ਜਥੇਦਾਰ ਵੀ ਸੁਣਾ ਰਹੇ ਨੇ ਚੰਡੀਗ੍ਹੜੋਂ ਆਏ ਫੁਰਮਾਂਨ: ਸਿੱਖ ਕੌਂਸਲ ਬੈਲਜ਼ੀਅਮ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) 132 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਬਾਦਲ ਦਲੀਆਂ ਵੱਲੋਂ ਅੱਖੋਂ ਪਰੋਖੇ ਕਰਨ 'ਤੇ ਪ੍ਰਵਾਸੀ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਹੈ। ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਅਤੇ ਪੰਜਾਬ ਹਿਊਮਨ ਰਾਈਟਸ ਬੈਨਾਲੁਕਸ ਦੇ ਆਗੂਆਂ ਨੇ ਜਾਰੀ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਿਕੜਮਬਾਜ਼ੀਆਂ ਦੀ ਨਿੰਦਾਂ ਕਰਦਿਆਂ ਕਿਹਾ ਕਿ ਉਹ ਭਾਜਪਾ ਦੇ ਮੋਢਿਆਂ 'ਤੇ ਚੜ ਸਿੱਖ ਕੌਂਮ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਹਨ। ਦੋਨੋਂ ਜਥੇਬੰਦੀਆਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਯੂਰਪ ਵਿੱਚ ਆਉਣ ਵਾਲੇ ਬਾਦਲ ਦਲੀਆਂ ਨੂੰ ਕਿਸੇ ਵੀ ਪੰਥਕ ਸਟੇਜ 'ਤੇ ਨਹੀ ਚੜਨ ਦਿੱਤਾ ਜਾਵੇਗਾ। ਭਾਈ ਭੂਰਾ ਮੁਤਾਬਕ ਤਖਤਾਂ ਦੇ ਜਥੇਦਾਰ ਵੀ ਚੰਡੀਗੜ੍ਹੋਂ ਆਏ ਫੁਰਮਾਨਾਂ ਮੁਤਾਬਕ ਬਿਆਨ ਦਾਗ ਰਹੇ ਹਨ ਕਿ ਬਾਪੂ ਖਾਲਸਾ ਦਾ ਸੰਘਰਸ਼ ਮਰਿਆਦਾ ਅਨੁਸਾਰ ਸਹੀ ਨਹੀ ਹੈ। ਪੰਥ ਦੇ ਨਾਂਮ 'ਤੇ ਵੋਟਾਂ ਲੈ ਕੇ ਪੰਜਾਬ ਦੀ ਰਾਜ ਸੱਤਾ 'ਤੇ ਕਾਬਜ ਬਾਦਲ ਪਰਿਵਾਰ ਦੀਆਂ ਸਿੱਖ ਕੌਂਮ ਲਈ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਭਾਈ ਭੂਰਾ ਨੇ ਕਿਹਾ ਕਿ ਖਾੜਕੂ ਪਰਿਵਾਰਾਂ ਦੇ ਮਾਸੂਮਾਂ ਅਤੇ ਬਜੁਰਗਾਂ ਨੂੰ ਜਿੰਦਾਂ ਸਾੜਨ ਦੇ ਇਲਜਾਮਾਂ ਵਿੱਚ ਘਿਰੇ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁੱਖੀ ਲਾਉਣਾ, ਪਿੰਕੀ ਕੈਟ ਨੂੰ ਜਲਦੀ ਰਿਹਾਅ ਕਰਵਾਉਣਾ ਅਤੇ ਨੂਰਮਹਿਲੀਏ ਆਸੂਤੋਸ਼ ਦੀ ਲਾਸ ਦੀ ਸਾਲ ਭਰ Ḕਤੋਂ ਚੰਗੀ ਤਰਾਂ ਦੇਖਭਾਲ ਕਰਨਾ ਸਿਰਫ ਬਾਦਲ ਪਰਿਵਾਰ ਦੇ ਹਿੱਸੇ ਹੀ ਆਇਆ ਹੈ। ਭਾਈ ਭੂਰਾ ਅਤੇ ਭਾਈ ਹਰਜੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਤਖਤਾਂ ਦੇ ਜਥੇਦਾਰ ਸਹਿਬਾਨ ਬਾਦਲ ਪਰਿਵਾਰ ਦਾ ਹੁਕਮ ਵਜਾ ਹੋਟਲ ਤਾਂ ਜਰੂਰ ਖੜੇ ਕਰ ਸਕਦੇ ਹਨ ਪਰ ਅਖੀਰ Ḕਚ ਸਨਮਾਂਨ ਉਹਨਾਂ ਨੂੰ ਵੀ ਗੁਰਬਖਸ਼ ਸਿੰਘ ਵਰਗਾ ਹੀ ਮਿਲੇਗਾ। ਜਥੇਦਾਰ ਸ੍ਰੀ ਅਕਾਲ ਤਖਤ ਨੂੰ ਚਾਹੀਦਾਂ ਹੈ ਕਿ ਉਹ ਚੰਡੀਗ੍ਹੜ 'ਤੋਂ ਆਏ ਬਿਆਨ ਦਾਗਣ ਦੀ ਬਜਾਏ ਕੌੰਮ ਦੀਆਂ ਜਾਇਜ ਮੰਗਾਂ ਲਈ ਜੂਝ ਰਹੇ ਸਿੰਘਾਂ ਅਤੇ ਪੰਥਕ ਜਥੇਬੰਦੀਆਂ ਦਾ ਵਿਰੋਧ ਕਰਨਾ ਬੰਦ ਕਰੇ। ਭਾਈ ਭੂਰਾ ਨੇ ਜਥੇਦਾਰ ਨੂੰ ਸਵਾਲ ਕਰਦਿਆਂ ਆਖਿਆਂ ਕਿ ਜੇਕਰ ਉਹਨਾਂ ਦੇ ਬਿਆਨ ਮੁਤਾਬਕ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਜਾਇਜ ਨਹੀ ਹੈ ਤਾਂ ਗੁਰਬਖਸ਼ ਸਿੰਘ ਨੂੰ ਜੂਸ ਕਿਹੜੀ ਖੁਸ਼ੀ ਵਿੱਚ ਪਿਆਇਆ ਗਿਆ ਸੀ ਜਾਂ ਉਹ ਡਰਾਮਾਂ ਵੀ ਬਾਦਲ ਅਤੇ ਕੇਂਦਰ ਸਰਕਾਰ ਦੀ ਹੀ ਇੱਕ ਚਾਲ ਦਾ ਹਿੱਸਾ ਸੀ ਜਿਸ ਨਾਲ ਕੌਂਮੀ ਰੋਹ ਨੂੰ ਦਹਾਕਿਆਂ ਤੱਕ ਖੁੰਢਾਂ ਕੀਤਾ ਜਾ ਸਕੇ?