ਗੁਰਦਵਾਰਾ ਸਾਹਿਬ ਵਿਲਵੋਰਦੇ ਸੰਗਤਾਂ ਦੇ ਦਰਸਨਾਂ ਲਈ ਮੁੜ ਖੁੱਲਿਆ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਸ਼ਹਿਰ ਵਿਲਵੋਰਦੇ ਵਿਖੇ ਗੈਰਕਾਨੂੰਨੀ ਰਹਿੰਦੇਂ ਪ੍ਰਵਾਸੀਆਂ ਵੱਲੋਂ ਗੁਰਦਵਾਰਾ ਸਾਹਿਬ ਦੇ ਲੰਗਰ ਵਿੱਚ ਅਪਣੇ ਢਿੱਡ ਦੀ ਅੱਗ ਬੁਝਾਉਣ ਦਾ ਬੇਹੂਦਾ ਇਲਜਾਮ ਲਗਾ ਕੇ ਬੰਦ ਕੀਤਾ ਗੁਰਦਵਾਰਾ ਸਾਹਿਬ ਕੱਲ ਮੁੱੜ ਖੁੱਲ੍ਹ ਗਿਆ ਹੈ। ਪਿਛਲੇ ਦੋ ਮਹੀਨਿਆਂ 'ਤੋਂ ਬੰਦ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਜੋ 21 ਨਵੰਬਰ ਨੂੰ ਸੰਗਤਾਂ ਦੇ ਦਰਸਨਾਂ ਲਈ ਖੁੱਲਣਾ ਸੀ ਬਾਰੇ ਫੈਸਲਾ ਲੈਂਦਿਆਂ ਵਿਲਵੋਰਦੇ ਸ਼ਹਿਰ ਦੇ ਮੇਅਰ ਨੇ ਇਹ ਪਾਬੰਦੀ 11 ਦਸੰਬਰ ਤੱਕ ਵਧਾ ਦਿੱਤੀ ਸੀ। ਨਵੇਂ ਫੈਸਲੇ ਬਾਅਦ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੇਅਰ ਨਾਲ ਫਿਰ ਗੱਲਬਾਤ ਕੀਤੀ ਗਈ ਸੀ।
ਮੇਅਰ ਹੰਸ ਬੋਂਟੇ ਨੇ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ 9 ਦਸੰਬਰ ਨੂੰ ਸਲਾਹ-ਮਸ਼ਵਰਾ ਕਰਨ ਉਪਰੰਤ ਕੱਲ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਲਿਖਤੀ ਰਸਮੀ ਕਾਗਜੀ ਕਾਰਵਾਈ ਪੂਰੀ ਕਰਨ ਬਾਅਦ ਦੁਪਿਹਰੇ ਡੇਢ ਵਜੇ ਗੁਰਦਵਾਰਾ ਸਾਹਿਬ ਸੰਗਤਾਂ ਦੇ ਦਰਸਨਾਂ ਲਈ ਖੁੱਲ ਗਿਆ ਹੈ। ਕਮੇਟੀ 'ਤੋਂ ਇਲਾਵਾ ਸਿੱਖ ਭਾਈਚਾਰੇ ਨੇ ਆਪੋ-ਅਪਣੇ ਤਰੀਕੇ ਮੇਅਰ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੇਅਰ ਅਪਣੇ ਫੈਸਲੇ ਤੇ ਅੜਿਆ ਰਿਹਾ ਸੀ। ਗੁਰਦਵਾਰਾ ਸਾਹਿਬ ਨੂੰ ਬੰਦ ਕਰਨ ਖਿਲਾਫ ਕਮੇਟੀ ਵੱਲੋਂ ਮੇਅਰ ਵਿਰੁਧ ਕਾਨੂੰਨੀ ਕਾਰਵਾਈ ਅਤੇ ਯੂਰਪੀਨ ਪਾਰਲੀਮੈਂਟ ਸਾਹਮਣੇ ਰੋਸ ਮੁਜਾਹਰਾ ਵੀ ਕੀਤਾ ਗਿਆ ਸੀ। ਕੱਲ ਦੀ ਮੇਅਰ ਨਾਲ ਮੀਟਿੰਗ ਵਿੱਚ ਪ੍ਰਧਾਨ ਜਰਨੈਲ ਸਿੰਘ,ਭਾਈ ਜਸਵੀਰ ਸਿੰਘ, ਸ: ਗੁਰਮੀਤ ਸਿੰਘ ਓਸਟੰਡੇਂ ਅਤੇ ਵਿਲਵੋਰਦੇ ਦਾ ਪੁਲਿਸ ਕਮਿਸ਼ਨਰ ਵੀ ਹਾਜਰ ਸਨ। ਦੋ ਮਹੀਨਿਆਂ ਦੀ ਉਡੀਕ ਬਾਅਦ ਗੁਰੂਘਰ ਲਈ ਹੋਣ ਵਾਲੇ ਫੈਸਲੇ ਸਮੇਂ ਸ: ਅਮਰੀਕ ਸਿੰਘ ਮੀਕਾ, ਪ੍ਰਮਜੀਤ ਸਿੰਘ ਪੰਮਾਂ, ਕੁਲਦੀਪ ਸਿੰਘ ਬੀਕਾ, ਪਵਨ ਕੁਮਾਰ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਕਈ ਬੀਬੀਆਂ ਵੀ ਵਿਲਵੋਰਦੇ ਪਹੁੰਚੀਆਂ ਹੋਈਆਂ ਸਨ।