“ ਅਨਮੋਲ ਹੀਰੇ “
ਸੱਚ ਤੇ ਝੂਠ ਸਮੇਂ ਦੇ ਨਾਲ ਨਾਲ ਚੱਲਦੇ ਹਨ। ਜਿੱਥੇ ਝੂਠ ਨੂੰ ਫੈਲਾਉਣ ਵਾਲਿਆਂ ਦਾ ਪੱਲੜਾ ਭਾਰੀ ਹੈ। ਉੱਥੇ ਸੱਚ ਦੇ ਰਾਹ ਤੇ ਤੁਰਨ ਵਾਲਿਆਂ ਦੀ ਵੀ ਕਮੀ ਨਹੀਂ। ਕੁਝ ਅਜਿਹੇ ਵੀ ਹਨ ਜੋ ਕਹਿੰਦੇ ਕੁਝ ਹੋਰ ਹਨ ਪਰ ਕਰਦੇ ਕੁਝ ਹੋਰ ਹਨ। ਉੱਥੇ ਕਹਿਣੀ ਕਰਨੀ ਦੇ ਪੂਰਿਆਂ ਦੀ ਵੀ ਕੋਈ ਘਾਟ ਨਹੀਂ। ਝੂਠ ਚੰਗਾ ਤਾਂ ਲੱਗਦਾ ਹੈ ਪਰ ਉਸ ਦਾ ਅੰਤ ਮਾੜਾ ਨਿਕਲਦਾ ਹੈ ਜੇ ਸੱਚਾ ਕੌੜਾ ਲੱਗਦਾ ਹੈ ਤਾਂ ਉਸਦਾ ਅੰਤ ਚੰਗਾ ਹੁੰਦਾ ਹੈ। ਜੇ ਸੱਚ ਕਹਿਣਾ ਵੀ ਔਖਾ ਹੈ ਤਾਂ ਸੱਚ ਸੁਣਨਾ ਵੀ ਔਖਾ ਹੈ ਪਰ ਅੰਤ ਇਸਦਾ ਸਿੱਟਾ ਚੰਗਾ ਹੀ ਨਿਕਲਦਾ ਹੈ। ਮੈਂ ਅੱਜ ਸੱਚ ਤੇ ਖੜਨ ਵਾਲੇ ਇਨਸ਼ਾਨ ਦੀ ਗੱਲ ਕਰਨ ਲੱਗਿਆ ਹਾਂ ਜਿਸ ਨੇ ਸੱਚ ਦਾ ਪੱਲਾ ਨਹੀਂ ਛੱਡਿਆ। ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਹਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਲੱਗ-ਅਲੱਗ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਆਲੋਚਕ ਸਾਹਿਤਕਾਰ ਡਾ. ਤੇਜਵੰਤ ਮਾਨ।
ਡਾਕਟਰ ਤੇਜਵੰਤ ਮਾਨ ਦਾ ਜਨਮ ਜਨਵਰੀ 1941 ਨੂੰ ਮਾਤਾ ਵਰਿਆਮ ਕੌਰ ਦੀ ਕੁੱਖੋਂ, ਪਿਤਾ ਅਜੀਤ ਸਿੰਘ ਦੇ ਘਰ, ਦਾਦਾ ਅਰਜਨ ਸਿੰਘ ਦੇ ਵਿਹੜੇ, ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜੀ ਵਿਖੇ ਹੋਇਆ। ਡਾ. ਮਾਨ ਨੇ ਸ਼੍ਰੀਮਤੀ ਧਰਮਿੰਦਰ ਕੌਰ ਨੂੰ ਘਰ ਦੀ ਮਲਕਾ ਬਣਾਇਆ ਅਤੇ ਤੇਜਿੰਦਰ ਕੌਰ, ਸਤਿੰਦਰ ਕੌਰ, ਰਾਜਵਿੰਦਰ ਕੌਰ ਤਿੰਨ ਧੀਆਂ ਅਤੇ ਸਪੁੱਤਰ ਓਕਾਂਰ ਦਾ ਪਿਤਾ ਬਣਿਆ। ਅਵਤਾਰ ਸਿੰਘ ਤੇ ਸਵ: ਜਸਪਾਲ ਸਿੰਘ (ਲੇਖਕ) ਉਨ੍ਹਾਂ ਦੇ ਦੋ ਭਰਾ ਹਨ।
ਡਾ. ਤੇਜਵੰਤ ਮਾਨ ਅਜਰਾਲੀ, ਰਣਬੀਰ ਕਾਲਜ ਸੰਗਰੂਰ ਅਤੇ ਯੂਨੀਵਰਸਿਟੀ ਪਟਿਆਲੇ ਪੜ੍ਹਿਆ ਉਨ੍ਹਾਂ ਨੇ ਐਮ. ਏ., ਐਮ. ਲਿਟ., ਪੀ. ਐਚ. ਡੀ. ਕੀਤੀ। ਉਨ੍ਹਾਂ ਕਾਲਜ ਅਧਿਆਪਕ ਦੀ ਨੌਕਰੀ ਪੂਰੇ 30 ਸਾਲ ਕੀਤੀ। ਵਿੱਦਿਆ ਮਹਿਕਮੇ 'ਚ ਲੈਕਚਰਾਰ ਰਹੇ।
ਡਾ. ਤੇਜਵੰਤ ਮਾਨ ਮੁੱਢ ਤੋਂ ਹੀ ਸਾਹਿਤ ਨਾਲ ਜੁੜਿਆ ਆ ਰਿਹਾ ਹੈ। ਉਸ ਦੀਆਂ ਪ੍ਰਕਾਸ਼ਿਤ ਕਿਤਾਬਾਂ ਦੀ ਲਿਸਟ ਬਹੁਤ ਲੰਬੀ ਹੋ ਗਈ ਹੈ। 'ਬਾਬੂ ਤੇਜਾ ਸਿੰਘ ਭਸੌੜ, 'ਗਿਆਨੀ ਲਾਲ ਸਿੰਘ ਸੰਗਰੂਰ', 'ਪ੍ਰਤਾਪ ਸਿੰਘ ਧਨੌਲਾ', 'ਭਾਈ ਕਾਨ ਸਿੰਘ ਨਾਭਾ', 'ਪਾਗਲ ਔਰਤ ਸਭਿਆ ਆਦਮੀ', 'ਕਲਮ', ਆਧੂਨਿਕ ਦੰਦ ਕਥਾ', 'ਬੰਦ ਗਲੀ ਦੀ ਸਿਆਸਤ', 'ਪੰਜਾਬੀ ਭਾਸ਼ਾ ਅਤੇ ਸਾਹਿਤਕਾਰ', 'ਡਾਇਰੀ ਦੇ ਪੰਨੇ', 'ਗੋਦੜੀ ਦਾ ਲਾਲ', 'ਵਾਰਤਕੀ', 'ਕਾਗਦਿ ਕੀਮਨਾ ਪਾਈ', 'ਕੇਂਦਰੀ ਪੰਜਾਬੀ ਸਾਹਿਤ ਸਭਾ ਦਾ, 'ਇਤਿਹਾਸ (ਤਿੰਨ ਭਾਗ), 'ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦਾ ਇਤਿਹਾਸ', 'ਪੰਚ ਖਾਲਸਾ ਦੀਵਾਨ ਭਸੌੜ', 'ਡਾਕਖਾਨਾ ਖਾਸ', 'ਲਿਖਤੁਮ', 'ਦਸਤਾਵੇਜ ਇਤਿਹਾਸ ਸਾਹਿਤ', 'ਪੰਚ ਖਾਲਸਾ ਦੀਵਾਨ ਭਸੌੜ ਇੱਕ ਸੰਸਥਾ', 'ਸੰਤ ਅਤਰ ਸਿੰਘ ਜੀ ਅਤੇ ਉਨ੍ਹਾਂ ਦਾ ਯੁੱਗ', 'ਰਾਸਲੂ', ਪੂਰਨ ਭਗਤ', 'ਦੌਲਤ ਰਾਮ ਰਚਿਤ ਕਿੱਸਾ ਕਾਵਿ', 'ਪੰਚ ਖਾਲਸਾ ਦੀਵਾਨ ਭਸੌੜ ਦੀ ਪੰਜਾਬੀ ਨੂੰ ਦੇਣ', 'ਸਿੰਘ ਸਭਾਈ ਲਹਿਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ', 'ਰੂਪ ਬਸੰਤ ਇੱਕ ਅਧਿਐਨ', 'ਅਲੋਚਕ ਅਤੇ ਸਮੀਖਿਆ ਸਾਹਿਤ', 'ਲੋਕ ਉਕਤੀ ਸੰਦਰਭ', 'ਅਨੁਸ਼ਰਨ', 'ਹਸਤਾਖਰ', 'ਸਹਿਮਤੀ', 'ਪਰਵੇਸ਼', 'ਸਮਾਜਿਕ ਚੇਤਨਾ' ਅਤੇ ਲੇਖਕ 'ਪ੍ਰਸ਼ਨ ਚਿੰਨ੍ਹ', ਪ੍ਰਸੰਗਕਤਾ', 'ਪ੍ਰਤੀਕਰਮ', 'ਬਹੁ ਵਚਨ', 'ਗਲਪਕਾਰ ਗੁਰਮੇਲ ਮਡਾਹੜ', 'ਮੁਕਤੀ ਜੁਗਤ ਸੁਵਾਦ', 'ਭੁਪਿੰਦਰ ਕਾਵਿ ਤੇਰ ਵਿਓਕਾਰੀ', 'ਮੁੱਖ ਬੰਦ', 'ਗੁਆਚੇ ਨਾਇਕ ਦੀ ਪੁਨਰ ਉਸਾਰੀ', 'ਹਰਫ ਬਹਰਫ', 'ਪੱਤਰ ਕਲਾ ਆਦਿ।
ਡਾ. ਤੇਜਵੰਤ ਮਾਨ ਨੇ ਕੋਈ ਉਸਤਾਦ ਨਹੀਂ ਧਾਰਿਆ ਸਗੋਂ ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ ਅਤੇ ਸੁਜਾਨ ਸਿੰਘ ਇਹ ਮਹਾਨ ਸਖਸ਼ੀਅਤਾਂ ਦਾ ਪ੍ਰਭਾਵ ਇੰਨਾਂ ਤੇ ਪਿਆ। ਵਿਗਿਆਨ ਅਤੇ ਸਾਹਿਤ ਦੋਵੇਂ ਖੇਤਰੀ ਨਮਾਣਾ ਖੱਟਣ ਵਾਲੇ ਮਾਨ ਸਾਹਿਬ ਨੂੰ ਮਿਲੇ ਇਨਾਮ-ਸਨਮਾਨ ਹੇਠ ਲਿਖੇ ਹਨ।
ਪੰਜਾਬ ਰਤਨ, ਵਿਰਸੇ ਦਾ ਵਾਰਸ, ਪੰਜਾਬੀ ਸੱਥ ਲਾਂਬੜਾ ਵੱਲੋਂ ਐਵਾਰਡ, ਸਾਹਿਤ ਰਤਨ, ਸੰਤ ਅਤਰ ਸਿੰਘ ਮਸਤੂਆਣਾ ਯਾਦਗਾਰੀ, ਕਿਰਤੀ ਐਵਾਰਡ, ਸਾਹਿਤ ਟਰੱਸਟ ਢੁੱਡੀਕੇ, ਧਨੀ ਰਾਮ ਚਾਤ੍ਰਿਕ, ਸਾਹਿਤ ਫੁਲਵਾੜੀ, ਕਾਹਨ ਸਿੰਘ ਨਾਭਾ, ਰਵਿੰਦਰ ਰਵੀ, ਸੰਤ ਰਾਮ ਉਦਾਸੀ, ਗਿਆਨੀ ਲਾਲ ਸਿੰਘ, ਰਸਲੋਕ ਹਰਿਆਣਾ, ਸੁਰਿੰਦਰ ਹੋਮ ਜੋਯੋਤੀ, ਸਾਹਿਤ ਅਚਾਰੀਆ, ਦੇਵਿੰਦਰ ਸਤਿਆਰਥੀ, ਸੰਤ ਸਿੰਘ ਸੇਖੋਂ, ਪੰਜਾਬੀ ਸਾਹਿਤ ਸਮੀਖਿਆ ਬੋਰਡ ਨੇ ਸ਼੍ਰੋਮਣੀ ਲਿਖਾਰੀ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨ ਕੀਤਾ।
ਮਾਨ ਸਾਹਿਬ ਦੀਆਂ ਆਹੁਦੇਦਾਰ ਵੱਲ ਨਿਗ੍ਹਾ ਮਾਰੀਏ:- 4 ਸਾਲ ਕੇਂਦਰੀ ਪੰਜਾਬੀ ਸਾਹਿਤ ਸਭਾ (ਮੀਤ ਪ੍ਰਧਾਨ) 17 ਸਾਲ ਕੇਂਦਰੀ ਲੇਖਕ ਸਭਾ ਸੇਖੋਂ ਦਾ (ਜਨਰਲ ਸਕੱਤਰ), 3 ਸਾਲ ਬੋਰਡ ਆਫ ਸਟੱਡੀਜ਼ ਦਾ (ਮੈਂਬਰ), 3 ਸਾਲ ਬੋਰਡ ਭਾਸ਼ਾ ਵਿਭਾਗ ਪੰਜਾਬ ਦਾ (ਸਲਾਹਕਾਰ), ਮਾਲਵਾ ਰਿਸਰਚ ਸੈਂਟਰ ਪਟਿਆਲਾ ਦਾ (ਮੈਂਬਰ), ਜਾਗੋ ਇੰਟਰਨੈਸ਼ਨਲ ਸੰਪਾਦਕੀ ਬੋਰਡ ਦਾ (ਮੈਂਬਰ), ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ (ਜੀਵਨ ਮੈਂਬਰ), ਪੁਨਰਗਠਨ ਜੁਬਲੀ ਪੰਜਾਬ ਸਰਕਾਰ ਦਾ (ਮੈਂਬਰ), 2 ਸਾਲ ਕਮੇਟੀ ਗਿਆਨ ਵਿਗਿਆਨ ਦਾ (ਜ਼ਿਲ੍ਹਾ ਚੇਅਰਮੈਨ), 3 ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ (ਮੈਂਬਰ), ਹੁਣ ਕਈ ਸਾਲ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦਾ (ਪ੍ਰਧਾਨ) ਦੇ ਅਹੁਦੇ ਤੇ ਵਿਰਾਜਮਾਨ ਹੈ।
ਡਾ. ਤੇਜਵੰਤ ਮਾਨ ਸੱਚਾ ਤੇ ਖਰਾ ਉਤਰਨ ਵਾਲਾ ਇਮਾਨਦਾਰ, ਕਿਰਤ ਕਰੋ ਦਾ ਸੰਦੇਸ਼ ਦੇਣ ਵਾਲਾ, ਹਰ ਇੱਕ ਦੇ ਦੁੱਖ ਤੇ ਹਾਅ ਦਾ ਨਾਅਰਾ ਮਾਰਨਾ ਵਾਲਾ, ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ, ਮਾਨ ਕੱਲਾ ਮਾਨ ਨਹੀਂ ਇੱਕ ਵੱਡੀ ਸੰਸਥਾ ਦਾ ਨਾਂ ਹੈ। ਮਾਨ ਹਰ ਗੱਲ ਨੂੰ ਉਦਾਹਰਨਾਂ ਦੇ ਕੇ ਸਮਝਾਉਂਦਾ ਰਹਿੰਦਾ ਹੈ। ਸੀਪ ਖੇਡਣ ਤੇ ਲਿਖਣਾ ਦੋਵੇਂ ਸ਼ੌਕ ਪਾਲ ਰਹੇ ਲਿਖਾਰੀ ਦੀ ਜ਼ਿੰਦਗੀ ਵੱਡੀਆਂ ਘਟਨਾਵਾਂ ਨਾਲ ਭਰੀ ਪਈ ਹੈ। ਪਰ ਫਿਰ ਵੀ ਆਪਣੇ ਕਾਰਜ਼ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਦੂਰ ਸੰਦੇਸ਼ੀ ਨਿਗ੍ਹਾ ਮਾਰਨ ਵਾਲਾ, ਵਿਸ਼ਾਲ ਅਨੁਭਵ ਗ੍ਰਹਿਣ ਕਰਨ ਵਾਲਾ, ਕਲਾ ਦੀ ਕਸਵੱਟੀ ਤੇ ਖਰਾ ਉਤਰਨ ਵਾਲਾ ਸਾਹਿਤ ਜਗਤ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਉਣ ਵਾਲੇ ਡਾ. ਤੇਜਵੰਤ ਮਾਨ ਦੀ ਪਾਠਕ, ਲੇਖਕ ਸਾਰੇ ਲੰਬੀ ਉਮਰ ਦੀ ਦੁਆ ਕਰਦੇ ਹਨ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
