“ ਅਨਮੋਲ ਹੀਰੇ “
ਸਾਹਿਤਕਾਰ ਕਿੱਡਾ ਵੱਡਾ ਨਾਂ ਹੈ, ਨਾਂ ਤੋਂ ਇੰਝ ਲੱਗਦੈ ਜਿਵੇਂ ਸਾਹਿਤ ਨੂੰ ਤਾਂ ਬਹੁਤ ਪੜ੍ਹੇ ਲਿਖੇ ਹੀ ਰਚਦੇ ਹੋਣਗੇ ਜਾ ਥੋੜੇ ਪੜ੍ਹੇ ਨਹੀਂ ਲਿਖ ਸਕਦੇ, ਪਰ ਸਾਡਾ ਇਹ ਭਰਮ ਵੀ ਵੱਡੇ ਲੇਖਕ ਹੋਏ ਹਨ ਜੋ ਘੱਟ ਪੜ੍ਹੇ-ਲਿਖੇ ਸਨ, ਸਭ ਤੋਂ ਵੱਧ ਨਾਵਲ ਰਚਨ ਵਾਲਾ ਨਾਵਲਕਾਰ ਨਾਨਕ ਸਿੰਘ ਨੇ ਸਭ ਤੋਂ ਵੱਧ ਪਾਠਕ ਪੈਦਾ ਕਰਨ ਵਾਲਾ ਨਾਵਲਕਾਰ ਜਸਵੰਤ ਸਿੰਘ ਕੰਵਲ ਹਨ, ਅਤੇ ਕਵੀਸਰੀ ਦੀਆਂ ਡੂੰਘਾਈ ਤੱਕ ਜਾਣ ਵਾਲਾ ਕਰਨੈਲ ਸਿੰਘ ਪਾਰਸ ਆਦਿ ਨੇ ਸਭ ਦਾ ਭਰਮ ਦੂਰ ਕਰ ਦਿੱਤਾ। ਇਵੇਂ-ਜਿਵੇਂ ਕਹਿੰਦੇ ਪੁਲਿਸ ਮਹਿਕਮੇ 'ਚ ਕੋਈ ਸਾਹਿਤਕਾਰ ਪੈਦਾ ਨਹੀਂ ਹੋ ਸਕਦਾ, ਪੁਲਿਸ ਮਹਿਕਮੇ 'ਚ ਵੀ ਕਈ ਸਾਹਿਤਕਾਰ ਹੋਏ ਹਨ। ਹੁਣ ਵਾਰੀ ਆ ਗਈ ਡਰਾਇਵਰ ਮਹਿਕਮੇ ਦੀ ਬਈ ਇਹ ਮਹਿਕਮਾਂ ਤਾਂ ਗਾਲ ਦੇਣੀ, ਲੜਾਈ ਕਰਨੀ, ਗੀਤ ਸੁਣਨੇ। ਇਹ ਸਾਹਿਤਕਾਰ ਨਹੀਂ ਹੋ ਸਕਦੇ, ਇਹ ਭਰਮ ਬਲਦੇਵ ਸਿੰਘ ਸੜਕਨਾਮਾ ਜੀ ਨੇ ਸਭ ਦਾ ਭੁਲੇਖਾ ਚੁੱਕ ਦਿੱਤਾ।
ਨਾਵਲਕਾਰ ਬਲਦੇਵ ਸਿੰਘ ਦਾ ਜਨਮ 8 ਜੁਲਾਈ 1943 ਮਾਤਾ ਬਚਿੰਤ ਕੌਰ ਦੀ ਕੁੱਖੋਂ, ਪਿਤਾ ਹਰਦਿਆਲ ਸਿੰਘ ਦੇ ਘਰ ਪਿੰਡ ਅੱਚਾ ਖਿੜੀ ਵਿਖੇ ਹੋਇਆ। ਬਲਦੇਵ ਸਿੰਘ ਨੂੰ ਸਾਹਿਤ ਦੀ ਚੇਟਕ ਤਾਂ ਸਕੂਲ, ਕਾਲਜ 'ਚ ਪੜ੍ਹਦਿਆਂ ਹੀ ਲੱਗ ਗਈ ਸੀ ਪਰ ਜਸਵੰਤ ਸਿੰਘ ਕੰਵਲ ਦਾ ਨਾਵਲ 'ਪੂਰਨਮਾਸ਼ੀ' ਅਤੇ ਗੁਰਦਿੱਤ ਸਿੰਘ ਦਾ 'ਮੇਰਾ ਪਿੰਡ', ਕਿਤਾਬ ਪੜ੍ਹਕੇ ਅੰਦਰੋਂ ਸੁੱਤੀ ਕਲਾ ਜਾਗ ਪਈ। ਉਹ ਕਾਲਜ ਦੀ ਲਾਇਬਰੇਰੀ ਤੋਂ ਕਿਤਾਬਾਂ ਲਿਆ ਕੇ ਪੜ੍ਹਦਾ ਅਤੇ ਨੈਸ਼ਨਲ ਲਾਇਬਰੇਰੀ ਦਾ ਮੈਂਬਰ ਬਣ ਕੇ ਉਹਨਾਂ ਨੇ ਸੰਸਾਰ ਦੀਆਂ ਪ੍ਰਸਿੱਧ ਕਿਤਾਬਾਂ ਦਾ ਅਧਿਐਨ ਕੀਤਾ ਅਤੇ ਨਕਸਲਵਾੜੀ ਲਹਿਰ ਦੇ ਆਗੂਆਂ ਨਾਲ ਵੀ ਉਹਨਾਂ ਦਾ ਮੇਲ ਜੋਲ ਹੋ ਗਿਆ ਸੀ। ਬਲਦੇਵ ਦੀ ਪਹਿਲੀ ਕਹਾਣੀ 'ਅਧੂਰਾ ਸੁਪਨਾ' ਕਾਲਜ ਦੇ ਮੈਗਜ਼ੀਨ 'ਚ ਛਪੀ ਸੀ।
ਬਲਦੇਵ ਸਿੰਘ ਦੀ ਕਿਤਾਬ ਦੀ ਲਿਸਟ ਵੀ ਬਹੁਤ ਲੰਬੀ ਹੋ ਗਈ ਹੈ। ਨਾਵਲ: 'ਲਾਲ ਬੱਤੀ', 'ਅੰਨਦਾਤਾ', 'ਸਤਲੁਜ ਵਹਿੰਦਾ ਰਿਹਾ', 'ਪੰਜਵਾਂ ਸਾਹਿਬਜਾਦਾ', 'ਕੱਚੀਆਂ ਕੰਧਾਂ', 'ਜੀ.ਟੀ.ਰੋਡ', 'ਕੱਲਰੀ ਧਰਤੀ', 'ਦੂਸਰਾ ਹੀਰੋਸ਼ੀਮਾਂ', 'ਸੂਲੀ ਟੰਗੇ ਪਹਿਰ', ਨਾਟਕ: 'ਇਹ ਸਿਲਸਲਾ ਚਲਦਾ ਰਹੇਗਾ', 'ਕੀ ਕੀ ਰੰਗ ਵਿਖਾਵੇ ਮਿੱਟੀ', 'ਪਰਖ ਦੀ ਘੜੀ', 'ਸਾਵਧਾਨ! ਅੱਗੇ ਖਤਰਾ ਹੈ', 'ਮਿੱਟੀ ਰੁਦਨ ਕਰੇ', 'ਸੋਨੇ ਦਾ ਹਿਰਨ', 'ਧੀਆਂ ਵਾਲੇ ਪੁੱਤਾਂ ਵਾਲੇ', 'ਬਿਨਸੈ ਉਪਜੈ ਤੇਰਾ ਭਾਣਾ', 'ਕੱਠਪੁਲੀਆਂ', ਕਹਾਣੀ ਸੰਗ੍ਰਹਿ: 'ਹਨੇਰੇ ਸਵੇਰੇ', 'ਦਿੱਸਹੱਦਿਆਂ ਤੋਂ ਪਾਰ', 'ਜ਼ਿੰਦਗੀ ਦੇ ਰੰਗ', 'ਨਾਗਵਲ', 'ਪਲੇਟਫਾਰਮ ਨੰ: 11, 'ਝੱਖੜ ਦੇ ਪਰਿੰਦੇ', 'ਚਿੱੜੀਆਂ ਖਾਨਾ', 'ਸਵੇਰੇ ਦੀ ਲੋਅ', 'ਹਵੇਲੀ ਛਾਵੇਂ ਖੜਾ ਰੱਬ', 'ਗਿੱਲੀਆਂ ਛਿਟੀਆਂ ਦੀ ਅੱਗ', ਸਫਰਨਾਮਾ: 'ਮੋਗਾ ਸਿੰਘਾਪੁਰ ਵਾਇਆ ਚੀਨ', 'ਇਹ ਸੜਕਨਾਮਾ ਨਹੀਂ', 'ਮੈਂ ਏਵੇਂ ਵੇਖਿਆ ਪਾਕਿਸਤਾਨ', ਬਾਲ ਸਾਹਿਤ: 'ਇੱਕ ਸੀ ਪਰੀ', 'ਰੇਲ ਗੱਡੀ', 'ਤਾਏ ਦੀਆਂ ਭੂਤਾਂ', 'ਮੋਠੂ ਦੇ ਘੁੰਗਰੂ', 'ਕਲਕੱਤਾ ਦੀ ਸੈਰ' ਅਤੇ ਸਾਹਿਤਕ ਸਵੈ-ਜੀਵਨੀ' ਆਦਿ। ਏਥੇ ਹੀ ਵੱਸ ਨਹੀਂ ਲੇਖਕ ਨੇ 'ਪੂਰਬ ਦੀਆਂ ਕਿਰਨਾਂ', ਮੋਗਾ ਜ਼ਿਲ੍ਹਾ ਦਾ ਸਾਹਿਤਕ ਮੁਹਾਂਦਾਰਾ' ਤੇ 'ਵਾਰਤਾਲਾਪ' (ਮੁਲਾਕਾਤਾਂ) ਦੀ ਸੰਪਾਦਨਾ ਵੀ ਕੀਤੀ।
ਬਲਦੇਵ ਸਿੰਘ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ਉਸ ਦਾ ਨਾਵਲ 'ਅੰਨਦਾਤਾ' ਤਿੰਨ ਭਾਸ਼ਾਵਾਂ ਵਿੱਚ ਛਪ ਚੁੱਕਿਆ ਹੈ। 'ਢਾਹਾ ਦਿੱਲੀ ਦੇ ਕਿੰਗਰੇ' ਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ ਅਤੇ 2 ਯੂਨੀਵਰਸਿਟੀਆਂ ਦੇ ਐਮ. ਏ. ਵਿੱਚ ਰਚਨਾਵਾਂ ਸ਼ਾਮਲ ਹਨ। ਪੰਜਾਬੀ ਦੇ ਪ੍ਰਸਿੱਧ ਮੰਥਲੀ ਮੈਗਜ਼ੀਨ ੍ਰਨਾਗਮਣੀ੍ਰ ਵਿੱਚ ਲੇਖਕ ਦੀਆਂ ਬੇਸ਼ਮਾਰ ਰਚਨਾਵਾਂ ਛਪਦੀਆਂ ਰਹੀਆਂ। ਅੱਜ ਤਾਂ ਪੰਜਾਬੀ ਦਾ ਕੋਈ ਅਖਬਾਰ, ਮੈਗਜ਼ੀਨ ਨਹੀਂ ਹੋਣਾ ਜਿਸ ਵਿੱਚ ਉਹਨਾਂ ਦੀ ਕੋਈ ਨਾ ਕੋਈ ਰਚਨਾਂ ਨਾ ਛਪੀ ਹੋਵੇ।
ਇਨਾਮਾਂ-ਸਨਮਾਨਾਂ ਦੀ ਵੀ ਉਹਨਾਂ ਦੀ ਗਿਣਤੀ ਬਹੁਤ ਹੈ। ਪੰਜਾਬੀ ਸਾਹਿਤ ਸਭਾ ਕਲਕੱਤਾ ਵੱਲੋਂ ਮੈਕਸਿਮ ਗੋਰਕੀ ਐਵਾਰਡ, ਬਰਮਾ ਸਿੱਖ ਮਿਸਨਰੀ ਸੰਸਥਾ ਤੋਂ, ਨਾਨਕ ਸਿੰਘ ਐਵਾਰਡ, ਪੰਜਾਬ ਕਲਾ ਸਾਹਿਤ ਅਕੈਡਮੀ ਜਲੰਧਰ ਵੱਲੋਂ ਭਾਈ ਮੋਹਨ ਸਿੰਘ ਵੈਦ ਐਵਾਰਡ, ਨਾਗਮਣੀ ਪੁਰਸਕਾਰ, ਕਥਾ ਐਵਾਰਡ, ਬਾਬਾ ਫਰੀਦ ਐਵਾਰਡ, ਰਵਨੀਦ ਯਾਦਗਾਰੀ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਬਲਰਾਜ ਸਾਹਨੀ ਪੁਰਸਕਾਰ, ਕੇਵਲ ਵਿੰਗ ਯਾਦਗਾਰੀ ਪੁਰਸਕਾਰ, ਲਾਇਫ ਟਾਇਮ ਅਚੀਵਮੈਂਟ ਪੁਰਸਕਾਰ, ਜਰਖੜ ਸਭਾ ਵੱਲੋਂ ਸਨਮਾਨ ਆਦਿ।
ਲੇਖਕ ਕਈ ਦੇਸ਼ਾਂ ਦੀ ਸੈਰ ਕਰ ਚੁੱਕਾ ਹੈ ਅਤੇ ਅੱਜ ਕੱਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਪ੍ਰਧਾਨ ਦੇ ਆਹੁਦੇ 'ਤੇ ਬਿਰਾਜਮਾਨ ਹੈ। ਬਲਦੇਵ ਸਿੰਘ ਬਹੁ-ਪੱਖੀ, ਬਹੁ-ਭਾਸ਼ਾਈ ਸਾਹਿਤਕਾਰ ਹੈ। ਮਾਰਕਸਵਾਦੀ ਸੋਚ ਨੂੰ ਸਮਝਣ ਵਾਲਾ ਮਾਨਵਵਾਦੀ, ਯਥਾਰਥਵਾਦੀ ਲੇਖਕ ਹੈ। ਨਾਵਲ, ਕਹਾਣੀ, ਨਾਟਕ, ਸਫਰਨਾਮੇ ਆਦਿ ਉਸਨੇ ਲਿਖੇ ਹਨ। ਉਹ ਭਰ ਵਗਦਾ ਦਰਿਆ ਨਿਰੰਤਰ ਲਿਖ ਰਿਹਾ ਹੈ। ਅੱਜ ਉਹ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਰੇ ਦੇ ਨਾਵਲਕਾਰਾਂ ਵਿੱਚੋਂ ਇੱਕ ਹੈ। ਅਸੀਂ ਦੁਆ ਕਰਦੇ ਹਾਂ ਕਿ ਬਲਦੇਵ ਸਿੰਘ ਆਪਣੇ ਕਾਰਜ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਮਾਂ ਬੋਲੀ ਪੰਜਾਬੀ ਦੀ ਝੋਲੀ ਇਸੇ ਤਰ੍ਹਾਂ ਹੀ ਅਣਮੁੱਲੇ ਸਾਹਿਤ ਨਾਲ ਭਰਦਾ ਰਹੇ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
