ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਜਿਥੇ ਆਰ ਐਸ ਐਸ ਵਰਗੀਆਂ ਘੱਟਗਿਣਤੀ ਨੂੰ ਨਿਗਲ ਲੈਣ ਦੇ ਸੁਪਨੇ ਵਾਲੀਆਂ ਜਥੇਬੰਦੀਆਂ ਅਪਣੇ ਪੈਰ ਪਸਾਰ ਰਹੀਆਂ ਉੱਥੇ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਵਰਗੇ ਨੌਜਵਾਂਨ ਨੇ ਸਿੱਖ ਪੰਥ ਚੜਦੀ ਕਲ੍ਹਾ ਲਈ ਗੁਰਮਤਿ ਪ੍ਰਚਾਰ ਸੇਵਾ ਲਹਿਰ ਰਾਂਹੀ ਸਿੱਖੀ ਦਾ ਪ੍ਰਚਾਰ ਵਿੱਢਿਆ ਹੋਇਆ ਹੈ।
ਜੋ ਕੰਮ ਕਰੋੜਾਂ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਨਹੀ ਕਰ ਸਕੀ ਉਹ ਬਹੁਤ ਹੀ ਸੀਮਤ ਆਰਥਿਕ ਸਾਧਨਾਂ ਅਤੇ ਸੰਗਤਾਂ ਵੱਲੋਂ ਦਿੱਤੇ ਤਿਲ-ਫੁੱਲ ਨਾਲ ਭਾਈ ਸੁਰਿੰਦਰ ਸਿੰਘ ਕਰ ਰਹੇ ਹਨ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਖਿਤਾਬ ਤਾਂ ਸ੍ਰੋਮਣੀ ਕਮੇਟੀ ਅਤੇ ਸਮੁੱਚੇ ਪੰਥ ਵੱਲੋਂ ਦਿੱਤਾ ਗਿਆ ਸੀ ਪਰ ਉਹਨਾਂ ਦੀ ਅਵਾਜ਼ ਨੂੰ ਘਰ-ਘਰ ਪਹੁੰਚਾਉਣ ਦਾ ਬੀੜਾ ਲਗਦਾ ਠੀਕਰੀਵਾਲ ਦੇ ਇਸ ਨੌਜਵਾਂਨ ਨੇ ਸਾਂਭ ਲਿਆ ਹੈ। ਗੁਰਮਤਿ ਪ੍ਰਚਾਰ ਸੇਵਾ ਲਹਿਰ ਵੱਲੋਂ ਸੰਤਾਂ ਦੇ ਕਹੇ ਵਚਨਾਂ ਨੂੰ "ਸੰਤ ਕਹਿੰਦੇ ਰਹੇ" ਦੇ 13 ਭਾਗ ਛਪਵਾ ਕੇ ਮੁਫਤ ਲੋਕਾਂ ਵਿੱਚ ਵੰਡੇ ਗਏ ਹਨ ਅਤੇ 14ਵਾਂ ਛਪਾਈ ਅਧੀਨ ਹੈ। ਇਸ 'ਤੋਂ ਇਲਾਵਾ ਰਾਜ ਕਾਕੜਾ ਦੀ ਫਿਲਮ "ਕੌਂਮ ਦੇ ਹੀਰੇ" ਪੰਜਾਬ ਸਰਕਾਰ ਅਤੇ ਭਾਰਤੀ ਸੈਂਸਰ ਬੋਰਡ ਵੱਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਅਤੇ ਧਾਰਮਿਕ ਫਿਲਮ ਚਾਰ ਸਾਹਿਬਜਾਦੇ ਵੀ ਸੈਂਕੜੇ ਪਿੰਡਾਂ ਵਿੱਚ ਮੁਫਤ ਦਿਖਾ ਚੁੱਕੇ ਹਨ। ਮੌਜੂਦਾ ਸਿੱਖ ਸੰਘਰਸ਼ ਵਿੱਚ ਸ਼ਹੀਦੀਆਂ ਪਾ ਗਏ ਸਿੰਘਾਂ ਦੇ ਸੈਂਕੜੇ ਪਰਿਵਾਰਾਂ ਦੇ ਦੁੱਖਾਂ ਵਿੱਚ ਸਰੀਕ ਹੋਣਾਂ ਅਤੇ ਉਹਨਾਂ ਨਮਿੱਤ ਸਮਾਗਮ ਕਰਵਾ ਪਰਿਵਾਰਾਂ ਨੂੰ ਸਨਮਾਨਿਤ ਕਰਨਾਂ ਵੀ ਭਾਈ ਠੀਕਰੀਵਾਲਾ ਦੇ ਹਿੱਸੇ ਹੀ ਆਇਆ ਹੈ। ਬਹੁਤ ਵਾਰ ਪੰਜਾਬ ਪੁਲਿਸ ਵੱਲੋਂ ਖੱਜ਼ਲ ਖੁਆਰ ਕਰਨ ਦੇ ਬਾਵਜੂਦ ਕਈ ਵਿਸ਼ਾਲ ਰੋਸ ਮਾਰਚ ਅਤੇ ਕੱਲ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਹਿਮਾਇਤ ਵਿੱਚ ਭਾਰੀ ਖਾਲਿਸਤਾਨੀ ਬੰਦੀਛੋੜ ਮਾਰਚ ਕੱਢ ਚੁੱਕਾ ਹੈ ਜਿਸ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੀਆਂ ਪੰਥਕ ਸਰਗਰਮੀਆਂ ਦੀ ਸਲਾਘਾ ਕਰਦੇ ਹੋਏ ਜਰਮਨੀ ਅਤੇ ਬੈਲਜ਼ੀਅਮ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ, ਦਲ ਖਾਲਸਾ ਅਤੇ ਸਿੱਖ ਫੈਡਰੇਸ਼ਨ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਗੁਰਮੀਤ ਸਿੰਘ ਖਨਿਆਣ ਅਤੇ ਬੈਲਜ਼ੀਅਮ 'ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਜਿਥੇ ਵੱਡੇ-ਵੱਡੇ ਬਾਬੇ ਸਰਕਾਰੀਆਂ ਇਜੰਸੀਆਂ ਦੇ ਹੱਥਾਂ ਵਿੱਚ ਖੇਡ ਰਹੇ ਉੱਥੇ ਗੁਰਮਤਿ ਪ੍ਰਚਾਰ ਲਹਿਰ ਦੀਆਂ ਸੇਵਾਵਾਂ ਇਤਿਹਾਸ ਦਾ ਹਿੱਸਾ ਬਣਨ ਦੇ ਕਾਬਲ ਹਨ।
