ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀਂ ਪੰਜਾਬ ਅਤੇ ਵਿਦੇਸ਼ਾਂ ਵਿੱਚੋ ਗ੍ਰਿਫਤਾਰ ਕਰ ਕੇ ਲਿਆਦੇਂ ਸਿੱਖ ਨੌਜਵਾਨ ਬੇਗੁਨਾਹ ਹਨ ਅਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਰਫ ਅਪਣੀ ਗੱਦੀ ਬਚਾਉਣ ਦਾ ਵਸੀਲਾ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਦਿਖਾਈਆਂ ਜਾ ਰਹੀਆਂ ਅੱਖਾਂ ਕਾਰਨ ਪ੍ਰੇਸ਼ਾਨ ਬਾਦਲ ਅਤੇ ਸੁਮੇਧ ਸੈਣੀ ਦੀ ਜੋੜੀ ਹੁਣ ਸਿੱਖ ਨੌਜਵਾਨਾਂ ਨੂੰ ਖਤਰਨਾਕ ਖਾੜਕੂ ਬਣਾ ਕੇ ਪੇਸ਼ ਕਰ ਕੇ ਹਿੰਦੂਂ ਭਾਈਚਾਰੇ ਦੀ ਹਮਦਰਦੀ ਖੱਟਣ ਦੇ ਕੋਝੇ ਯਤਨ ਕਰ ਰਹੀ ਹੈ ਜਦਕਿ ਸਿੱਖ ਸੰਘਰਸ਼ ਦਾ ਕਿਸੇ ਫਿਰਕੇ ਵਿਸੇਸ਼ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀ। ਜਲਾਵਤਨ ਰਹਿ ਕੇ ਸਿੱਖ ਕੌਂਮ ਦੀ ਅਜ਼ਾਦੀ ਲਈ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਖਾਲਸਾ, ਸਿੱਖ ਫੈਡਰੇਸ਼ਨ ਦੇ ਭਾਈ ਗੁਰਮੀਤ ਸਿੰਘ ਖਨਿਆਣ, ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਗੂ ਭਾਈ ਲਖਵਿੰਦਰ ਸਿੰਘ ਮੱਲ੍ਹੀ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਦੀਆਂ ਕੋਝੀਆਂ ਚਾਲਾਂ ਵਿੱਚ ਨਾਂ ਆਉਣ ਕਿਉਕਿ ਜੁਝਾਰੂਆਂ ਦਾ ਹਊਆ ਖੜਾ ਕਰ ਬਾਦਲ ਸਿਆਸਤ ਵਿੱਚ ਅਪਣੀ ਮਿਟ ਰਹੀ ਸ਼ਾਖ ਨੂੰ ਠੁੰਮਣਾ ਲਾ ਰਿਹਾ ਹੈ। ਉਪਰੋਕਤ ਆਗੂਆਂ ਨੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਵੱਲੋਂ ਪੇਸ਼ ਤੱਥਾਂ ਦਾ ਵੇਰਵਾ ਦਿੰਦੇਂ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2010 ਵਿੱਚ ਤਿੰਨ ਨੌਜਵਾਨਾਂ ਨੂੰ ਮਲੇਸੀਆਂ 'ਤੋ ਲਿਆ ਕੇ ਇਸੇ ਤਰਾਂ ਦਾ ਡਰਾਮਾਂ ਰਚਿਆ ਗਿਆ ਸੀ ਪਰ ਉਹ ਸਾਰੇ ਕੇਸਾਂ ਵਿੱਚੋ ਬਰੀ ਹੋ ਚੁੱਕੇ ਹਨ। ਹਰਮਿੰਦਰ ਸਿੰਘ ਮਿੰਟੂ ਦੀ ਗ੍ਰਿਫਤਾਰੀ ਵਾਲੇ ਕੇਸ ਵਿੱਚੋਂ 8 ਜਣੇ ਅਦਾਲਤ ਵਿੱਚੋਂ ਪਹਿਲਾਂ ਹੀ ਬਰੀ ਹੋ ਜਾਣ ਦੇ ਬਾਵਜੂਦ ਮਿੰਟੂ ਨੂੰ ਖਤਰਨਾਕ ਖਾੜਕੂ ਦਰਸਾ ਕੇ ਸੁਮੇਧ ਸੈਣੀ ਅਪਣੀ ਪਿੱਠ ਆਪ ਹੀ ਥਾਪੜਨ ਦੀ ਕੋਸਿਸ਼ ਵਿੱਚ ਹਨ। ਭਾਈ ਲਹੌਰੀਆਂ ਦੇ ਚਾਰ ਅਤੇ ਹਰਨੇਕ ਸਿੰਘ ਭੱਪ ਵੀ ਅਜਿਹੇ ਪੰਜ ਕੇਸਾਂ ਵਿੱਚੋਂ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੋਰੀ ਲਿੱਲੀ ਸਰਮਾਂ ਕਾਂਡ ਵਿੱਚੋਂ ਅਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਵੀ ਦੋ ਸਾਲਾਂ ਦੀ ਨਜਾਇਜ ਨਜਰਬੰਦੀ ਬਾਅਦ ਰਿਹਾ ਹੋ ਚੁੱਕੇ ਹਨ।
ਜਰਮਨੀ ਦੇ ਇਹਨਾਂ ਪੰਥਕ ਆਗੂਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚੋਂ ਅਤੇ ਪੰਜਾਬ ਵਿੱਚੋਂ ਨਜਾਇਜ ਤਰੀਕਿਆਂ ਨਾਲ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਵਿੱਚ ਦਹਿਸਤ ਦਾ ਮਾਹੌਲ ਸਿਰਜਣ ਦੀ ਕੋਸਿਸ਼ ਕੀਤੀ ਜਾ ਰਹੀ ਤਾਂ ਜੋ ਪੰਜਾਬ ਦੇ ਲੋਕ ਸੁਮੇਧ ਸੈਣੀ ਉੱਪਰ ਅਗਵਾ ਅਤੇ ਕਤਲ ਦੇ ਚੱਲ ਰਹੇ ਮੁਕੱਦਮਿਆਂ ਨੂੰ ਭੁੱਲ ਅਖੌਤੀ ਨਵੇਂ ਅੱਤਵਾਦ ਦੇ ਫਿਕਰ 'ਚ ਰੁੱਝੇ ਰਹਿਣ।
