ਕੁਸੱਤਸੰਗ ਰੋਕ ਰਹੇ ਸਿੱਖਾਂ ਤੇ ਕੇਸ ਦਰਜ ਕਰਨੇ ਨਿੰਦਣਯੋਗ : ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੱਖੂ ਕਾਂਡ, ਫਿਰੋਜ਼ਪੁਰ ਅਤੇ ਕਈ ਹੋਰ ਥਾਵਾਂ 'ਤੇ ਸਿੱਖ ਕੌਂਮ ਨੂੰ ਚੁਣੌਤੀ ਰਹੇ ਵੱਖ-ਵੱਖ ਡੇਰਿਆਂ ਦੇ ਪੈਰੋਕਾਰਾਂ ਦਾ ਸਾਂਤਮਈ ਵਿਰੋਧ ਕਰ ਰਹੇ ਸਿੱਖ ਨੌਜਵਾਨਾਂ 'ਤੇ ਕੇਸ ਦਰਜ ਕਰਨੇ ਅਤਿ ਨਿੰਦਣਯੋਗ ਕਾਰਵਾਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੈਰਿਸ 'ਤੋ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਮੁੱਖੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੰਜਾਬ ਵਿੱਚ ਡੇਰਾਵਾਦ ਦੀ ਜੜ੍ਹਾਂ ਪੱਕੀਆਂ ਕਰਵਾਉਣ ਵਿੱਚ ਜੋ ਯੋਗਦਾਨ ਪਾਇਆ ਹੈ ਉਹ ਕੌਂਮ ਲਈ ਅਭੁੱਲ ਹੈ ਤੇ ਆਉਣ ਵਾਲੀਆਂ ਪੀੜੀਆਂ ਬਾਦਲ ਸਾਹਿਬ ਨੂੰ ਕਦੇ ਵੀ ਮੁਆਫ ਨਹੀ ਕਰਨਗੀਆਂ।
ਭਾਈ ਪੈਡਰੋ ਨੇ ਕਿਹਾ ਗੁਰੂਆਂ-ਪੀਰਾਂ ਧਰਤੀ ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਬਾਦਲ ਸਾਹਿਬ ਦੇ ਪੰਥ ਪ੍ਰੇਮ ਦਾ ਸਬੂਤ ਹੈ। ਜਿਥੇ ਬਾਦਲ ਦਲ ਨੇ ਸਿੱਖ ਸਿਧਾਤਾਂ ਨੂੰ ਤਿਲਾਜ਼ਲੀ ਦੇ ਸਿਰਫ ਵੋਟਾਂ ਪੱਕੀਆਂ ਕਰਨ ਦੇ ਮਕਸਦ ਨਾਲ ਸੌਦਾ ਸਾਧ ਬਰੀ ਕਰਵਾ ਦਿੱਤਾ ਉੱਥੇ ਡੇਰਿਆਂ ਦਾ ਵਿਰੋਧ ਕਰਨ ਲਈ ਨਿਤਰ ਰਹੇ ਨੌਜਵਾਨਾਂ ਨੂੰ ਅੰਦਰ ਡੱਕਣ ਦਾ ਮਕਸਦ ਵੀ ਆਰ ਐਸ ਐਸ ਅਤੇ ਭਾਜਪਾ ਨੂੰ ਖ਼ੁਸ ਰੱਖਣਾ ਹੀ ਹੈ। ਭਾਈ ਪੈਡਰੋ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੋਲ ਤੇ ਵੀ ਨਰਾਜਗੀ ਜਾਹਰ ਕਰਦਿਆਂ ਉਹਨਾਂ ਨੂੰ ਅਪਲਿ ਕੀਤੀ ਹੈ ਕਿ ਜੇਕਰ ਉਹਨਾਂ ਦੇ ਪੰਜ ਤਾਰਾ ਹੋਟਲ ਦਾ ਕੰਮ ਨਿਬੜ ਗਿਆ ਹੋਵੇ ਤਾਂ ਪੰਜਾਬ ਵਿੱਚ ਵੱਡੀ ਪੱਧਰ 'ਤੇ ਉਸਰ ਰਹੇ ਡੇਰਿਆਂ ਵੱਲ ਧਿਆਨ ਦੇਣ ਦੀ ਖੇਚਲ ਕਰਨ।