ ਸਾਰੀਆਂ ਹੀ ਕਿਤਾਬਾਂ ਪੜ੍ਹੀਆਂ ਹਨ। ਉਹ ਮੈਨੂੰ ਕਹਿੰਦਾ ਰਹਿੰਦਾ ਸੀ 'ਪ੍ਰੀਤੀਮਾਨ' ਲਿਖਣਾ ਨਾ ਛੱਡੀ, ਤੇਰੀਆਂ ਲਿਖਤਾਂ ਦਾ ਇੱਕ ਦਿਨ ਮੁੱਲ ਪਵੇਗਾ। ਅਣਖੀ ਮੇਰੇ ਘਰ ਵੀ ਦੋ ਵਾਰ ਆਇਆ ਸੀ ਤੇ ਸਾਹਿਤਕ ਸਮਾਗਮਾਂ 'ਚ ਤਾਂ ਅਕਸਰ ਮਿਲਦਾ ਹੀ ਰਹਿੰਦਾ ਸੀ। ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ। ਇਕ ਕਹਿਰ ਦਾ ਦਿਨ ਚੜ੍ਹਿਆ ਉਹ ਸੀ 14 ਜਨਵਰੀ 2010 ਦਾ, ਜਦੋਂ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਸਾਡੋ ਕੋਲ ਸਦਾ ਲਈ ਖੋਹ ਲਿਆ। ਪਰ ਉਨ੍ਹਾਂ ਦੀਆਂ ਲਿਖਤਾਂ ਸਦਾ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੀਆਂ ਰਹਿਣਗੀਆਂ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
