ਸਿੱਖ ਹਿੰਦੂ ਨਹੀ : ਪਟੀਸ਼ਨ 'ਤੇ ਹਰੇਕ ਸਿੱਖ ਕਰੇ ਦਸਤਖਤ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਮਰੀਕਾ ਦੀ ਸਿੱਖ਼ਜ ਫਾਰ ਜਸਟਿਸ ਨਾਂ ਦੀ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਅਮਰੀਕਨ ਰਾਸਟਰਪਤੀ ਬਰਾਕ ਉਬਾਮਾਂ ਦੀ ਭਾਰਤ ਯਾਤਰਾ ਦੇ ਮੱਦੇਨਜ਼ਰ ਵਿੱਢੀ ਦਸਤਖਤੀ ਮੁਹਿੰਮ "ਸਿੱਖ ਹਿੰਦੂ ਨਹੀ" ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁਗਾਰਾਂ ਮਿਲ ਰਿਹਾ ਹੈ। ਯੂਰਪ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਅਤੇ ਦਲ ਖਾਲਸਾ ਵੱਲੋਂ ਬਿਆਨ ਜਾਰੀ ਕਰਦਿਆਂ ਸਿੱਖ ਜਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਹਰ ਸਿੱਖ ਇਸ ਪਟੀਸ਼ਨ 'ਤੇ ਜਰੂਰ ਦਸਤਖਤ ਕਰੇ।
31 ਦਸੰਬਰ ਤੱਕ ਕੀਤੇ ਜਾਣ ਵਾਲੇ ਇੱਕ ਲੱਖ ਦਸਤਖਤਾਂ ਵਾਲੀ ਇਸ ਪਟੀਸ਼ਨ ਨਾਲ ਅਮਰੀਕਨ ਰਾਸਟਰਪਤੀ ਬਰਾਕ ਉਬਾਮਾ ਉੱਪਰ ਇਹ ਦਬਾਅ ਬਣਾਇਆ ਜਾਵੇਗਾ ਕਿ ਉਹ ਅਪਣੀ 26 ਜਨਵਰੀ ਦੀ ਭਾਰਤ ਫੇਰੀ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਸਵਾਲ ਕਰ ਸਕਣ ਕਿ ਭਾਰਤ ਦੇ ਸਵਿਧਾਨ ਵਿੱਚ ਵੱਖਰੀ ਕੌਂਮ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਇਆ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਇੱਕ ਵੱਖਰੀ ਕੌਂਮ ਮੰਨਣ ਵਿੱਚ ਹਰਜ ਕੀ ਹੈ ?
ਯੂਰਪ ਦੇ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ ਜਰਮਨੀ, ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜ਼ਰਲੈਂਡ, ਭਾਈ ਜਗਮੋਹਣ ਸਿੰਘ ਮੰਡ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਬੈਲਜ਼ੀਅਮ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜੇਕਰ ਭਾਰਤ ਦਾ ਸਵਿਧਾਨ ਮੁਸਲਮਾਨਾਂ, ਜੈਨੀਆਂ, ਬੋਧੀਆਂ ਅਤੇ ਇਸਾਈਆਂ ਨੂੰ ਵੱਖਰੀ ਕੌਂਮ ਮੰਨਦਾ ਹੈ ਤਾਂ ਸਿੱਖਾਂ ਨੂੰ ਇੱਕ ਵੱਖਰੀ ਕੌਂਮ ਮੰਨਣ ਵਿੱਚ ਕੀ ਸਮੱਸਿਆ ਹੈ ?
ਜਦ ਉਪਰੋਕਤ ਆਗੂਆਂ ਨੂੰ ਇਸ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਭਾਰਤੀ ਸਵਿਧਾਨ ਵੱਲੋਂ  ਮੰਨਣ ਨਾਂ ਮੰਨਣ ਨਾਲ ਕੀ ਫਰਕ ਪੈਂਦਾ ਹੈ ਤਾਂ ਉਹਨਾਂ ਕਿਹਾ ਕਿ ਜਦ 1984 ਵਿੱਚ ਮਹੀਨਿਆਂ ਭਰ ਦੇ ਮਾਸੂਮ ਬੱਚਿਆਂ ਨੂੰ ਕਾਨਪੁਰ ਦੀਆਂ ਬਲਦੀਆਂ ਭੱਠੀਆਂ ਵਿੱਚ ਸੁੱਟਿਆਂ ਜਾਦਾਂ ਹੈ ਤਾਂ ਸਿੱਖ ਵੱਖਰੀ ਕੌਂਮ, ਜਦ ਸ੍ਰੀ ਹਰਿਮੰਦਰ ਸਾਹਿਬ Ḕਤੇ ਹਮਲਾ ਕੀਤਾ ਜਾਦਾਂ ਹੈ ਤਾਂ ਮੁਕਾਬਲਾ ਕਰਨ ਵਾਲੇ ਸਿੱਖ ਵੱਖਵਾਦੀ ਅਤੇ ਪੰਜਾਬ ਵਿੱਚੋਂ ਅਣਪਛਾਤੇ ਕਹਿ ਕੇ ਸਾੜੇ ਗਏ 25000 ਨੌਜਵਾਨ ਸਾਰੇ ਦੇ ਸਾਰੇ ਸਿੱਖ ਪਰ ਸਵਿਧਾਨ ਵਿੱਚ ਸਿੱਖ ਹਿੰਦੂਆਂ ਦਾ ਅੰਗ। ਇਸ ਲਈ ਜਦ ਭਾਰਤ ਵਿੱਚ ਸਿੱਖ ਹੋਣਾਂ ਹੀ ਜੁਲਮ ਹੈ ਤਾਂ ਕਿਉਂ ਨਹੀ ਸਿੱਖਾਂ ਨੂੰ ਵੀ ਵੱਖਰੀ ਕੌਂਮ ਮੰਨ ਲਿਆ ਜਾਦਾਂ।