ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਸਾਥ ਦਿਉ: ਬੱਬਰ ਖਾਲਸਾ ਬੈਲਜ਼ੀਅਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਨਾਲੋ ਵੀ ਜਿਆਦਾ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਚਿਰਾਂ 'ਤੋਂ ਲਟਕਦਾ ਆ ਰਿਹਾ ਹੈ। ਸਿੱਖ ਕੌਂਮ ਵੱਲੋਂ ਹਰ ਤਰਾਂ ਦੇ ਯਤਨਾਂ ਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੋਂ ਜੂਂ ਨਹੀ ਸਰਕੀ ਜਿਸ ਕਰਕੇ ਭਾਈ ਗੁਰਬਖ਼ਸ ਸਿੰਘ ਖਾਲਸਾ ਹਰਿਆਣਾ ਦੇ ਗੁਰਦਵਾਰਾ ਲਖਨੌਰ ਸਾਹਿਬ ਵਿੱਖੇ ਪਿਛਲੇ 17 ਦਿਨਾਂ 'ਤੋਂ ਮੁੜ ਭੁੱਖ ਹੜਤਾਲ ਤੇ ਬੈਠ ਗਏ ਹਨ।
ਭਾਈ ਖਾਲਸਾ ਵੱਲੋਂ ਰੱਖੀ ਭੁੱਖ ਹੜਤਾਲ ਦਾ ਸਮਰੱਥਨ ਕਰਦੇ ਹੋਏ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਸਵੀਰ ਸਿੰਘ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅਪਣੀ ਉਮਰ ਦੇ ਬੇਸ਼ਕੀਮਤੀ ਵਰ੍ਹੇ ਕੌਂਮੀ ਸੰਘਰਸ਼ ਦੇ ਲੇਖੇ ਲਾ ਅਪਣਾ ਫਰਜ ਅਦਾ ਕਰ ਚੁੱਕੇ ਉਹਨਾਂ ਬਹਾਦਰ ਸੂਰਬੀਰਾਂ ਦੀ ਬੰਦ ਖਲਾਸੀ ਲਈ ਸਾਨੂੰ ਸਭ ਨੂੰ ਭਾਈ ਗੁਰਬਖਸ਼ ਸਿੰਘ ਦਾ ਸਾਥ ਦੇਣਾ ਚਾਹੀਦਾਂ ਹੈ। ਬੱਬਰ ਖਾਲਸਾ ( ਸ਼ਹੀਦ ਭਾਈ ਤਲਵਿੰਦਰ ਸਿੰਘ ) ਦੇ ਬੈਲਜ਼ੀਅਮ ਯੁਨਿਟ ਵੱਲੋਂ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ ਹਰ ਤਰਾਂ ਸਾਥ ਦੇਣ ਦਾ ਵਾਅਦਾ ਕਰਦਿਆਂ ਉਪਰੋਕਤ ਆਗੂਆਂ ਨੇ ਸਮੁੱਚੀ ਸਿੱਖ ਕੌਂਮ ਨੂੰ ਅਪੀਲ ਕੀਤੀ ਗਈ ਹੈ ਕਿ ਨਿੱਜੀ ਗਿਲੇ-ਸਿਕਵੇ ਭੁਲਾ ਕੇ ਪਹਿਲਾਂ ਦੀ ਤਰਾਂ ਹੀ ਵੱਡੀ ਲੋਕ ਲਹਿਰ ਬਣਾ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦੇਵੇ। ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਗੁਰਦਵਾਰਾ ਅੰਬ ਸਾਹਿਬ ਮੁਹਾਲੀ ਵਿੱਖੇ ਭਾਈ ਗੁਰਬਖਸ਼ ਸਿੰਘ ਨੇ 44 ਦਿਨ ਭੁੱਖ ਹੜਤਾਲ ਰੱਖੀ ਸੀ ਜਿਸ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਸੀ ਅਤੇ ਉਸ ਸਮੇਂ ਉਹਨਾਂ ਨੂੰ ਹਰ ਵਰਗ ਦਾ ਭਰਪੂਰ ਸਮਰੱਥਨ ਮਿਲਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਅਤੇ ਸੰਤ ਸਮਾਜ ਦੇ ਆਗੂਆਂ ਨੇ ਬਾਦਲ ਸਰਕਾਰ ਨੂੰ ਸੰਕਟ ਵਿੱਚੋਂ ਕੱਢਣ ਲਈ ਭਾਈ ਗੁਰਬਖਸ਼ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਸਤਾ ਪਾ ਅਤੇ ਬੰਦੀਂ ਸਿੰਘਾਂ ਦੀ ਰਿਹਾਈ ਦੀ ਗਰੰਟੀ ਲੈਂਦਿਆਂ ਮੋਰਚਾ ਖਤਮ ਕਰਵਾ ਦਿੱਤਾ ਸੀ ਪਰ ਇਹ ਵਾਰ ਭਾਈ ਸਾਹਿਬ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ਵਿੱਚ ਹਨ।