ਸਾਲ 'ਤੋਂ ਪਾਸਪੋਰਟ ਲਈ ਭਟਕ ਰਹੇ ਪੰਜਾਬੀ ਦਾ ਮਾਮਲਾ

 ਲੋਕ ਸਭਾ ਮੈਂਬਰ ਡਾਕਟਰ ਗਾਂਧੀ ਨੇ ਸੁਸਮਾ ਸਵਰਾਜ ਨੂੰ ਲਿਖਿਆ ਪੱਤਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਸਾਲ ਜਨਵਰੀ 2014 ਵਿੱਚ ਭਾਰਤੀ ਦੂਤਘਰ ਬਰੱਸਲਜ਼ ਵਿੱਚ ਅਪਣਾ ਭਾਰਤੀ ਪਾਸਪੋਰਟ ਨਵਿਆਉਣ ਦੀ ਅਰਜੀ ਦੇਣ ਬਾਅਦ ਹੁਣ ਤੱਕ ਚੱਕਰ ਕੱਟ ਰਹੇ ਪੰਜਾਬੀ ਅਮਰਜੀਤ ਸਿੰਘ ਸੰਗੜ ਲਈ ਪਟਿਆਲਾ ਹਲਕੇ 'ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਭਾਰਤ ਦੀ ਵਿਦੇਸ ਮੰਤਰੀ 'ਤੋਂ ਦਖਲ ਦੀ ਮੰਗ ਕੀਤੀ ਹੈ। ਡਾਕਟਰ ਗਾਂਧੀ ਦੇ ਪੱਤਰ ਦਾ ਜਵਾਬ ਦਿੰਦਿਆਂ ਭਾਰਤੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਨੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਬੈਲਜ਼ੀਅਮ ਰਹਿ ਰਹੇ ਪੰਜਾਬੀ ਅਮਰਜੀਤ ਸਿੰਘ ਦੀ ਬੇਨਤੀ ਅਤੇ ਪੰਜਾਬੀ ਅਖ਼ਬਾਰਾਂ ਵੱਲੋਂ ਸਾਲ ਭਰ 'ਤੋਂ ਲਟਕ ਰਹੇ ਪਾਸਪੋਰਟ ਦਾ ਮਾਮਲਾ ਪ੍ਰਕਾਸ਼ ਵਿੱਚ ਲਿਆਉਣ ਨਾਲ ਡਾਕਟਰ ਗਾਂਧੀ ਨੇ ਵਿਦੇਸ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ।
ਲੋਕ ਸਭਾ ਹਲਕਾ ਪਟਿਆਲਾ ਸੀਟ ਨੂੰ ਸ਼ਾਹੀ ਪਰਿਵਾਰ ਅਤੇ ਸੱਤਾਧਾਰੀ ਅਕਾਲੀਆਂ 'ਤੋਂ ਅਪਣੀ ਲੋਕ ਸੇਵਾ ਦੇ ਜੋਰ ਤੇ ਜਿੱਤ ਕੇ ਭਾਰਤੀ ਸੰਸਦ ਵਿੱਚ ਪ੍ਰਵੇਸ਼ ਕਰਨ ਵਾਲੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਪੰਜਾਬ ਵਿੱਚ ਆਂਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਜਿੱਠਣ ਲਈ ਕੀਤੀ ਜਾ ਰਹੀ ਪਹਿਲਕਦਮੀ ਦੀ ਪੰਜਾਬੀ ਭਾਈਚਾਰੇ ਵੱਲੋਂ ਭਾਰੀ ਸਲਾਘਾ ਹੋ ਰਹੀ ਹੈ।