ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਨਾਲੋ ਵੀ ਜਿਆਦਾ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਭਾਰਤ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਸਿੱਖ ਕੌਂਮ ਵੱਲੋਂ ਹਰ ਤਰਾਂ ਦੇ ਯਤਨਾਂ ਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੋਂ ਜੂਂ ਨਹੀ ਸਰਕੀ ਜਿਸ ਕਰਕੇ ਹਰਿਆਣੇ ਨਾਲ ਸਬੰਧਤ ਇੱਕ ਸਿੱਖ ਭਾਈ ਗੁਰਬਖ਼ਸ ਸਿੰਘ ਖਾਲਸਾ ਵੀ ਮੁੜ ਭੁੱਖ ਹੜਤਾਲ ਤੇ ਬੈਠ ਗਏ ਹਨ।
ਭਾਈ ਸਿਮਰਨ ਸਿੰਘ ਦੁਆਰਾ ਤਿਆਰ ਪੰਜਾਬੀ ਫਿਲਮ ਅਨਿਆਂ ਦੀ ਖੇਡ ( ਗੇਮ ਆਫ ਅਨਜਸਟਿਸ ) ਅੱਜ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਲੱਗ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅਟਕਾਏ ਜਾ ਰਹੇ ਰੋੜਿਆ ਨੂੰ ਪੇਸ਼ ਕਰਦੀ ਇਸ ਫਿਲਮ ਨੂੰ ਦੇਖਣ ਲਈ ਹਰ ਸਿੱਖ ਪਰਿਵਾਰ ਬੱਚਿਆਂ ਸਮੇਤ ਜਰੂਰ ਪਹੁੰਚੇ।
ਭਾਈ ਪੈਡਰੋ ਨੇ ਕਿਹਾ ਕਿ ਭਾਈ ਸਿਮਰਨ ਸਿੰਘ ਹੋਰਾਂ ਨੇ ਰਿਹਾਈ ਨਾ ਹੋਣ ਕਾਰਨ ਆਰਥਿਕ, ਮਾਨਸਿਕ ਅਤੇ ਸਰੀਰਕ ਤੰਗੀਆਂ ਕੱਟ ਰਹੇ ਇਹਨਾਂ ਸਿੱਖ ਕੈਦੀਆਂ ਦੀ ਤਰਾਸਦੀ ਨੂੰ ਵੱਡੇ ਪਰਦੇ 'ਤੇ ਪੇਸ਼ ਕਰਕੇ ਇੱਕ ਸਲਾਘਾਯੋਗ ਉਦਮ ਕੀਤਾ ਹੈ।
