ਤੁਰਕੀ ਵਿੱਚ ਹੋਵੇਗਾ ਹੈਵੀਵੇਟ ਕਰਾਟੇ ਵਿਸ਼ਵ ਕੱਪ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਿੰਨ ਦਹਾਕੇ ਪਹਿਲਾਂ ਪੰਜਾਬ 'ਤੋਂ ਜਰਮਨ ਆ ਵਸੇ ਕਾਹਲੋਂ ਪਰਿਵਾਰ ਦਾ 18 ਸਾਲਾ ਨੌਜਵਾਨ ਅਮ੍ਰਿਤ ਕਾਹਲੋਂ ਜਰਮਨੀ ਦੀ ਰਾਸਟਰੀ ਟੀਮ ਲਈ ਚੁਣਿਆ ਗਿਆ ਹੈ। ਅਮ੍ਰਿਤ ਦੀ ਚੋਣ ਤੁਰਕੀ ਵਿੱਚ ਹੋ ਰਹੇ ਹੈਵੀਵੇਟ ਕਰਾਟੇ ਵਰਲਡ ਕੱਪ 'ਤੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਹੈ। ਇਸ ਚੋਣ ਲਈ 86 ਕਿਲੋਗਰਾਮ ਭਾਰ 'ਤੋਂ ਉੱਪਰ ਦੇ ਜਰਮਨੀ ਦੇ 16 ਸੂਬਿਆਂ ਦੇ ਚੋਟੀ ਦੇ ਖਿਡਾਰੀਆਂ ਨੇ ਭਾਗ ਲਿਆ ਪਰ ਸਭ Ḕਤੋਂ ਘੱਟ ਉਮਰ ਦਾ ਹੋਣ ਦੇ ਬਾਵਜੂਦ ਅਮ੍ਰਿਤ ਕਾਹਲੋਂ ਦੀ ਖੇਡ ਤਕਨੀਕ ਅਤੇ ਫੁਰਤੀ ਦੇ ਮੱਦੇਨਜ਼ਰ ਉਸਨੂੰ ਵਿਸ਼ਵ ਕੱਪ ਖੇਡਣ ਲਈ ਚੁਣ ਲਿਆ ਗਿਆ।
ਅਮ੍ਰਿਤ ਦੇ ਪਿਤਾ ਤਰਲੋਚਨ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਅਮ੍ਰਿਤ ਜਰਮਨੀ ਟੀਮ ਵੱਲੋਂ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਹੈ ਉੱਥੇ ਉਹ ਤੁਰਕੀ ਵਿੱਚ ਹੋ ਰਹੇ ਅੰਤਰਾਸਟਰੀ ਟੂਰਨਾਂਮੈਂਟ ਵਿੱਚ ਹਿੱਸਾ ਲੈਣ ਵਾਲਾ ਸਭ 'ਤੋਂ ਛੋਟੀ ਉਮਰ ਦਾ ਖਿਡਾਰੀ ਹੈ ਜੋ 23 'ਤੋਂ 27 ਮਾਰਚ ਤੱਕ ਸਾਨਾਂ ਦੇ ਭੇੜ ਵਿੱਚ ਭਿੜਨ ਜਾ ਰਿਹਾ ਹੈ। ਜਰਮਨੀ ਦੀ ਰਾਸਟਰੀ ਕਰਾਟੇ ਟੀਮ ਵਿਚਲੇ ਸਾਰੇ ਖਿਡਾਰੀ 21 ਸਾਲ 'ਤੋਂ ਉਪਰ ਦੇ ਹਨ ਪਰ ਇਸ 105 ਕਿਲੋ ਦੇ ਪੰਜਾਬੀ ਨੌਜਵਾਨ 'ਤੋਂ ਜਰਮਨ ਨੂੰ ਭਾਰੀ ਆਸਾਂ ਕਾਰਨ ਜਰਮਨ ਮੀਡੀਆ ਵੀ ਵੱਡੇ ਪੱਧਰ 'ਤੇ ਤਵੱਜੋ ਦੇ ਰਿਹਾ ਹੈ। ਅਮ੍ਰਿਤ ਕਾਹਲੋਂ ਨੂੰ ਜਰਮਨ ਦੀ ਰਾਸਟਰੀ ਟੀਮ ਲਈ ਚੁਣੇ ਜਾਣ 'ਤੇ ਤਰਲੋਚਨ ਸਿੰਘ ਅਤੇ ਸਰਦਾਰਨੀ ਰਾਜਬੀਰ ਕੌਰ ਕਾਹਲੋਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਪਰ ਪਰਿਵਾਰ ਇਸ ਨੂੰ ਬੱਚਿਆਂ ਦੀ ਮਿਹਨਤ ਅਤੇ ਵਾਹਿਗੁਰੂ ਦੀ ਕ੍ਰਿਪਾ ਕਹਿ ਅਕਾਲ ਪੁਰਖ ਦਾ ਧੰਨਵਾਦ ਕਰ ਰਿਹਾ ਹੈ।
ਇਥੇ ਵਰਨਣਯੋਗ ਹੈ ਕਿ ਅਮ੍ਰਿਤ 'ਤੋ ਇਲਾਵਾ ਉਸਦੀ ਵੱਡੀ ਭੈਣ ਅਨੀਤ ਜਰਮਨੀ ਦੀ ਨੈਸ਼ਨਲ ਟੀਮ ਦੀ ਅਤੇ ਛੋਟੀ ਭੈਣ ਅਮਨ ਵੀ ਕਰਾਟਿਆਂ ਦੀਆਂ ਚੋਟੀ ਖਿਡਾਰਨਾਂ ਹਨ।
