ਪਰਿਵਾਰ ਵੱਲੋਂ ਭਾਰਤੀ ਦੂਤਘਰ ਅਤੇ ਡਾਕਟਰ ਗਾਂਧੀ ਦਾ ਧੰਨਵਾਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਲੰਧਰ ਦੀ ਇੱਕ ਮਹਿਲਾ ਇਜੰਟ ਸੁਖਵਿੰਦਰ ਕੌਰ ਵੱਲੋਂ ਕਿਸੇ ਦਫਤਰ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਸੈਲਾਨੀ ਵੀਜ਼ੇ 'ਤੇ ਦੁਬਈ ਭੇਜੀ ਇੱਕ ਲੜਕੀ ਮਹੀਨੇ ਭਰ ਦੀ ਖੱਜਲ-ਖੁਆਰੀ ਬਾਅਦ ਕੱਲ ਵਾਪਸ ਪੰਜਾਬ ਪਹੁੰਚ ਗਈ ਹੈ। ਦੁਬਈ ਪਹੁੰਚਣ ਬਾਅਦ ਪੀੜਤ ਸੰਦੀਪ ਕੌਰ ਨੂੰ ਜਦ ਘਰੇਲੂ ਕੰਮਕਾਰ ਲਈ ਮਜਬੂਰ ਕੀਤਾ ਗਿਆ ਤਾਂ ਉਸ ਵੱਲੋਂ ਨਾਂਹ ਕਰਨ ਤੇ ਬੰਦੀ ਬਣਾ ਲਿਆ ਗਿਆ ਸੀ। ਪੀੜਤ ਲੜਕੀ ਸੰਦੀਪ ਕੌਰ ਦੇ ਬੈਲਜ਼ੀਅਮ ਰਹਿੰਦੇ ਨਜਦੀਕੀ ਰਿਸਤੇਦਾਰ ਸ੍ਰੀ ਤੀਰਥ ਰਾਮ ਵੱਲੋਂ ਇਸ ਸਬੰਧੀ ਦੁਬਈ ਸਥਿਤ ਭਾਰਤੀ ਦੂਤਘਰ ਅਤੇ ਪੁਲਿਸ ਮਹਿਕਮੇ ਨਾਲ ਸੰਪਰਕ ਕੀਤਾ ਗਿਆ। ਤੀਰਥ ਦਾ ਕਹਿਣਾ ਹੈ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਅਤੇ ਦੁਬਈ ਪੁਲਿਸ ਨੇ ਇਸ ਮਸਲੇ ਨੂੰ ਨਜਿੱਠਣ ਵਿੱਚ ਕਾਫੀ ਮੱਦਦ ਕੀਤੀ ਹੈ। ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਵੱਲੋਂ ਇਸ ਸਬੰਧੀ ਪਟਿਆਲਾ 'ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਤੱਕ ਵੀ ਪਹੁੰਚ ਕੀਤੀ ਤੇ ਡਾਕਟਰ ਗਾਂਧੀ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਫੌਰੀ ਕਾਰਵਾਈ ਦੀ ਮੰਗ ਕੀਤੀ ਸੀ। ਪੀੜਤ ਲੜਕੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੁਬਈ ਦੇ ਸ਼ਾਰਜਾਹ ਵਿੱਚ ਹੋਰ ਵੀ ਕਈ ਪੰਜਾਬੀ ਕੁੜੀਆਂ ਅਜਿਹੇ ਧੋਖਿਆਂ ਦਾ ਸ਼ਿਕਾਰ ਹਨ ਜੋ ਵਾਪਸ ਵਤਨ ਪਰਤਣ ਲਈ ਤਰਸ ਰਹੀਆਂ ਹਨ ਜਿਨ੍ਹਾਂ ਦੇ ਪਾਸਪੋਰਟ ਸਮੱਗਲਰਾਂ ਨੇ ਖੋਹ ਕੇ ਉਹਨਾ ਨੂੰ ਬੰਦੀ ਬਣਾਇਆ ਹੋਇਆ ਹੈ ਉਹਨਾਂ ਵਿੱਚੋਂ ਇੱਕ ਲੜਕੀ ਖੰਨੇ ਦੀ ਹੈ ਜੋ ਬੀਮਾਰੀ ਕਾਰਨ ਕੁਰਲਾਉਦੀ ਰਹਿੰਦੀ ਹੈ ਪਰ ਉਸਨੂੰ ਡਾਕਟਰੀ ਸਹਾਇਤੀ ਨਹੀ ਦਿੱਤੀ ਜਾ ਰਹੀ। ਪੀੜਤ ਲੜਕੀ ਦੇ ਪਰਿਵਾਰ ਵੱਲੋਂ ਇਸ ਸਬੰਧੀ ਜਲੰਧਰ ਪੁਲਿਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਕੋਲ ਸਿਕਾਇਤ ਕੀਤੀ ਗਈ ਸੀ ਅਤੇ ਹੁਣ ਇਸ ਮਾਮਲੇ ਦੀ ਜਾਂਚ ਇੱਕ ਡੀ ਐਸ ਪੀ ਕਰ ਰਹੇ ਹਨ। ਦੁਬਈ ਵਿਚਲੇ ਚੇਨਈ ਦੇ ਇਜੰਟ ਸਾਈਦ ਨਾਲ ਜਦ ਲੜਕੀ ਦੀ ਰਿਹਾਈ ਦੀ ਗੱਲ ਕੀਤੀ ਤਾਂ ਉਸ ਵੱਲੋਂ ਇੱਕ ਲੜਕੀ ਦੀ ਰਿਹਾਈ ਬਦਲੇ ਪੰਜਾਬ Ḕਤੋਂ ਆ ਰਹੀਆਂ ਦੋ ਹੋਰ ਲੜਕੀਆਂ ਦੇ ਪਹੁੰਚਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਭਾਰੀ ਦਬਾਅ ਦੇ ਚਲਦਿਆਂ ਕੱਲ ਲੜਕੀ ਨੂੰ ਵਾਪਸ ਭੇਜ ਦਿੱਤਾ ਗਿਆ। ਲੜਕੀ ਦੇ ਪੰਜਾਬ ਰਹਿੰਦੇ ਪਰਿਵਾਰ ਨੇ ਦੁਬਈ ਵਿਚਲੇ ਭਾਰੀ ਦੂਤਘਰ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਮੱਦਦ ਲਈ ਧੰਨਵਾਦ ਕਰਦਿਆਂ ਪੰਜਾਬ ਪੁਲਿਸ 'ਤੋਂ ਇਜੰਟ ਸੁਖਵਿੰਦਰ ਕੌਰ ਖਿਲਾਫ ਕਾਰਵਾਈ ਦੀ ਆਸ ਕੀਤੀ ਹੈ।
