ਇਰਾਕ ਵਿੱਚ ਅਜੇ ਵੀ ਫਸੇ ਹੋਏ ਨੇ ਸੈਂਕੜੇ ਭਾਰਤੀ

ਮਾਮਲੇ ਨੂੰ ਪਬਲੀਸਿਟੀ ਸਟੰਟ ਵਜੋਂ ਵਰਤ ਕੇ ਭੁੱਲ ਗਏ ਸਿਆਸੀ ਆਗੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :- ਇਰਾਕ ਵਿੱਚ ਚੱਲ ਰਹੀ ਘਰੇਲੂ ਖਾਨਾਂਜੰਗੀ ਦੌਰਾਂਨ ਉੱਥੇ ਫਸੇ ਭਾਰਤੀਆਂ ਜਿਨ੍ਹਾਂ ਵਿੱਚ ਜਿਆਦਾਤਰ ਪੰਜਾਬੀ ਹਨ ਅਜੇ ਵੀ ਵਤਨ ਵਾਪਸੀ ਨੂੰ ਤਰਸ ਰਹੇ ਹਨ । ਸੁਰੂ ਵਿੱਚ ਕੇਂਦਰ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਜਜਬਾਤੀ ਸੰਸਦ ਮੈਂਬਰ ਭਗਵੰਤ ਮਾਂਨ ਹੋਰਾਂ ਨੇ ਕੀਤੀ ਜਾ ਰਹੀ ਮੱਦਦ ਦੀ ਬਹੁਤ ਦੁਹਾਈ ਪਾਈ ਸੀ ਤੇ ਸੈਂਕੜੇ ਕੁ ਨੌਜਵਾਨਾਂ ਨੂੰ ਮਾਂਨ ਸਾਹਿਬ ਅਤੇ ਖਾਲਸਾ ਏਡ ਦੀ ਮੱਦਦ ਨਾਲ ਕੱਢਿਆ ਵੀ ਗਿਆ ਸੀ ਪਰ ਬਹੁਤ ਸਾਰੇ ਅਜੇ ਵੀ ਉੱਥੇ ਫਸੇ ਹੋਏ ਹਨ ।
ਇਰਾਕ ਦੇ ਗੁਆਂਢੀ ਮੁਲਕ ਕੁਵੈਤ ਵਿੱਚਲੀ ਇੱਕ ਸਮਾਜ ਭਲਾਈ ਸੰਸਥਾਂ ਪੰਜਾਬ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਬੇਸੱਕ ਸੈਂਕੜੇ ਭਾਰਤੀ ਕਾਂਮੇ ਇੱਥੋਂ ਕੱਢੇ ਜਾ ਚੁੱਕੇ ਹਨ ਪਰ ਅਜੇ ਵੀ ਬਹੁਤ ਸਾਰੇ ਹਨ ਜੋ ਮੱਦਦ ਲਈ ਭਾਰਤ ਸਰਕਾਰ, ਪੰਜਾਬ ਸਰਕਾਰ, ਸੁਸਮਾਂ ਸਵਰਾਜ ਅਤੇ ਭਗਵੰਤ ਮਾਂਨ ਹੋਰਾਂ ਕੋਲ ਮੱਦਦ ਲਈ ਗੁਹਾਰ ਲਗਾ ਚੁੱਕੇ ਹਨ ਪਰ ਉਹਨਾਂ ਦੀਆਂ ਈ ਮੇਲਾਂ, ਚਿੱਠੀਆਂ ਜਾ ਫੋਨ ਕਾਲਾਂ ਦਾ ਕੋਈ ਜਵਾਬ ਨਹੀ ਦਿੱਤਾ ਜਾ ਰਿਹਾ । ਸੋਸਾਇਟੀ ਦੇ ਚੇਅਰਮੈਂਨ ਰਾਮ ਸਿੰਘ ਸਹੋਤਾ ਨੇ ਇੱਕ ਥਾਂ ਫਸੇ ਹੋਏ 35 ਨੌਜਵਾਨਾਂ ਦਾ ਪੱਤਰ ਅਤੇ ਵੀਡੀਉ ਜਾਰੀ ਕਰਦਿਆਂ ਸਿਆਸੀ ਆਗੂਆਂ ਨਾਲ ਸਿਕਵਾ ਕੀਤਾ ਕਿ ਉਹ ਇਸ ਗੰਭੀਰ ਮਾਮਲੇ ਨੂੰ ਪਬਲੀਸਿਟੀ ਸਟੰਂਟ ਵਜੋਂ ਵਰਤ ਕੇ ਹੁਣ ਭੁੱਲ ਗਏ ਹਨ ।
ਇਰਾਕ ਵਿੱਚ ਫਸੇ ਇਹਨਾਂ ਨੌਜਵਾਨਾਂ ਨੇ ਕੁਵੈਤ ਵਿਚਲੀ ਪੰਜਾਬ ਵੈਲਫੇਅਰ ਸੋਸਾਇਟੀ ਨੂੰ ਪੱਤਰ ਲਿਖ ਦੱਸਿਆ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦੇ ਸੀ ਉਸ ਨੇ ਸਾਰਿਆਂ ਨੂੰ ਨੌਕਰੀ Ḕਤੋ ਕੱਢ ਕੇ ਇੱਕ ਇਜੰਟ ਹਵਾਲੇ ਕਰ ਦਿੱਤਾ ਜੋ ਉਹਨਾਂ ਨੂੰ ਇੱਕ ਕਮਰੇ ਵਿੱਚ ਕੈਦੀਆਂ ਵਾਂਗ ਬੰਦ ਕਰਕੇ ਰੱਖ ਰਿਹਾ ਹੈ ਅਤੇ ਵਾਪਸ ਭੇਜਣ ਬਦਲੇ ਪੰਜ-ਪੰਂਜ ਸੌ ਡਾਲਰ ਮੰਗ ਰਿਹਾ ਹੈ । ਇਹਨਾਂ ਨੌਜਵਾਨਾਂ ਦਾ ਕਹਿਣਾਂ ਹੈ ਕਿ ਹੁਣ ਤਾਂ ਹਾਲਤ ਹੋਰ ਵੀ ਬਦਤਰ ਹੋ ਗਈ ਹੈ ਕਿ ਇਜੰਟ ਵੱਲੋਂ ਰੋਟੀ ਪਾਣੀ ਵੀ ਬੰਦ ਕਰ ਦਿੱਤਾ ਗਿਆ ਹੈ । ਦੋ ਦਿਨ ਪਹਿਲਾਂ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਜਿਸ ਦੌਰਾਂਨ ਇੱਕ ਲੜਕੇ ਦੀਆਂ ਦੋ ਉਗਲਾਂ ਕੱਟੀਆਂ ਗਈਆਂ । ਜਦ ਇਹਨਾਂ ਨੇ ਭਾਰਤੀ ਦੂਤਘਰ ਨਾਮ ਸੰਪਰਕ ਕਰਕੇ ਮੱਦਦ ਮੰਗੀ ਤਾਂ ਉਹਨਾਂ ਨੇ ਅੱਗੋਂ ਕੋਈ ਤਸੱਲੀਬਖ਼ਸ ਜਵਾਬ ਨਾ ਦਿੱਤਾ । ਉਪਰੋਕਤ ਲੜਕਿਆਂ ਦੀ ਸਹੀ ਸਲਾਮਤ ਵਤਨ ਵਾਪਸੀ ਲਈ ਸੋਸਾਇਟੀ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਯਤਨ ਤੇਜ ਕਰੇ ।