ਨਾਗਪੁਰ 'ਤੋਂ ਆਏ ਹੁਕਮਾਂ 'ਤੇ ਫੁੱਲ ਚੜਾ ਰਹੇ ਹਨ ਜਥੇਦਾਰ ਸਾਹਿਬਾਨ: ਪ੍ਰਵਾਸੀ ਸਿੱਖ ਆਗੂ

ਨਾਨਕਸ਼ਾਹੀ ਕੈਲੰਡਰ ਵਿਵਾਦ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਦੁਨੀਆਂ ਭਰ ਦੇ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਾਨਕਸ਼ਾਹੀ ਕੈਲੰਡਰ ਦੇ ਨਾਂਮ ਹੇਠ ਜਾਰੀ ਕੀਤਾ ਗਿਆ ਕੈਲੰਡਰ ਅਸਲ ਵਿੱਚ ਬਿਕਰਮੀ ਕੈਲੰਡਰ ਹੀ ਹੈ ਜਿਸ ਦਾ ਸਿੱਖ ਪੰਥ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਸਿੱਖ ਕੌਂਮ ਦੀ ਅਜ਼ਾਦ ਹਸਤੀ ਲਈ ਘਰ-ਬਾਰ ਛੱਡ ਜਲਾਵਤਨੀ ਕੱਟ ਰਹੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਥਦਾਰ ਨਾਲ ਭਾਰੀ ਨਰਾਜਗੀ ਹੈ ਕਿ ਉਹ ਪੂਰੇ ਸਿੱਖ ਪੰਥ ਨੂੰ ਅੱਖੋ ਪਰੋਖੇ ਕਰ ਸਿਰਫ ਨਾਗਪੁਰ 'ਤੋਂ ਆਏ ਹੁਕਮ 'ਤੇ ਫੁੱਲ ਚੜਾ ਰਹੇ ਹਨ ਕਿਉਕਿ ਧੁੰਮਾਂ-ਬਾਦਲ ਜੁੰਡਲੀ 'ਤੋ ਇਲਾਵਾ ਸਾਰੇ ਸਿੱਖ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਨ-ਦਿਹਾੜੇ ਮਨਾ ਰਹੇ ਹਨ।
ਯੂਰਪ ਭਰ ਦੇ ਬੱਬਰ ਖਾਲਸਾ ਅਤੇ ਦਲ ਖਾਲਸਾ ਆਗੂਆਂ ਸਵਿੱਟਜ਼ਰਲੈਂਡ 'ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ, ਜਰਮਨੀ 'ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ, ਬੈਲਜ਼ੀਅਮ Ḕਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਸਵੀਰ ਸਿੰਘ ਧੰਦੋਈ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਇਆ ਚੰਡੀਗ੍ਹੜ ਆਏ ਨਾਗਪੁਰ ਦੇ ਹੁਕਮਾਂ ਨਾਲ ਜਥੇਦਾਰਾਂ ਵੱਲੋਂ ਕੀਤੀਆਂ ਜਾਦੀਆਂ ਕਾਰਵਾਈਆਂ ਕਾਰਨ ਸਿੱਖ ਕੌਂਮ ਜਿਥੇ ਦੋਫਾੜ ਹੋ ਰਹੀ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ "ਇਲਾਹੀ ਮੰਨੇ ਜਾਂਦੇ ਹੁਕਮਾਂ" ਨੂੰ ਆਂਮ ਸਿੱਖ ਬਾਦਲ ਪਰਿਵਾਰ ਵੱਲੋਂ ਆਇਆ ਹੁਕਮ ਸਮਝ ਕੇ ਵਿਰੋਧਤਾ ਪ੍ਰਗਟਾ ਰਿਹਾ ਹੈ ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਭਾਰੀ ਠੇਸ ਲੱਗ ਰਹੀ ਹੈ। ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਨਾਗਪੁਰ ਵਾਲੇ ਇੱਕ ਤੀਰ ਨਾਲ ਕਈ ਨਿਸਾਂਨੇ ਫੁੱੰਡ ਰਹੇ ਹਨ ਪਰ ਜਥੇਦਾਰ ਸਹਿਬਾਨ ਅਪਣੇ ਅਹੁਦੇ, ਕੋਠੀਆਂ ਅਤੇ ਪੰਜ ਤਾਰੇ ਹੋਟਲਾਂ ਦੀ ਪੂਰਤੀ ਲਈ ਕੌਂਮ ਨੂੰ ਵੇਚਣ ਲਈ ਤਰਲੋਮੱਛੀ ਹੋ ਰਹੇ ਹਨ। ਇਹਨਾਂ ਪ੍ਰਵਾਸੀ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਇਸ ਸਮੇਂ ਮੋਦੀ-ਬਾਦਲ ਦੇ ਨਾਂਮ ਹੇਠ ਸੰਘ ਪਰਿਵਾਰ ਦਾ ਰਾਜ ਹੈ ਪਰ ਇਹ ਸਭ ਵਕਤੀ ਹੈ ਇਸ ਲਈ ਜਥੇਦਾਰਾਂ ਨੂੰ ਚਾਹੀਦਾਂ ਹੈ ਕਿ ਵਕਤੀ ਹਾਕਮਾਂ ਦਾ ਪਾਣੀ ਭਰਨ ਦੀ ਬਜਾਏ ਜਥੇਦਾਰ ਨੰਦਗੜ ਸਾਹਿਬ ਵਾਂਗ ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵਜਾਉਣ ਦਾ ਹੀਆ ਕਰਨ ਵਰਨਾਂ ਉਹਨਾਂ ਦਾ ਨਾਂਮ ਵੀ ਸਿੱਖ ਕੌਂਮ ਦੇ ਗਦਾਰਾਂ ਦੀ ਲਿਸਟ ਵਿੱਚ ਲਿਖਿਆ ਜਾਣਾ ਤੈਅ ਹੈ।