ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜ਼ੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਲਈ ਪਿਛਲੇ 54 ਦਿਨਾਂ 'ਤੋ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਦੇ ਸੱਦੇ 7 ਜਨਵਰੀ ਨੂੰ ਰੋਸ ਮੁਜਾਹਰੇ ਕਰਨ ਅਤੇ ਨਾਮ ਸਿਮਰਨ ਦੇ ਸੱਦੇ ਨੂੰ ਭਾਰੀ ਹਿਮਾeਤ ਮਿਲਦੀ ਦਿਖਾਈ ਦੇ ਰਹੀ ਹੈ। ਜਰਮਨੀ ਅਤੇ ਬੈਲਜ਼ੀਅਮ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ, ਦਲ ਖਾਲਸਾ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਸਿੱਖ ਫੈਡਰੇਸ਼ਨ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ, ਭਾਈ ਗੁਰਮੀਤ ਸਿੰਘ ਖਨਿਆਣ ਅਤੇ ਬੈਲਜ਼ੀਅਮ 'ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਪੰਜਾਬ ਸਮੇਤ ਵਿਸ਼ਵ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਬਰਦਸਤ ਰੋਸ ਵਿਖਾਵਿਆਂ ਨਾਲ 7 ਜਨਵਰੀ ਦੇ ਦਿਨ ਇਤਿਹਾਸਿਕ ਬਣਾ ਦੇਣ। ਉਪਰੋਕਤ ਆਗੂਆਂ ਨੇ ਦੱਸਿਆਂ ਕਿ ਇਸੇ ਦਿਨ ਇੰਗਲੈਂਡ ਅਤੇ ਜਰਮਨ ਦੇ ਸਿੱਖਾਂ ਵੱਲੋਂ ਭਾਰੀ ਰੋਸ ਮੁਜਾਹਰੇ ਕੀਤੇ ਜਾਣਗੇ।
ਉਪਰੋਕਤ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਵਿਸ਼ਵ ਭਰ ਦੀ ਸਮੂਹ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਉਹ ਅਪਣਾ ਫਰਜ ਪਛਾਣਦੇ ਹੋਏ ਵੱਧ 'ਤੋਂ ਵੱਧ ਰੋਸ ਵਿਖਾਵੇ ਕਰਨ ਪਰ ਜਿਥੇ ਸਿੱਖ ਥੋੜੀ ਗਿਣਤੀ ਵਿੱਚ ਹਨ ਉਹ ਸਥਾਨਕ ਪ੍ਰਸਾਸ਼ਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਮੋਰੰਡਮ ਦੇਣ।
