ਭਾਰਤੀ ਦੂਤਘਰ ਨੇ ਮ੍ਰਿਤਕ ਦੇਹ ਪੰਜਾਬ ਭੇਜਣ ਦੀ ਜਿੰਮੇਵਾਰੀ।
ਈਪਰ, ਬੈਲਜ਼ੀਅਮ ( ਮਨਦੀਪ ਖਰਮੀ, ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਪਿੰਡ ਫਰਵਾਹੀ (ਬਰਨਾਲਾ) ਦੇ ਲਖਵੀਰ ਸਿੰਘ ਲੱਕੀ ਨੂੰ ਗੋਲੀ ਮਾਰਨ ਵਾਲਾ ਕਾਤਲ ਬੈਲਜ਼ੀਅਮ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਉਕਤ ਕਾਤਲ ਦੇ ਵੇਰਵੇ ਕਾਨੂੰਨੀ ਕਾਰਨਾਂ ਕਰਕੇ ਨਸ਼ਰ ਨਹੀ ਕੀਤੇ ਜਾ ਰਹੇ। ਇਸ ਮਾਮਲੇ ਸੰਬੰਧੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਲੱਕੀ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਜਿੱਥੇ ਪੰਜਾਬੀ ਭਾਈਚਾਰੇ ਵੱਲੋਂ ਆਪਣੇ ਤੌਰ 'ਤੇ ਕੋਸ਼ਿਸ਼ਾਂ ਜਾਰੀ ਸਨ Aੱਥੇ ਹੁਣ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਸੰਬੰਧੀ ਸਮੁੱਚੀ ਕਾਰਵਾਈ ਦੀ ਜਿੰਮੇਵਾਰੀ ਭਾਰਤੀ ਦੂਤਘਰ ਵੱਲੋਂ ਆਪਣੇ ਮੋਢਿਆਂ 'ਤੇ ਲੈ ਲਈ ਹੈ।
ਕੱਲ੍ਹ ਭਾਰਤੀ ਦੂਤਘਰ ਦੇ ਨੁੰਮਾਇੰਦਿਆਂ ਅਜੇ ਅਗਰਵਾਲ ਅਤੇ ਮਿਸਟਰ ਸਕਸੈਨਾ ਨਾਲ ਪੰਜਾਬੀ ਭਾਈਚਾਰੇ ਦੇ ਆਗੂਆਂ ਚਰਨਜੀਤ ਸਿੰਘ ਬਰਨਾਲਾ, ਰਿੰਕੂ ਸਮਰਾ, ਬਸੰਤ ਸਿੰਘ ਮੋਹਾਲੀ, ਅਵਤਾਰ ਸਿੰਘ ਛੋਕਰ, ਬਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਗੁਰਦੀਪ ਸਿੰਘ ਮੱਲ੍ਹੀ ਆਦਿ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਦਖਲ ਦੀ ਬੇਨਤੀ ਕੀਤੀ ਗਈ ਸੀ ਜਿਸ 'ਤੇ ਫੌਰੀ ਗੌਰ ਕਰਦਿਆਂ ਦੂਤਘਰ ਦੇ ਉਪਰੋਕਤ ਨੁੰਮਾਇੰਦਿਆਂ ਨੇ ਸਾਰਾ ਖਰਚਾ ਅਤੇ ਕਾਨੂੰਨੀ ਪ੍ਰਕਿਰਿਆ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਇਸ ਸਮੁੱਚੀ ਪ੍ਰਕਿਰਿਆ ਵਿੱਚ ਭਰਪੂਰ ਸਹਿਯੋਗ ਲਈ ਪੰਜਾਬੀ ਭਾਈਚਾਰੇ ਦੇ ਮੋਹਤਰਬਰ ਆਗੂਆਂ ਨੇ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਹੈ। ਇੱਥੇ ਜਿਕਰਯੋਗ ਹੈ ਕਿ ਲਖਵੀਰ ਸਿੰਘ ਲੱਕੀ ਦੀ ਮ੍ਰਿਤਕ ਦੇਹ ਉਸਦੇ ਵਾਰਸਾਂ ਤੱਕ ਪਹੁੰਚਾਉਣ ਦਾ ਮੁੱਦਾ ਪ੍ਰਕਾਸ਼ ਵਿੱਚ ਲਿਆਉਣ ਲਈ ਵੇਟਲਿਫਟਰ ਤੀਰਥ ਰਾਮ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ।
