ਬੇਅੰਤੇ ਨਾਲੋ ਵੀ ਚਾਰ ਕਦਮ ਅੱਗੇ ਲੰਘੇ ਬਾਦਲ ਸਾਹਿਬ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹੱਕੀ ਸਿੱਖ ਮੰਗਾਂ ਲਈ ਜੂਝ ਰਹੇ ਪੰਥਕ ਆਗੂਆਂ ਨੂੰ ਗੁਰਦਵਾਰਾ ਅੰਬ ਸਾਹਿਬ ਵਿੱਚ ਅਰਦਾਸ ਕਰਨ 'ਤੋਂ ਰੋਕਣਾ ਅਤੇ ਧੜਾ-ਧੜ ਗ੍ਰਿਫਤਾਰੀਆਂ ਕਰਵਾ ਬਾਦਲ ਸਾਹਿਬ ਸਾਬਕਾ ਮੁੱਖ ਮੰਤਰੀ ਬੇਅੰਤ ਸਿਉਂ 'ਤੋਂ ਵੀ ਚਾਰ ਕਦਮ ਅੱਗੇ ਲੰਘ ਚੁੱਕੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਆਖਿਆ ਕਿ ਨੂੰਹ ਨੂੰ ਮਿਲੀ ਕੇਂਦਰੀ ਮੰਤਰੀ ਦੀ ਕੁਰਸੀ ਦਾ ਅਹਿਸਾਨ ਚੁਕਾਉਣ ਬਦਲੇ ਬਾਦਲ ਸਾਹਿਬ ਪੂਰੀ ਕੌਂਮ ਨੂੰ ਆਰ ਐਸ ਐਸ ਅੱਗੇ ਗਹਿਣੇ ਪਾ ਚੁੱਕੇ ਹਨ।
ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੇਂ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਵਿੱਢੇ ਸੰਘਰਸ਼ ਨੂੰ ਅੱਗੇ ਤੋਰ ਰਹੀਆਂ ਪੰਥਕ ਜਥੇਬੰਦੀਆਂ ਨੂੰ ਸਿੱਖਾਂ ਦੇ ਅਪਣੇ ਹੀ ਗੁਰਦਵਾਰੇ ਵਿੱਚ ਅਰਦਾਸ ਕਰਨ 'ਤੋਂ ਰੋਕਣਾ ਮੱਕੜ ਦੇ ਗੁੰਡਾਂ ਬ੍ਰਿਗੇਡ ਦੀ ਸ਼ਰਮਨਾਕ ਕਾਰਵਾਈ ਹੈ। ਅਪਣੇ ਮੀਸਣੇਪਣ ਲਈ ਮਸ਼ਹੂਰ ਵੱਡੇ ਬਾਦਲ ਸਾਹਿਬ ਹੁਣ ਖੁੱਲ੍ਹ ਕੇ ਸੰਘਰਸ਼ਸੀਲ ਸਿੱਖਾਂ ਨਾਲ ਦੋ-ਦੋ ਹੱਥ ਕਰਨ ਦੇ ਮੂਡ ਵਿੱਚ ਲਗਦੇ ਹਨ ਕਿਉਕਿ ਅਕਾਲੀ ਦਲ ਦੀਆਂ ਪਿਛਲੇ ਦਿਨਾਂ ਦੀਆਂ ਕਾਰਵਾਈਆਂ ਜਿਨ੍ਹਾਂ ਵਿੱਚ ਸ਼ਹੀਦ ਸਤਵੰਤ ਸਿੰਘ ਦੇ ਪਿਤਾ ਜੀ ਦੇ ਭੋਗ ਨੂੰ ਹਾਈਜੈਕ ਕਰਨਾ ਆਦਿ ਇਸ ਦਾ ਗੱਲ ਸਬੂਤ ਹਨ। ਪੰਥ ਦੇ ਨਾਂਮ ਤੇ ਵੋਟਾਂ ਲੈ ਸਰਕਾਰ ਅਤੇ ਸ੍ਰੋਮਣੀ ਕਮੇਟੀ ਚਲਾ ਰਹੇ ਬਾਦਲ ਪਰਿਵਾਰ ਦੀਆਂ ਸਿੱਖ ਵਿਰੋਧੀਆਂ ਕਾਰਵਾਈਆਂ ਦੀ ਕਰੜੀ ਨਿੰਦਾਂ ਕਰਦਿਆਂ ਜਥੇਦਾਰ ਹੋਰਾਂ ਆਖਿਆਂ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਵਿੱਚ ਮਹੰਤ ਨਰੈਣੂ ਦੀ ਰੂਹ ਪਰਿਵੇਸ਼ ਕਰ ਗਈ ਹੈ।
ਬੱਬਰ ਖਾਲਸਾ ਆਗੂ ਨੇ ਸ੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਗੁਰੂਘਰ ਦੇ ਪ੍ਰਸਾਦੇ ਛਕ ਅਤੇ ਗੋਲਕਾਂ ਵਿੱਚੋਂ ਚੜਦੇ ਚੜਾਵੇ ਦੀ ਤਨਖਾਹ ਲੈ ਕੇ ਅਪਦੇ ਹੀ ਭਰਾਵਾਂ ਦੇ ਸਿਰ ਪਾੜਣ ਲਈ ਡਾਂਗਾਂ ਚੁੱਕਣ 'ਤੋਂ ਪਹਿਲਾਂ ਇਹ ਤਾਂ ਸੋਚ ਲੈਣਾ ਸੀ ਕਿ ਜੋ ਪਰਿਵਾਰ ਗੁਰੂ ਦਾ ਨਹੀ ਹੋ ਸਕਿਆ ਉਹ ਤੁਹਾਡਾ ਕੀ ਸਵਾਰ ਦੇਵੇਗਾ।