ਮਾਮਲਾ ਬਾਬਾ ਦਾਦੂਵਾਲ ਨੂੰ ਬਾਰ-ਬਾਰ ਗ੍ਰਿਫਤਾਰ ਕਰਨ ਦਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਬਾਰ-ਬਾਰ ਗ੍ਰਿਫਤਾਰ ਕਰਨਾਂ ਬਾਦਲ ਸਰਕਾਰ ਦੀ ਸਿੱਖ ਵਿਰੋਧੀ ਨੀਤੀ ਦਾ ਹਿੱਸਾ ਹੈ ਅਤੇ ਜਾਗਦੀ ਜਮੀਰ ਵਾਲੇ ਸਿੱਖ ਆਗੂਆਂ ਨੂੰ ਝੂੱਠੇ ਕੇਸਾਂ ਵਿੱਚ ਉਲਝਾ ਕੇ ਅੰਦਰ ਡੱਕੀ ਰੱਖਣਾਂ ਦਰਸਾਉਦਾਂ ਹੈ ਕਿ ਬਾਦਲ ਸਰਕਾਰ ਔਰੰਗਜੇਬ ਦੇ ਨਕਸੇ ਕਦਮਾਂ 'ਤੇ ਚੱਲ ਰਹੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਖਾਲਸਾ, ਸਿੱਖ ਫੈਡਰੇਸ਼ਨ ਦੇ ਭਾਈ ਗੁਰਮੀਤ ਸਿੰਘ ਖਨਿਆਣ, ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਗੂ ਭਾਈ ਲਖਵਿੰਦਰ ਸਿੰਘ ਮੱਲ੍ਹੀ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਬਾਦਲ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦਾ ਤਾਂ ਉਸੇ ਦਿਨ ਹੀ ਭੋਗ ਪਾ ਦਿੱਤਾ ਸੀ ਜਦ ਇਸ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਨਾ ਹੋਣ ਦੇਣਾਂ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਦੀਆਂ ਸਾਲਾਂਬੱਧੀ ਨਜਾਇਜ਼ ਨਜਰਬੰਦੀਆਂ ਦਰਸਾਉਦੀਆਂ ਹਨ ਕਿ ਸੱਤਾ ਸੁੱਖ ਦੀ ਪ੍ਰਾਪਤੀ ਲਈ ਬਾਦਲ ਪਰਿਵਾਰ ਨੇ ਪੂਰੀ ਕੌਂਮ ਨੂੰ ਦਾਅ 'ਤੇ ਲਾ ਦਿੱਤਾ ਹੈ ਜਦਕਿ ਔਰੰਗਜੇਬ ਨੇ ਤਾਂ ਸੱਤਾ ਲਈ ਸਿਰਫ ਅਪਦਾ ਪਿਉ 'ਤੇ ਭਰਾ ਹੀ ਮਾਰੇ ਸਨ।
ਸਿੱਖ ਕੌਂਮ ਦੀ ਅਜ਼ਾਦੀ ਲਈ ਸੰਘਰਸ਼ਸੀਲ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਜਾਰੀ ਸਾਂਝੇਂ ਬਿਆਨ ਵਿੱਚ ਅਜੋਕੇ ਸੰਤ ਸਮਾਜ ਦੀ ਵੀ ਅਲੋਚਨਾ ਕੀਤੀ ਗਈ ਜੋ ਪੰਜਾਬ ਵਿੱਚ ਸਿੱਖਾਂ ਨਾਲ ਹੋ ਰਹੀ ਅੱਤ ਦੀ ਬੇਇੰਨਸਾਫੀ ਦੇ ਬਾਵਜੂਦ ਵੀ ਬੋਲਣ ਦਾ ਹੀਆ ਨਹੀ ਕਰਦਾ। ਇਹਨਾਂ ਆਗੂਆਂ ਨੇ ਬਾਦਲ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹ ਭੁਲੇਖੇ ਵਿੱਚ ਨਾ ਰਹੇ ਕੇ ਸੱਤਾ ਦੇ ਜੋਰ ਨਾਲ ਪੰਜਾਬ ਵਿੱਚ ਵਿਚਰ ਰਹੇ ਸਿੰਘਾਂ ਨੂੰ ਦਬਾਅ ਲਏਗਾ, ਇੱਕ ਦਿਨ ਅਜਿਹਾ ਆਵੇਗਾ ਜਦ ਬਾਦਲ ਨੂੰ ਹਰ ਜੁਲਮ ਦਾ ਹਿਸਾਬ ਦੇਣਾ ਪਵੇਗਾ। ਉਪਰੋਕਤ ਆਗੂਆਂ ਨੇ ਸੰਤ ਸਮਾਜ, ਜੁਝਾਰੂ ਧਿਰਾਂ ਅਤੇ ਸਿਮਰਨਜੀਤ ਸਿੰਘ ਮਾਂਨ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਜੁੱਟ ਹੋ ਕੇ ਬਾਦਲ ਦੇ ਜਬਰ ਦਾ ਮੁਕਾਬਲਾ ਕਰਨ ਲਈ ਅੱਗੇ ਆਉਣ।
