ਬੈਲਜ਼ੀਅਮ ਵਿੱਚ ਫਰਵਾਹੀ ਦੇ ਨੌਜਵਾਨ ਦਾ ਕਤਲ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਰਾਤ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਇੱਕ ਪੈਟਰੋਲ ਪੰਪ ਉਪਰ ਦੁਕਾਨ 'ਤੇ ਕੰਮ ਕਰਦੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦਾ ਇਹ ਨੌਜਵਾਨ ਅਜੇ ਕੁੱਝ ਸਮਾਂ ਪਹਿਲਾ ਹੀ ਚੰਗੇਂ ਭਵਿੱਖ ਦੇ ਸੁਪਨੇ ਲੈ ਬੈਲਜ਼ੀਅਮ ਆਇਆ ਸੀ । ਲਖਵੀਰ ਸਿੰਘ ਲੱਕੀ ਦੇ ਨਾਂਮ ਨਾਲ ਜਾਣੇ ਜਾਦੇ ਇਸ ਨੌਜਵਾਨ ਨੂੰ ਸ਼ਨੀਵਾਰ ਰਾਤ ਨੂੰ ਲੁੱਟ-ਖੋਹ ਦੀ ਨੀਅਤ ਨਾਲ ਆਏ ਕਿਸੇ ਲੁਟੇਰੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ।
ਲੱਕੀ ਅਜੇ ਤੱਕ ਬੈਲਜ਼ੀਅਮ ਵਿੱਚ ਪੱਕਾ ਨਹੀ ਸੀ ਹੋਇਆ ਅਤੇ ਕਿਸੇ ਭਾਰਤੀ ਦੀ ਦੁਕਾਨ 'ਤੇ ਕੰਮ ਕਰਦਾ ਸੀ ਜਿਥੇ ਹੋਣੀ ਨੇ ਇਹ ਭਾਣਾ ਵਰਤਾ ਦਿੱਤਾ । ਇਸ ਘਟਨਾਂ ਕਾਰਨ ਬੈਲਜ਼ੀਅਮ ਵਸਦੇ ਇਸ ਪਿੰਡ ਦੇ ਕਾਰੋਬਾਰੀਆਂ ਸਮੇਤ ਪੂਰਾ ਪੰਜਾਬੀ ਭਾਈਚਾਰਾ ਸੋਗ ਵਿਚ ਹੈ ।
ਮ੍ਰਿਤਕ ਦੇਹ ਪੰਜਾਬ ਭੇਜਣ ਲਈ ਮੱਦਦ ਦੀ ਅਪੀਲ
ਐਨ ਆਰ ਆਈ ਕਲੱਬ ਦੇ ਸਰਗਰਮ ਆਗੂ ਰਿੰਕੂ ਸਮਰਾ ਨੇ ਇਸ ਦਰਦਨਾਕ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਸਮੂਹ ਪੰਜਾਬੀ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਹੈ ।
ਰਿੰਕੂ ਨੇ ਦੱਸਿਆ ਕਿ ਅੱਜ ਭਾਰਤੀ ਦੂਤਘਰ ਵੱਲੋਂ ਮ੍ਰਿਤਕ ਦੇਹ ਦੇ ਖਰਚੇ ਲਈ ਨਾਂਹ ਕਰਨ 'ਤੋਂ ਬਾਅਦ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਸੰਗਤਾਂ ਨੇ ਕੁੱਝ ਮਾਇਆ ਇਕੱਠੀ ਕੀਤੀ ਹੈ ਅਤੇ ਬੈਲਜ਼ੀਅਮ ਭਰ ਦੇ ਖੇਡ ਕਲੱਬਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਮਾਜ ਭਲਾਈ ਸੰਸਥਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਲੱਕੀ ਦੀ ਦੇਹ ਪੰਜਾਬ ਭੇਜਣ ਲਈ ਅਤੇ ਪਰਿਵਾਰ ਦੀ ਮਾਲੀ ਮੱਦਦ ਲਈ ਅੱਗੇ ਆਉਣਾਂ ਚਾਹੀਦਾ ਹੈ ।