ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 157 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਵਾਰ-ਵਾਰ ਜਬਰਦਸਤੀ ਹਸਪਤਾਲਾਂ ਵਿੱਚ ਦਾਖਲ ਕਰਵਾਉਣਾਂ ਪੰਜਾਬ ਸਰਕਾਰ ਦੀ ਸੰਭਾਵੀ ਹਾਰ 'ਤੋਂ ਹੋ ਰਹੀ ਬੁਖਲਾਹਟ ਦਾ ਨਤੀਜਾ ਹੈ ਜੋ ਅਤਿ ਨਿੰਦਣਯੋਗ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੈਰਿਸ 'ਤੋ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਮੇਟੀ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਅਹਿਲਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਖੱਜਲ-ਖੁਆਰ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੇ।
ਭਾਈ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਗੱਦੀ ਦੀ ਲਾਲਸਾ ਵੱਸ ਬਾਦਲ ਅਪਣੀ ਜੋਟੀਦਾਰ ਭਾਜਪਾ ਦੀ ਇੱਕ ਤਰਾਂ ਨਾਲ ਗੁਲਾਮੀ ਭੋਗ ਰਹੇ ਹਨ। ਭਾਜਪਾ ਆਗੂਆਂ ਕਮਲ ਸ਼ਰਮਾਂ ਅਤੇ ਲਕਸ਼ਮੀ ਕਾਤਾਂ ਚਾਵਲਾ ਵੱਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਜ਼ੇਲ੍ਹ ਤਬਦੀਲੀ ਸਬੰਧੀ ਨਫਰਤ ਫੈਲਾਉਣ ਵਾਲੇ ਦਾਗੇ ਜਾ ਰਹੇ ਬਿਆਨਾਂ ਦਾ ਕੋਈ ਜਵਾਬ ਨਾ ਦੇਣਾਂ ਅਤੇ ਜਗਜੀਤ ਸਿੰਘ ਜੰਮੂ ਦੀ ਸ਼ਹੀਦੀ 'ਤੇ ਵੀ ਮੂੰਹ ਨਾਂ ਖੋਹਲਣਾਂ ਇਸ ਗੱਲ ਦਾ ਸਬੂਤ ਹਨ।
ਸਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਖਰੀਦ ਨਾਂ ਸਕਣ ਅਤੇ ਨਾਂ ਹੀ ਉਹਨਾਂ ਦੇ ਦ੍ਰਿੜ ਇਰਾਦੇ 'ਤੋਂ ਥਿੜਕਾ ਸਕਣ ਕਾਰਨ ਪੰਜਾਬ ਸਰਕਾਰ ਵੱਲੋਂ ਹੁਣ ਉਹਨਾਂ ਨੂੰ ਜਬਰੀ ਪੀ ਜੀ ਆਈ ਦਾਖਲ ਕਰਵਾ ਕੇ ਹਸਪਤਾਲਾਂ 'ਚ ਰੋਲਣਾ ਧੱਕੇਸ਼ਾਹੀ ਦਾ ਸਿਖਰ ਹੈ।
