ਭਾਈ ਤਾਰਾ ਦੀ ਭਾਰਤ ਹਵਾਲਗੀ ਵਿਰੁੱਧ ਕੌਂਮ ਇੱਕਜੁੱਟ ਹੋਵੇ: ਰੇਸ਼ਮ ਸਿੰਘ ਬੱਬਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਸਜਾਏ ਯਾਫਤਾ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਦੀ ਥਾਈਲੈਂਡ 'ਤੋਂ ਗ੍ਰਿਫਤਾਰੀ ਬਾਅਦ ਉਹਨਾਂ ਨੂੰ ਭਾਰਤ ਲਿਜਾਣ ਲਈ ਪੰਜਾਬ ਪੁਲਿਸ ਵੱਲੋਂ ਕਿਵਾਇਦ ਵਿੱਢੀ ਹੋਈ ਹੈ। ਅਫਵਾਹਾਂ ਮੁਤਾਬਕ ਉਹਨਾਂ ਦੀ ਭਾਰਤ ਹਵਾਲਗੀ ਨੂੰ ਦੋ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਹੁਣ ਇਸ ਜੁਝਾਰੂ ਦੀ ਭਾਰਤ ਹਵਾਲਗੀ ਰੋਕਣ ਲਈ ਚਾਰਜੋਈਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਲਈਆ ਜਾ ਰਹੀਆਂ ਜੋ ਇਹਨਾਂ ਦਿਨਾਂ ਵਿੱਚ  ਥਾਈ ਕੋਰਟ ਵਿੱਚ ਅਪੀਲ ਕਰਨਗੇ। ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਜਗਤਾਰ ਸਿੰਘ ਤਾਰਾ ਨੂੰ ਭਾਰਤ ਦੀ ਬੁੱਚੜ ਪੁਲਿਸ ਹੱਥੋਂ ਬਚਾਉਣ ਲਈ ਯਤਨ ਕਰੇ।
ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਅਪਣੇ ਬਿਆਨ ਵਿੱਚ ਆਖਿਆ ਅੱਜ ਜੋ ਪੰਜਾਬ ਵਿੱਚ ਸਿੱਖ ਨੌਜਵਾਨ ਜਿੰਦਾਂ ਹਨ ਉਹ ਭਾਈ ਤਾਰਾ ਅਤੇ ਭਾਈ ਹਵਾਰੇ ਹੋਰਾਂ ਦੀ ਟੀਮ ਵੱਲੋਂ ਕੀਤੀ ਕੁਰਬਾਨੀ ਸਦਕਾ ਹੀ ਹਨ। ਜਥੇਦਾਰ ਹੋਰਾਂ ਆਖਿਆ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਬੇਅੰਤੇ ਨੂੰ ਜੇ ਇਹ ਜੁਝਾਰੂ ਸਿੰਘ ਨਾਂ ਸੋਧਦੇ ਤਾਂ ਪੰਜਾਬ ਵਿੱਚ ਹਾਲਾਤ ਉਸ 'ਤੋਂ ਵੀ ਬਦਤਰ ਹੋ ਜਾਣੇ ਸਨ। ਅਜੋਕੇ ਅਕਾਲੀਆਂ ਵੱਲੋਂ ਸਿੱਖਾਂ ਦੀਆਂ ਅਸਲ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾਉਣ ਬਾਰੇ ਗੱਲ ਕਰਦੇ ਹੋਏ ਰੇਸ਼ਮ ਸਿੰਘ ਕਹਿੰਦੇਂ ਹਨ ਕਿ ਗਿੱਲ-ਬੇਅੰਤੇ ਦੇ ਜੁਲਮਾਂ ਸਮੇਂ ਇਹ ਲੋਕ ਖੁੱਡਾ ਵਿੱਚ ਛੁਪ ਡੰਗ ਟਪਾ ਰਹੇ ਸਨ ਜਿਹੜੇ ਹੁਣ ਸਿੱਖ ਜੁਝਾਰੂਆਂ ਦੀ ਸਾਰ ਲੈਣਾ ਵੀ ਜਰੂਰੀ ਨਹੀ ਸਮਝਦੇ ਜਦਕਿ ਇਹ ਭਲੀਭਾਂਤ ਜਾਣਦੇ ਹਨ ਕਿ ਇਹਨਾਂ ਨੂੰ ਰਾਜਭਾਗ ਵੀ ਭਾਈ ਤਾਰੇ ਹੋਰਾਂ ਦੇ ਐਕਸ਼ਨ ਸਦਕਾ ਹੀ ਮਿਲਿਆ ਹੈ। ਬੱਬਰ ਖਾਲਸਾ ਆਗੂ ਨੇ ਸਿੱਖ ਕੌਂਮ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਖਾਲਸਾ ਜੀ ਉਪਰੋਕਤ ਜੁਝਾਰੂਆਂ ਨੇ ਅਪਣੀਆਂ ਜਿੰਦਗੀਆਂ ਦੀ ਬਾਜ਼ੀ ਲਾ ਕੇ ਜੁਲਮ ਨੂੰ ਠੱਲਿਆ ਸੀ ਤੇ ਹੁਣ ਅਸੀਂ ਅਪਣਾ ਫਰਜ਼ ਪਛਾਣਦੇ ਹੋਏ ਭਾਈ ਤਾਰੇ ਦੀ ਭਾਰਤ ਹਵਾਲਗੀ ਨੂੰ ਰੋਕਣ ਲਈ ਥਾਈਲੈਂਡ ਸਰਕਾਰ, ਥਾਈ ਦੂਤਘਰਾਂ ਜਾਂ ਸੰਯੁਕਤ ਰਾਸਟਰ ਨੂੰ ਪੱਤਰ ਲਿਖ ਕੇ ਅਪਣਾ ਬਣਦਾ ਯੋਗਦਾਨ ਪਾਈਏ।