ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦੀ 'ਤੇ ਟਿਕਿਆ ਹੈ ਕੌਂਮ ਦਾ ਭਵਿੱਖ: ਸਿੰਘ ਸਾਹਿਬ ਭਾਈ ਰਣਜੀਤ ਸਿੰਘ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦੀ 'ਤੋਂ ਬਗੈਰ ਸਿੱਖ ਕੌਂਮ ਨੂੰ ਅਜ਼ਾਦੀ ਨਹੀ ਮਿਲ ਸਕਦੀ ਅਤੇ ਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਨਿਰਪੱਖ ਫੈਸਲਾ ਕੌਂਮ ਦੇ ਹਿੱਤ ਵਿੱਚ ਲੈ ਸਕਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੌਰੇ 'ਤੇ ਆਏ ਸਿੰਘ ਸਾਹਿਬਾਨ ਭਾਈ ਰਣਜੀਤ ਸਿੰਘ ਹੋਰਾਂ ਜਰਮਨੀ ਵਿਖੇ ਕੀਤਾ । ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਭਾਈ ਰਣਜੀਤ ਸਿੰਘ ਕੱਲ ਜਰਮਨੀ ਵਿਖੇ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਦੇ ਗ੍ਰਹਿ ਪਧਾਰੇ ਜਿਥੇ ਉਹਨਾਂ ਸਿੱਖ ਆਗੂਆਂ ਨਾਲ ਮੌਜੂਦਾ ਸਮੇਂ ਵਿੱਚ ਕੌਂਮ ਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰਿਤ ਵਿਚਾਰ ਚਰਚਾ ਕੀਤੀ । ਗੱਲਬਾਤ ਦੌਰਾਂਨ ਕੌਂਮ ਦੀ ਅਜ਼ਾਦੀ ਲਈ ਜੱਦੋਜਹਿਦ ਕਰ ਰਹੇ ਸਿੰਘਾਂ ਨੂੰ ਸਲਾਹ ਦਿੰਦਿਆਂ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਕੌਂਮ ਨੂੰ ਅਜ਼ਾਦੀ ਤਾਂ ਹੀ ਨਸੀਬ ਹੋਵੇਗੀ ਜੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਜ਼ਾਦਾਨਾਂ ਫੈਸਲੇ ਲੈਣ ਦੇ ਸਮਰੱਥ ਹੋਵੇਗਾ । ਭਾਈ ਸਾਹਿਬ ਹੋਰਾਂ ਅਨੇਕਾਂ ਉਦਾਹਰਨਾਂ ਦਿੰਦੇਂ ਹੋਏ ਦੱਸਿਆ ਕਿ ਹਾਕਮ ਧਿਰ ਪੰਜਾਬ ਵਿਚਲੇ ਇੱਕ ਪਰਿਵਾਰ ਰਾਂਹੀ ਕਿਵੇਂ ਹੁਕਮਨਾਵੇਂ ਜਾਰੀ ਕਰਵਾ ਕੇ ਕੌਂਮ ਵਿੱਚ ਵੰਡੀਆਂ ਪਾ ਰਹੀ ਹੈ ਅਤੇ ਇਹਨਾਂ ਹੁਕਮਨਾਮਿਆਂ ਨਾਲ ਆਂਮ ਸਿੱਖ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਂਨ ਸਤਿਕਾਰ ਘਟ ਰਿਹਾ ਹੈ । ਭਾਈ ਸਾਹਿਬ ਹੋਰਾਂ ਆਖਿਆ ਕਿ ਕਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਇਲਾਹੀ ਮੰਨਿਆਂ ਜਾਦਾਂ ਸੀ ਪਰ ਅੱਜ ਦੇ ਦੌਰ Ḕਚ ਅਖ਼ਬਾਰਾਂ ਅਤੇ ਸੋਸ਼ਲ ਮੀਡੀਏ 'ਤੇ ਜਥੇਦਾਰ ਦੀ ਸਨਮਾਨਿਤ ਪਦਵੀ ਦਾ ਮਖੌਲ ਉਡਾਇਆ ਜਾ ਰਿਹਾ ਹੈ ਜੋ ਚਿੰਤਾਂ ਦਾ ਵਿਸ਼ਾ ਹੈ। ਕੌਂਮ ਦੇ ਵੱਡੇ ਹਿੱਤਾਂ ਲਈ ਅਪਣੀ ਜਵਾਨੀ ਦੇ ਬੇਸ਼ਕੀਮਤੀ ਸਾਲ ਜ੍ਹੇਲ ਅੰਦਰ ਗੁਜਾਰਨ ਵਾਲੇ ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਆਸ ਦੀ ਕਿਰਨ ਅਜੇ ਬਾਕੀ ਹੈ ਕਿ ਸੁਹਿਰਦ ਵਿਦੇਸ਼ੀ ਸਿੱਖ ਵੀ ਅਪਣੀ ਕੌਂਮ ਦੀ ਮੰਜਲ ਤਹਿ ਕਰਨ ਕਰਨ ਲਈ ਅਜਾਦ ਸੋਚ ਵਾਲੇ ਜਥੇਦਾਰ ਸਥਾਪਿਤ ਕਰਨ ਲਈ ਹੰਭਲਾ ਮਾਰਨ । ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਹੋਰਾਂ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ ਅਤੇ ਯੂਰਪ ਦੀ ਸੰਗਤ ਨੂੰ ਬੇਨਤੀ ਵੀ ਕੀਤੀ ਕਿ ਉਹ ਯੂਰਪ ਦੌਰੇ 'ਤੇ ਆਏ ਜਥੇਦਾਰ ਹੋਰਾਂ ਦਾ ਵੱਧ 'ਤੋ ਵੱਧ ਮਾਂਨ ਸਨਮਾਨ ਕਰਨ ।
