ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਜੋ ਸਕਤੀ ਪ੍ਰਦਰਸ਼ਨ ਸੰਘ ਪਰਿਵਾਰ ਵੱਲੋਂ ਕੀਤੇ ਜਾ ਰਹੇ ਹਨ ਉਹ ਸਿੱਖਾਂ ਅੰਦਰ ਦਹਿਸਤ ਪੈਦਾ ਕਰਨ ਦੀ ਕਾਰਵਾਈ ਹੈ । ਇਹਨਾਂ ਦਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਵਾਸ਼ੀ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਹੁਣ ਕੁੱਭਕਰਨੀ ਨੀਂਦ 'ਤੋਂ ਜਾਗਣਾ ਚਾਹੀਦਾਂ ਹੈ ।
ਭਾਈ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖ ਇੱਕ ਸਾਂਤਮਈ ਕੌਂਮ ਹੈ ਜਿਸਨੇ ਭਾਰਤ ਦੇਸ਼ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ ਪਰ ਹੁਣ ਆਰ ਐਸ ਐਸ ਵੱਲੋਂ ਦਿਖਾਈਆਂ ਜਾਣ ਵਾਲੀਆਂ ਅੱਖਾਂ ਬਰਦਾਸਤਯੋਗ ਨਹੀ ।
ਲੰਮੇਂ ਅਰਸੇ 'ਤੋਂ ਪੈਰਿਸ ਰਹਿੰਦੇਂ ਅਤੇ ਪੰਜਾਬ ਦੇ ਬਰਨਾਲਾ ਹਲਕੇ ਨਾਲ ਸਬੰਧਤ ਭਾਈ ਕਰਮਜੀਤ ਸਿੰਘ ਨੇ ਪਿਛਲੇ ਦਿਨੀ ਬਰਨਾਲਾ ਵਿੱਚ ਆਰ ਐਸ ਐਸ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੱਟੜ ਹਿੰਦੂ ਜਥੇਬੰਦੀਆਂ ਨੂੰ ਹਥਿਆਰਾਂ ਦਾ ਕੁੱਝ ਜਿਆਦਾ ਹੀ ਸੌਂਕ ਜਾਗ ਪਿਆ ਹੈ ਤਾਂ ਚੀਨ ਅਤੇ ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਜਾ ਕੇ ਰਾਖੀ ਕਰਨ ਨਾਂ ਕਿ ਬਜਾਰਾਂ ਵਿੱਚ ਖਰੀਦੋ ਫਰੋਖਤ ਕਰਨ ਆਏ ਲੋਕਾਂ ਅਤੇ ਉਹਨਾਂ ਦੇ ਬੱਚਿਆਂ ਵਿੱਚ ਦਹਿਸਤ ਦਾ ਮਹੌਲ ਸਿਰਜਣ ।
