ਲੇਖਕ-ਡਾ: ਸੁਖਪ੍ਰੀਤ ਸਿੰਘ ਉਦੋਕੇਤਹਿਸੀਲ ਬਟਾਲਾ (ਜਿਲ੍ਹਾ ਗੁਰਦਾਸਪੁਰ) ਵਿੱਚ ਬਟਾਲੇ ਸ਼ਹਿਰ ਤੋਂ ਤਕਰੀਬਨ 7-8 ਕਿਲੋਮੀਟਰ ਦੀ ਦੂਰੀ ਉਪਰ ਸਥਿਤ ਇਕ ਪਿੰਡ ਦਾ ਨਾਮ ਹੈ ਕਰਨਾਮਾ। ਕਰਨਾਮੇ ਪਿੰਡ ਵਿੱਖੇ ਪਿਛਲੇਰੇ ਸੰਘਰਸ਼ ਕਾਲ ਦੌਰਾਨ ਇਕ ਐਸਾ ਕਾਂਡ ਵਾਪਰਿਆ ਜਿਸ ਨੇ ਅਸਲੀ ਅਤੇ ਨਕਲੀ ਪੁਲਿਸ ਮੁਕਾਬਲਿਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲੈ ਆਂਦਾ। ਇਹ ਉਹ ਸਮਾਂ ਸੀ ਜਦੋਂ ਕੇਂਦਰ ਦੀ ਸਰਕਾਰ ਸਿੱਖ ਨੌਜਵਾਨੀ ਦਾ ਘਾਣ ਕਰ ਰਹੀ ਸੀ ਅਤੇ ਦੂਜੇ ਸ਼ਬਦਾਂ ਵਿੱਚ ਸਰਕਾਰ ਵਲੋਂ ਜ਼ਕਰੀਆਂ ਖਾਨ ਵਰਗਾ ਐਲਾਨ ਹੋ ਚੁੱਕਾ ਸੀ।
ਨਾਨਕ ਪ੍ਰਸਤਾਂ ਵ ਕਤਲ ਰਸਾਨੰਦ॥
ਜਿਥੇ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਅਜ਼ਾਦੀ ਦੇ ਪ੍ਰਵਾਨੇ ਨਜ਼ਰ ਆਉਣ ਚੁੱਕ ਖਤਮ ਕਰ ਦਿੱਤੇ ਜਾਣ।ਰੋਜ਼ਾਨਾ ਦੀਆਂ ਅਖ਼ਬਾਰਾ ਪੁਲਿਸ ਮੁਕਾਬਲਿਆਂ ਦੀਆਂ ਸੁਰਖੀਆਂ ਨਾਲ ਭਰਪੂਰ ਹੁੰਦੀਆਂ ਪ੍ਰੰਤੂ ਹਰ ਮੁਕਾਬਲੇ ਦੀ ਕਹਾਣੀ ਇਕੋ ਤਰ੍ਹਾਂ ਦੀ ਹੀ ਹੁੰਦੀ।ਪੁਲਿਸ ਵੱਲੋਂ ਕੁਝ ਖਾੜਕੂਆਂ ਨੂੰ
ਲਲਕਾਰਿਆ ਜਾਂਦਾ, ਉਹ ਰੁਕਣ ਦੀ ਬਜਾਏ ਜਵਾਬੀ ਫਾਇਰਿੰਗ ਕਰਦੇ, ਸਿੱਟੇ ਵਜੋਂ ਪੁਲਿਸ ਵੀ ਫਾਇਰਿੰਗ ਕਰਦੀ ਅਤੇ ਦੁਵੱਲੀ ਮੁਕਾਬਲੇ ਵਿੱਚ ਦੋ ਜਾਂ ਤਿੰਨ ਖਾੜਕੂ ਮਾਰੇ ਜਾਂਦੇ। ਕਿਸੇ ਪੁਲਿਸ ਵਾਲੇ ਨੇ ਜ਼ਖਮੀ ਤਾਂ ਕੀ ਹੋਣਾ ਸੀ ਪੁਲਿਸ ਦੀ ਗੱਡੀ ਤੇ ਵੀ ਗੋਲੀ ਨਾ ਵੱਜਦੀ।ਪਰੰਤੂ ਕਰਨਾਮੇ ਪਿੰਡ ਵਿੱਖੇ ਹੋਏ ਅਸਲੀ ਪੁਲਿਸ ਮੁਕਾਬਲੇ ਨੇ ਲੋਕਾਂ ਅਤੇ ਸਰਕਾਰ ਨੂੰ ਦਰਸਾ ਦਿੱਤਾ ਕਿ ਦਸ਼ਮੇਸ਼ ਦੇ ਲਾਲ ਅਸਲੀ ਮੁਕਾਬਲੇ ਕਿਵੇਂ ਕਰਦੇ ਹਨ।'ਮੋਹਿ ਮਰਨੇ ਕਾ ਚਾਓ' ਦੇ ' ਧਾਰਨੀ ਅਸੁਰ ਕਿਵੇਂ ਸੰਘਾਰਦੇ ਹਨ ਅਤੇ ਦੁਸ਼ਟਾਂ ਮਲੇਛਾਂ ਨੂੰ ਕਿਵੇਂ ਸੋਧਦੇ ਹਨ।ਸਮੁੱਚੀ ਘਟਨਾ ਇਉਂ ਹੈ,
26 ਜਨਵਰੀ 1992 ਨੂੰ ਭਾਈ ਸੁਖਵਿੰਦਰ ਸਿੰਘ (ਗੋਰਾ) ਦਾ ਗਰੁੱਪ ਮਹਿਤੇ ਦੇ ਨੇੜੇ ਕੁਝ ਪਿੰਡਾਂ ਵਿੱਚ ਵਿੱਚਰ ਰਿਹਾ ਸੀ। ਭਾਈ ਸੁਖਵਿੰਦਰ ਸਿੰਘ ਗੋਰਾ ਉਸ ਸਮੇਂ ਖਾਲਿਸਤਾਨ ਕਮਾਂਡੋ ਫੋਰਸ ਦਾ ਡਿਪਟੀ ਚੀਫ ਸੀ। 26 ਜਨਵਰੀ ਦੀ ਸ਼ਾਮ ਨੂੰ ਭਾਈ ਗੋਰੇ ਨੇ ਆਪਣੇ ਨਾਲ ਦੋ ਸਿੰਘਾਂ ਭਾਈ ਦਲਜੀਤ ਸਿੰਘ ਰੰਗੀਲਪੁਰ ਅਤੇ ਭਾਈ ਪ੍ਰੇਮਜੀਤ(ਕਾਲਪਨਿਕ ਨਾਮ) ਸਿੰਘ ਨੂੰ ਆਪਣੇ ਪਾਸ ਰੱਖ ਲਿਆ ਅਤੇ ਬਾਕੀ ਸਿੰਘਾਂ ਨੂੰ ਜੋ ਕਿ ਗਿਣਤੀ ਵਿੱਚ 15-16 ਦੇ ਕਰੀਬ ਸਨ ਭਾਈ ਕੇਵਲ ਸਿੰਘ (ਸੁੱਖਾ ਚਿੜਾ) ਏਰੀਆ ਕਮਾਂਡਰ ਦੀ ਕਮਾਂਡ ਹੇਠ ਮੰਡ ਏਰੀਏ ਵੱਲ ਨੂੰ ਕਿਸੇ ਖਾਸ ਮਿਸ਼ਨ ਉਪਰ ਤੋਰ ਦਿੱਤਾ। ਸ਼ਾਮ ਦਾ ਹਨੇਰਾ ਥੋੜਾ ਹੋਰ ਗੂੜਾ ਹੋਇਆ ਤਾਂ ਭਾਈ ਗੋਰਾ ਆਪਣੇ ਨਾਲ ਦੇ ਸਾਥੀਆ ਨਾਲ ਪਿੰਡਾਂ ਦੇ ਰਸਤੇ ਹੁੰਦਾ ਹੋਇਆ ਕਰਨਾਮੇ ਪਿੰਡ ਵੱਲ ਤੁਰ ਪਿਆ । ਜਿਥੇ ਇਕ ਪੁਰਾਣੀ ਅਤੇ ਵਧੀਆ ਠਾਹਰ ਸੀ। ਤਕਰੀਬਨ ਰਾਤ ਦੇ 12:00 -1:00 ਵਜੇ ਭਾਈ ਗੋਰਾ ਆਪਣੇ ਪਿੰਡ ਢਡਿਆਲੇ ਪਹੁੰਚਿਆ। ਘਰ ਦੇ ਦੋ ਦਰਵਾਜ਼ੇ ਸਨ। ਉਸ ਰਾਤ ਭਾਈ ਗੋਰੇ ਨੇ ਜਾਣ ਬੁਝ ਕੇ ਘਰ ਦਾ ਉਹ ਦਰਵਾਜ਼ਾ ਖੁਲਵਾਇਆ ਜਿਹੜਾ ਅਕਸਰ ਬੰਦ ਰਹਿੰਦਾ ਸੀ। ਭਾਈ ਗੋਰੇ ਦੀ ਮਾਤਾ ਨੇ ਦਰਵਾਜ਼ਾ ਖੋਲ੍ਹਿਆ, ਭਾਈ ਗੋਰਾ ਅਤੇ ਬਾਕੀ ਦੋਵੇਂ ਸਿੰਘ ਮਾਤਾ ਨੂੰ ਮਿਲੇ ਅਤੇ ਕੁਝ ਚਿਰ ਵਿਹੜੇ ਵਿੱਚ ਰੁਕ ਕੇ ਗੱਲਾਂ ਬਾਤਾ ਕਰਦੇ ਰਹੇ। ਮਾਤਾ ਨੇ ਬਹੁਤ ਜ਼ੋਰ ਲਗਾਇਆ ਕਿ ਦੁੱਧ ਵਗੈਰਾ ਛੱਕ ਲਓ ਪਰ ਕਿਸੇ ਵੀ ਸਿੰਘ ਨੇ ਕੁਝ ਵੀ ਨਾ ਛਕਿਆ। ਕੁਝ ਚਿੱਰ ਰੁਕ ਕੇ ਭਾਈ ਗੋਰਾ ਆਪਣੇ ਸਾਥੀਆਂ ਸਮੇਤ ਅਗਲੇ ਪੜਾਅ ਵਾਸਤੇ ਤੁਰ ਪਿਆ। ਕੁਝ ਸਮਾਂ ਖੇਤਾਂ ਅਤੇ ਪਗਡੰਡੀਆਂ ਉਪਰ ਤੁਰਨ ਤੋਂ ਬਾਅਦ ਭਾਈ ਗੋਰਾ ਸਾਥੀਆਂ ਸਮੇਤ ਕਰਨਾਮੇ ਪਿੰਡ ਵਿੱਖੇ ਆ ਗਿਆ।ਇਕ ਮਾਤਾ ਦਾ ਘਰ ਜਿਹੜਾ ਕਿ ਭਾਈ ਗੋਰੇ ਦੀ ਭਰੋਸੇਯੋਗ ਬਹਿਕ ਸੀ ਦਾ ਦਰਵਾਜ਼ਾ ਖੜਕਾਇਆ, ਮਾਤਾ ਜੀ ਨੇ ਦਰਵਾਜ਼ਾ ਖੋਹਲਿਆ ਅਤੇ ਮਾਤਾ ਤੋਂ ਅਸੀਸ ਲੈਣ ਉਪਰੰਤ ਤਿੰਨੇ ਸਿੰਘ ਮਾਤਾ ਦੇ ਘਰ (A) ਅੰਦਰ ਲੰਘ ਗਏ।ਭਾਈ ਗੋਰੇ ਪਾਸ ਉਸ ਸਮੇਂ ਜੀ.ਪੀ.ਐਮ.ਜੀ(General Purpose Machine Gun) ਇਕ .30 ਬੋਰ ਪਿਸਟਲ, ਭਾਈ ਦਲਜੀਤ ਸਿੰਘ ਪਾਸ ਇਕ ਏ.ਕੇ.47 , ਇਕ.30 ਬੋਰ ਪਿਸਟਲ ਅਤੇ ਇਕ ਛੋਟਾ ਜਿਹਾ ਬੈਗ ਸੀ ਜਿਸ ਵਿੱਚ ਕੁਝ ਜਥੇਬੰਦੀ ਦੇ ਲੈਟਰਪੈਡ,ਇਕ ਨਿਕਾਰਾ ਹੋਇਆ ਪਿਸਟਲ ਅਤੇ ਕੁਝ ਹੋਰ ਕਾਗਜ਼ ਸਨ। ਭਾਈ ਪ੍ਰੇਮਜੀਤ ਸਿੰਘ ਕੋਲ ਇਕ ਰਾਕੇਟ ਲਾਂਚਰ(ਦੋ ਰਾਕਟ),ਇਕ ਏ.ਕੇ.47 ਅਤੇ ਪਿਸਟਲ ਸੀ।
ਭਾਈ ਗੋਰੇ ਅਤੇ ਦਲਜੀਤ ਸਿੰਘ ਹੋਰਾਂ ਨੇ ਆਪਣੇ ਸ਼ਸ਼ਤਰ ਉਤਾਰ ਕੇ ਮੰਜੇ ਉਪੱਰ ਸਜਾ ਦਿੱਤੇ ਅਤੇ ਭਾਈ ਪ੍ਰੇਮਜੀਤ ਸਿੰਘ ਨੂੰ ਕਿਹਾ ਕਿ ਉਹ ਜਾਗ ਕੇ ਪਾਠ ਕਰੇ ਅਤੇ ਡਿਊਟੀ ਦੇਵੇ। ਭਾਈ ਪ੍ਰੇਮਜੀਤ ਸਿੰਘ ਜਥੇਬੰਦੀ ਦਾ ਨਵਾਂ ਨਿਯੁਕਤ ਕੀਤਾ ਲੈਫਟੀਨੈਂਟ ਜਨਰਲ ਸੀ। ਭਾਈ ਗੋਰਾ ਜੋ ਕਿ ਪੂਰਨ ਨਿਤਨੇਮੀ ਸਿੰਘ ਸੀ ਨੇ ਅਰਾਮ ਤੋਂ ਪਹਿਲਾਂ ਕੁਝ ਚਿਰ ਬੈਠ ਕੇ ਪਾਠ ਕੀਤਾ ਅਤੇ ਅਰਦਾਸ ਕੀਤੀ।ਜ਼ਿਕਰਯੋਗ ਹੈ ਕਿ ਭਾਈ ਗੋਰਾ ਅਰਦਾਸ ਸਮੇਂ ਗੁਰੁ ਪਾਤਸ਼ਾਹ ਦੇ ਚਰਨਾ ਵਿੱਚ ਬੁਨਤੀ ਜ਼ਰੂਰ ਕਰਿਆ ਕਰਦਾ ਸੀ।
"ਹੇ ! ਗਰੀਬ ਨਿਵਾਜ ਪਾਤਸ਼ਾਹ ਜੀਓ,ਮੇਰੇ ਉਪਰ ਕਿਰਪਾ ਕਰਨੀ ਕਿ ਮੈਂ ਮੁਕਾਬਲੇ ਵਿੱਚ ਸ਼ਹੀਦ ਹੋਵਾਂ,ਸੁੱਤਾ ਹੋਇਆ ਜਾਂ ਸ਼ਸ਼ਤਰ ਰਹਿਤ ਨਾਂ ਫੜਿਆਂ ਜਾਂਵਾ।ਮੈਂ ਸ਼ਹੀਦ ਭਾਈ ਤਰਸੇਮ ਸਿੰਘ ਜੱਟ ਦੇ ਅੰਤਿਮ ਅਖੰਡ ਪਾਠ ਦੇ ਸਮੇਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਥਾਣੇਦਾਰ ਕਸ਼ਮੀਰ ਸਿੰਘ ਤੋਂ ਸ਼ਬਦਗੁਰੂ ਦੀ ਬੇਅਦਬੀ ਦਾ ਬਦਲਾ ਜ਼ਰੂਰ ਲਵਾਂ ਅਤੇ ਜਥੇਬੰਦੀ ਦੇ ਸ਼ਹੀਦ ਹੋਏ ਵੀਰ ਗੁਰਪਲਵਿੰਦਰ ਜੀਤ ਸਿੰਘ ਬਬਲਾ ਦਾ ਬਦਲਾ ਆਪਣੇ ਜਿਊਂਦਿਆਂ ਜ਼ਰੂਰ ਲੈ ਸਕਾ।" ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਆਗੂ ਭਾਈ ਤਰਸੇਮ ਸਿੰਘ ਜੱਟ ਦੀ ਅੰਤਿੰਮ ਅਰਦਾਸ ਜੋ ਪਿੰਡ ਧੁੱਪ ਸੜੀ ਬਟਾਲਾ,ਜਿਲ੍ਹਾ ਗੁਰਦਾਸਪੁਰ ਵਿਖੇ ਸੀ,ਪੁਲਿਸ ਦੇ ਥਾਣੇਦਾਰ ਕਸ਼ਮੀਰ ਸਿੰਘ ਨੇ ਆ ਕੇ ਬੇਅਦਬੀ ਕਰਕੇ ਸ੍ਰੀ ਅਖੰਡਪਾਠ ਸਾਹਿਬ ਖੰਡਿਤ ਕੀਤਾ ਸੀ ਅਤੇ ਪਾਲਕੀ ਨੂੰ ਠੁੱਡੇ ਮਾਰੇ ਸਨ।ਭਾਈ ਗੁਰਪਲਵਿੰਦਰ ਸਿੰਘ ਬਬਲਾ ਦਾ ਬਦਲਾ ਕੁਝ ਦਿਨ ਪਹਿਲਾਂ ਹੀ ਇਕ ਮੁਖਬਰ ਨੂੰ ਮਾਰ ਕੇ ਲਿਆ ਜਾ ਚੁੱਕਾ ਸੀ।ਭਾਈ ਗੋਰੇ ਵੱਲੋੰ ਜਥੇਬੰਦੀ ਦੇ ਸਿੰਘ ਨੂੰ ਖਾਸ ਹਦਾਇਤਾਂ ਸਨ,
1.ਕਿਸੇ ਦੇ ਘਰ ਬੁਰੀ ਨੀਅਤ ਜਾਂ ਬੁਰੀ ਨਜ਼ਰ ਨਾਲ ਦਾਖਲ ਨਹੀਂ ਹੋਣਾ।
2. ਲੜ ਕੇ ਸ਼ਹੀਦ ਹੋਣਾ ਸਾਇਨਾਇਡ ਖਾ ਕੇ ਆਤਮ ਹੱਤਿਆਂ ਨਹੀਂ ਕਰਨੀ ।
3. ਘਰ ਵਾਲੇ ਜਿਸ ਕਮਰੇ ਵਿੱਚ ਬਿਠਾ ਦੇਣ, ਉਥੇ ਹੀ ਬੈਠਣਾ ਸਾਰੇ ਘਰ ਵਿੱਚ ਨਹੀਂ ਤੁਰਨਾ ਫਿਰਨਾ।
4. ਹਰ ਸਮੇਂ ਸਿਮਰਨ ਜ਼ਰੂਰ ਕਰਨਾ ਅਤੇ ਇਸ਼ਨਾਨ ਜ਼ਰੂਰ ਕਰਨਾ।
5. ਕਿਸੇ ਦਾ ਵੀ ਮੋਟਰ ਸਾਈਕਲ, ਸਕੂਟਰ ਕਾਰ ਖੋਹ ਕੇ ਸਵਾਰੀ ਨਹੀਂ ਕਰਨੀ ।
6. ਸ਼ਸ਼ਤਰ ਤੋਂ ਬਿਨ੍ਹਾਂ ਨਹੀਂ ਰਹਿਣਾ ਜੇ ਮਜ਼ਬੂਰੀ ਵੱਸ ਸ਼ਹਿਰ ਜਾਣਾ ਪਵੇ ਤਾਂ ਛੋਟਾ ਹਥਿਆਰ (ਪਿਸਟਲ/ਰਿਵਾਲਵਰ/ਗਰਨੇਡ) ਜ਼ਰੂਰ ਪਾਸ ਰੱਖਣਾ।
7. ਕਿਸੇ ਨਿਰਦੋਸ਼ ਨੂੰ ਤੰਗ ਨਹੀਂ ਕਰਨਾ।
8. ਜਿਥੇ ਰਾਤ ਨੂੰ ਰਹਿਣਾ ਹੋਵੇ ਬਾਕੀ ਸਿੰਘ ਅਰਾਮ ਕਰਨ ਤਾਂ ਇਕ ਸਿੰਘ ਜ਼ਰੂਰ ਜਾਗ ਕੇ ਬਾਣੀ ਪੜ੍ਹਦਾ ਰਹੇ ਪਹਿਰੇ ਦੀ ਡਿਊਟੀ ਦੇਵੇ।
ਜ਼ਿਕਰਯੋਗ ਹੈ ਕਿ ਢਡਿਆਲੇ (ਕਿਲ੍ਹਾਂ ਗੁਰਦਾਸਪੁਰ) ਵਿੱਚ ਜਨਮੇ ਇਸ ਜਰਨੈਲ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਜਥੇਬੰਦੀ ਦੇ ਸਿੰਘਾਂ ਅਨਸਾਰ ਕਾਫ਼ੀ ਵਾਰ ਸਿੰਘਾਂ ਸਾਥੀਆਂ ਨੇ ਕਿਹਾ ਕਿ ਤੁਸੀਂ ਵੀ ਅਨੰਦ ਕਾਰਜ ਕਰਵਾ ਲਓ। ਤਾਂ ਭਾਈ ਸਾਹਿਬ ਨੇ ਜਵਾਬ ਦੇਣਾ, ਮੇਰਾ ਵਿਆਹ ਤਾਂ ਮੌਤ ਲਾੜੀ ਨਾਲ ਹੋ ਚੁੱਕੈ, ਨਾਲੇ ਤੁਸੀਂ ਵੇਖਿਆਂ ਈ ਆ ਜਿਹੇ ਵਿਆਹ ਕਰਵਾ ਕੇ ਆਪ ਸ਼ਹੀਦ ਹੋ ਗਏ ਹਨ ਉਹਨਾਂ ਦੀਆਂ ਘਰਵਾਲੀਆਂ ਕੀ ਚੰਦ ਚੜ੍ਹਾਉਦੀਆਂ ਫਿਰਦੀਆਂ ਨੇ। (ਜ਼ਿਕਰਯੋਗ ਹੈ ਉਦੋਂ ਕਈ ਐਸੀਆਂ ਘਟਨਾਵਾਂ ਵਾਪਰੀਆਂ ਸਨ )।ਸ਼ਹੀਦੀ ਨੂੰ ਲਾਜ ਲਗਾ ਰਹੀਆਂ ਨੇ।" ਖੈਰ! ਕੋਈ ਸਾਢੇ ਕੁ ਚਾਰ ਵਜੇ ਭਾਈ ਗੋਰਾ ਅਤੇ ਦਲਜੀਤ ਸਿੰਘ ਬਿਸਤਰ ਉਪਰ ਲੇਟ ਗਏ ਅਤੇ ਭਾਈ ਪ੍ਰੇਮਜੀਤ ਸਿੰਘ ਨੇ ਪਹਿਰਾ ਦੇਣਾ ਸ਼ੁਰੂ ਕੀਤਾ ਭਾਈ ਗੋਰਾ ਅਤੇ ਦਲਜੀਤ ਸਿੰਘ ਮਕਾਨ (A )ਦੇ ਕਮਰੇ R-1 ਵਿੱਚ ਸੌ ਗਏ। ਕਰੀਬ 3:20 ਸਵੇਰੇ ਭਾਈ ਪ੍ਰੇਮਜੀਤ ਸਿੰਘ ਨੇ ਆਪ ਇਸ਼ਨਾਨ ਕਰਕੇ ਬਾਕੀ ਦੋਵਾਂ ਸਿੰਘਾਂ ਨੂੰ ਤੇ ਜਗਾ ਦਿੱਤਾ। ਭਾਈ ਪ੍ਰੇਮਜੀਤ ਸਿੰਘ ਨੇ ਨਿਤਨੇਮ ਕੀਤਾ ਤਾਂ ਭਾਈ ਗੋਰਾ ਅਤੇ ਦਲਜੀਤ ਸਿੰਘ ਵੀ ਇਸ਼ਨਾਨ ਕਰਕੇ ਅੰਦਰ (R-1) ਵਿੱਚ ਆ ਗਏ।ਭਾਈ ਗੋਰੇ ਨੂੰ ਭਾਈ ਪ੍ਰੇਮ ਸਿੰਘ ਕਿਹਾ ਕਿ ਅਸੀਂ ਪਾਠ ਕਰ ਲਈਏ ਤੂੰ ਚੰਗੀ ਤਰ੍ਹਾਂ ਸ਼ਸ਼ਤਰਾਂ ਦੀ ਸਫ਼ਾਈ ਕਰ ਲੈ। ਜ਼ਿਕਰਣੋਗ ਹੈ ਕਿ 23 ਤਰੀਕ ਨੂੰ ਭਾਈ ਪ੍ਰੇਮਜੀਤ ਸਿੰਘ ਹੋਰਾਂ ਦਾ ਇਕ ਛੋਟਾ ਜਿਹਾ ਮੁਕਾਬਲਾ ਡਰੇਨ ਦੇ ਪੁਲ ਤੇ ਫ਼ੌਜ ਨਾਲ ਹੋਇਆਂ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਉਸ ਮੁਕਾਬਲੇ ਤੋਂ ਬਾਅਦ ਸ਼ਸ਼ਤਰ ਤਾਂ ਭਾਵੇਂ ਸਾਫ਼ ਕਰ ਲਏ ਸਨ ਪ੍ਰੰਤੂ ਖੋਹਲ ਕੇ ਚੰਗੀ ਤਰ੍ਹਾਂ ਸਫ਼ਾਈ ਕਰਨੀ ਬਾਕੀ ਸੀ। ਭਾਈ ਪ੍ਰੇਮਜੀਤ ਸਿੰਘ ਨੇ ਸ਼ਸ਼ਤਰ ਖੋਹਲ ਕੇ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਭਾਈ ਗੋਰੇ ਅਤੇ ਦਿਲਜੀਤ ਸਿੰਘ ਨੇ ਨਿਤਨੇਮ ਕੀਤਾ ਤਾਂ ਭਾਈ ਪ੍ਰੇਮਜੀਤ ਸਿੰਘ ਅਜੇ ਵੀ ਸ਼ਸ਼ਤਰਾਂ ਦੀ ਸਫ਼ਾਈ ਕਰ ਰਿਹਾ ਸੀ ਇਸ ਤੇ ਭਾਈ ਗੋਰੇ ਨੇ ਕਿਹਾ,"ਬਾਬਿਓ..ਬੱਸ ਕਰੋ, ਹੁਣ! ਸ਼ਸ਼ਤਰ ਫਿੱਟ ਕਰੋ, ਤੁਸੀਂ ਤਾਂ ਬਹੁਤ ਚਿਰ ਲਗਾ ਦਿੱਤਾ, ਫਿੱਟ ਕਰੋ ਠੀਕ ਈ ਹੋ ਗਏ ।"
ਭਾਈ ਪ੍ਰੇਮਜੀਤ ਸਿੰਘ ਨੇ ਸ਼ਸ਼ਤਰ ਫਿੱਟ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਨੇ ਚਿਰ ਨੂੰ ਘਰ ਵਾਲੀ ਮਾਤਾ ਕਮਰੇ (R-1) ਵਿੱਚ ਆ ਗਈ 'ਤੇ ਪ੍ਰਸ਼ਾਦੇ ਬਾਰੇ ਪੁਛਿਆ ਭਾਈ ਗੋਰੇ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਮਾਤਾ ਤੇਰੇ ਹੱਥਾਂ ਦੇ ਆਲੂ ਵਾਲੇ ਪਰੋਠੇ ਖਾਣੇ ਨੇ, ਬਹੁਤ ਦਿਨ ਹੋ ਗਏ ਖਾਧਿਆਂ ਨੂੰ। ਤਿੰਨੇ ਸਿੰਘ ਮੰਜੇ ਉਪਰ ਬੈਠ ਗਏ ਅਤੇ ਮਾਤਾ ਨੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ। ਭਾਈ ਗੋਰੇ ਨੇ ਬਾਕੀ ਦੋਵੇਂ ਸਿੰਘਾਂ ਨਾਲ ਪ੍ਰਸ਼ਾਦਾ ਛਕਿਆ ਅਤੇ ਛੋਟੀ ਅਰਦਾਸ ਕੀਤੀ। ਅਜੇ ਸ਼ਾਂਤ ਚਿੱਤ ਅਰਦਾਸ ਹੀ ਰਹੇ ਸਨ ਕਿ ਬਾਹਰ ਬਹੁਤ ਸਾਰੇ ਕੁੱਤੇ ਭੌਂਕਣ ਦੀ ਅਵਾਜ਼ ਆਈ। ਇਕ ਦਮ ਸਾਰੀ ਸ਼ਾਂਤੀ ਭੰਗ ਹੋ ਗਈ। ਇਸ ਸਮੇਂ ਕਰੀਬ ਸਵੇਰੇ ਦੇ 8:30 ਦਾ ਸਮਾਂ ਹੋ ਚੁੱਕਾ ਸੀ। ਮਾਤਾ ਨੇ ਆਪਣੇ 9-10 ਸਾਲ ਦੇ ਦੋਹਤਰੇ ਨੂੰ ਜੋ ਮਾਤਾ ਪਾਸ ਹੀ ਰਹਿੰਦਾ ਸੀ ਨੂੰ ਕਿਹਾ ਕਿ ਕੋਠੇ ਚੜ੍ਹ ਕੇ ਵੇਖ ਕਿ ਕੁੱਤੇ ਕਿਉਂ ਭੌਂਕ ਰਹੇ ਹਨ। ਉਹ ਬੱਚਾ ਕੋਠੇ ਉੱਪਰ ਗਿਆ ਅਤੇ ਆਲੇ-ਦਆਲੇ ਪੁਲਿਸ, ਬੀ.ਐਸ.ਐਫ ਅਤੇ ਫੌਜ ਵੇਖ ਕੇ ਇੰਨਾਂ ਘਬਰਾ ਗਿਆ ਕਿ ਬੋਲ ਕੇ ਕੁਝ ਦੱਸ ਨਾ ਸਕਿਆ ਅਤੇ ਘਬਰਾਇਆ ਹੋਇਆ ਹੇਠਾਂ ਉੱਤਰ ਆਇਆਂ। ਫਿਰ ਮਾਤਾ ਕੋਠੇ ਉਪਰ ਚੜ੍ਹੀ ਅਤੇ ਆਸੇ ਪਾਸੇ ਵੇਖ ਕੇ ਕੋਠੇ(R-1) ਦੀ ਛੱਤ ਤੋਂ ਹੇਠਾਂ ਪੌੜੀਆਂ (S) ਵਿੱਚ ਖਲੋ ਕੇ ਕਿਹਾ ਕਿ ਪੁੱਤ ਆਪਣਾ ਬਚਾ ਕਰ ਲਵੋਂ, ਪੁਲਿਸ ਬਹੁਤ ਆ ਗਈ ਹੈ, ਸਾਰਾ ਪਿੰਡ ਘੇਰਿਆ ਹੋਇਆ ਹੈ। ਇਹ ਕਹਿ ਕੇ ਮਾਤਾ ਤਾਂ ਹੇਠਾਂ ਉਤਰ ਆਈ ਪਰ ਤਿੰਨ ਸਿੰਘਾਂ ਨੇ ਆਪਣੇ-ਆਪਣੇ ਸ਼ਸ਼ਤਰ ਪਹਿਨੇ, ਚੈਂਬਰ ਵਿੱਚ ਗੋਲੀਆਂ ਚੜ੍ਹਾਈਆਂ ਅਤੇ ਚੌਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਭਾਈ ਗੋਰੇ ਨੇ ਨਾਲ ਦੇ ਦੋ ਸਿੰਘਾਂ ਨੂੰ ਹਦਾਇਤ ਦਿੰਦੇ ਕਿਹਾ," ਜਿੰਨ੍ਹਾਂ ਚਿਰ ਮੈਂ ਨਾ ਕਹਾ ਗੋਲੀ ਨਹੀਂ ਚਲਾਉਣੀ, ਘਬਰਾਉਣਾ ਨਹੀਂ, ਕਾਹਲੀ ਨਹੀਂ ਕਰਨੀ । ਸਮਝੋ ਕਿ ਸ਼ਹੀਦੀਆਂ ਦਾ ਸਮਾਂ ਆ ਗਿਆਂ ਹੈ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ, ਕਲਗੀਆਂ ਵਾਲੇ ਦੇ ਲਾਡਲੇ ਹੋ ਦਲੇਰੀ ਅਤੇ ਦ੍ਰਿੜਤਾ ਨਾਲ ਮੁਕਾਬਲਾ ਕਰਨਾ, ਕੋਈ ਗੋਲੀ ਅਜਾਈਂ ਨਾ ਜਾਣ ਦਿਓ, ਗੁਰੁ ਪਾਤਸ਼ਾਹ ਫਤਹਿ ਬਖਸ਼ਣਗੇ।"ਹੁਣ ਤੱਕ ਸਾਰੇ ਪਿੰਡ ਨੂੰ ਘੇਰਾ ਪੈ ਚੁੱਕਾ ਸੀ।ਸਿੰਘ ਵੀ ਅੰਦਰ ਤਿਆਰ -ਬਰ-ਤਿਆਰ ਹੋ ਕੇ ਵੈਰੀ ਦੀ ਉਡੀਕ ਕਰ ਰਹੇ ਸਨ।ਏਨੇ ਚਿਰ ਨੂੰ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਅਨਾਊਂਸਮੈਂਟ ਹੋਈ,
"ਸਾਰੇ ਪਿੰਡ ਨੂੰ ਪੁਲਿਸ ,ਬੀ.ਐਸ.ਐਫ.ਅਤੇ ਫੌਜ ਦਾ ਘੇਰਾ ਪੈ ਚੁੱਕਾ ਹੈ,ਤਿੰਨੇ ਘੇਰੇ ,ਪਿੰਡ ਵਿੱਚ ਜਿਹੜੇ ਖਾੜਕੂ ਲੋਕੇ ਬੈਠੇ ਹਨ ਭੱਜਣ ਦੀ ਕੋਸ਼ਿਸ਼ ਨਾ ਕਰਨ।ਹਥਿਆਰ ਸੁੱਟ ਕੇ,ਹੱਥ ਖੜੇ ਕਰਕੇ ਬਾਹਰ ਆ ਜਾਣ। ਪਿੰਡ ਦੇ ਸਾਰੇ ਲੋਕ ਪਿੰਡ ਖਾਲੀ ਕਰਕੇ ਇਕ ਸਾਝੀ ਜਗ੍ਹਾ (ਸਕੂਲ ਦੀ ਗਰਾਊਡ) ਵਿਖੇ ਇਕੱਠੇ ਹੋ ਜਾਣ ਅਤੇ ਘਰ ਕੇਵਲ ਇਕ-ਇਕ ਬਾਲਿਗ ਵਿਆਕਤੀ ਰਹਿ ਜਾਵੇ।"
ਘਰ ਵਾਲੀ ਮਾਤਾ ਆਪ ਘਰ ਰਹੀ ਅਤੇ ਦੋਹਤਰੇ ਨੂੰ ਘਰੋਂ ਕੱਢ ਦਿੱਤਾ।ਮਾਤਾ ਦੇ ਨਾਲ ਵਾਲਾ ਘਰ (B) ਉਸ ਦੇ ਲੜਕੇ ਦਾ ਸੀ ਜੋ ਘਰ ਨਹੀਂ ਸੀ ਕੇਵਲ ਉਸ ਦੀ ਪਤਨੀ ਸੀ ਉਸ ਨੂੰ ਮਾਤਾ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਥੇ ਭੇਜ ਦਿੱਤਾ ਜਿਥੇ ਪੁਲਿਸ ਨੇ ਪਿੰਡ ਵਾਲਿਆਂ ਨੁੰ ਇਕੱਠੇ ਹੋਣ ਲਈ ਕਿਹਾ ਸੀ।ਮਾਤਾ ਦੇ ਮਕਾਨ(A) ਦੇ ਕਮਰੇ(R-1) ਦੀ ਦਵਾਰ ਘਰ(B) ਦੇ ਕਮਰੇ (R-2)ਨਾਲ ਸਾਂਝੀ ਸੀ ਅਤੇ ਦੋਹਾਂ ਕਮਰਿਆਂ ਵਿਚਕਾਰ ਇਕ ਦਰਵਾਜ਼ਾ (D-3) ਸੀ ਮਾਤਾ ਨੇ ਕਮਰਿਆਂ ਵਿੱਚਲਾਂ ਦਰਵਾਜ਼ਾ (D-3) ਖੋਹਲ ਦਿੱਤਾ ਅਤੇ ਕਮਰੇ(R-2)ਦਾ ਬਾਹਰ ਦੇ ਦਰਵਾਜ਼ੇ (D-2) ਨੂੰ ਇਕ ਪੁਰਾਣਾ ਜਿਹਾ ਜਿੰਦਾ ਲਗਾ ਦਿੱਤਾ।ਤਿੰਨੇ ਸਿੰਘ ਆਪਣੇ ਸ਼ਸ਼ਤਰ ਲੈ ਕੇ (D) ਦੇ ਕਮਰੇ (R-2) ਵਿੱਚ ਚਲੇ ਗਏ ਅਤੇ ਢੁਕਵੇਂ ਸਮੇਂ ਦੀ ਉਡੀਕ ਕਰਨ ਲੱਗੇ।
ਥੋੜੇ ਹੀ ਚਿਰ ਬਾਅਦ ਐਸ.ਪੀ. ਆਰ.ਪੀ.ਸਿੰਘ ਤੇਜਾ ਦੀ ਅਗਵਾਈ ਵਿੱਚ ਇਕ ਪੁਲਿਸ ਪਾਰਟੀ ਮਕਾਨ ਨੰਬਰ ਅ ਵਿੱਚ ਗੇਟ (G-1) ਰਾਂਹੀਂ ਦਾਖਲ ਹੋਈ ਅਤੇ ਸਾਰੇ ਘਰ ਦੀ ਤਲਾਸ਼ੀ ਲਈ। ਸਿੰਘ ਮਕਾਨ (B) ਵਿੱਚ ਬੈਠੇ ਸਨ ਅਤੇ ਪੁਲਿਸ ਮਕਾਨ (A) ਦੀ ਬਰੀਕੀ ਨਾਲ ਤਲਾਸ਼ੀ ਲੈ ਰਹੀ ਸੀ ।ਮੁਖਬਰ ਦੀ ਸੂਚਨਾ ਅਨੁਸਾਰ ਖਾੜਕੂ ਇਸੇ ਹੀ ਘਰ ਸਨ ਪਰ ਪੁਲਿਸ ਨੂੰ ਕੁਝ ਹੱਥ ਨਹੀਂ ਲੱਗ ਰਿਹਾ ਸੀ।ਘਰ ਦੀ ਤਲਾਸ਼ੀ ਲੈ ਕੇ ਤਸੱਲੀ ਕਰਨ ਤੋਂ ਬਾਅਦ ਪੁਲਿਸ ਨੇ ਮਾਤਾ ਨੂੰ ਨਾਲ ਦੇ ਮਕਾਨ (B) ਬਾਰੇ ਪੁਛਿਆ।ਮਾਤਾ ਨੇ ਕਿਹਾ ਕਿ ਇਹ ਮਕਾਨ ਮੇਰੇ ਪੁੱਤਰ ਦਾ ਹੈ ਉਹ ਮੇਰੇ ਤੋਂ ਵੱਖ ਰਹਿੰਦਾ ਹੈ ਇਥੇ ਨਹੀਂ ਹੈ ਅਤੇ ਉਸ ਦੀ ਘਰਵਾਲੀ ਵੀ ਜਿੰਦਰਾ ਮਾਰ ਕੇ ਕਿਤੇ ਗਈ ਹੈ।ਪੁਲਿਸ ਵਾਲਿਆਂ ਮਾਤਾ ਕੋਲੋਂ ਜਿੰਦਰੇ ਦੀ ਚਾਬੀ ਮੰਗੀ ਪਰ ਮਾਤਾ ਦੇ ਇਹ ਕਹਿਣ ਤੇ ਕਿ ਮੇਰੇ ਕੋਲ ਚਾਬੀ ਨਹੀਂ ਹੈ ਪੁਲਿਸ ਅਫ਼ਸਰਾਂ ਨੇ ਮਾਤਾ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ । ਬਾਹਰ ਜੋ ਕੁਝ ਹੋ ਰਿਹਾ ਸੀ ਅੰਦਰ ਬੈਠੇ ਸਿੰਘਾਂ ਨੂੰ ਦਰਵਾਜ਼ਿਆਂ ਦੀਆਂ ਮੋਰੀਆਂ ਰਾਹੀਂ ਦਿੱਸ ਵੀ ਰਿਹਾ ਸੀ ਅਤੇ ਸੁਣ ਵੀ ਰਿਹਾ ਸੀ।
ਫਿਰ ਪੁਲਿਸ ਗੇਟ ਰਾਹੀ ਮਕਾਨ ਬੀ ਵਿੱਚ ਗਈ ਅਤੇ ਗੇੜਾ ਮਾਰ ਕੇ ਵਾਪਸ ਚਲੀ ਗਈ ।ਸਿੰਘ ਮਕਾਨ ਬੀ ਦੇ ਕਮਰਾ (R-2) ਵਿੱਚ ਬੈਠੇ ਰਹੇ।ਕੁਝ ਮਿੰਟਾਂ ਬਾਅਦ ਐਸ.ਪੀ.ਤੇਜਾ ਫਿਰ ਪੁਲਿਸ ਪਾਰਟੀ ਲੈ ਕੇ ਮਕਾਨ ਬੀ ਵਿੱਚ ਦਾਖਲ ਹੋਇਆ ਤੇ ਮੁਲਾਜ਼ਮਾਂ ਨੂੰ ਕਹਿਣ ਲੱਗਾ ਕਿ ਮੁਖਬਰ ਅਨੁਸਾਰ ਖਾੜਕੂ ਇਸੇ ਹੀ ਘਰ ਵਿੱਚ ਹਨ,ਤੁਸੀਂ ਕਹੀਆਂ ਲੈ ਕੇ ਕਮਰੇ (R-2) ਦੀ ਛੱਤ ਪੁੱਟਣੀ ਸ਼ੁਰੂ ਕਰੋ। ਭਾਈ ਗੋਰੇ ਦੀ ਕਮਾਂਡ ਹੇਠ ਸਿੰਘ ਚੁੱਪ ਚਾਪ ਬੈਠੇ ਰਹੇ।ਬਾਹਰ ਐਸ.ਪੀ ਸੋਚ ਰਿਹਾ ਕਿ ਜੇਕਰ ਖਾੜਕੂ ਇਥੇ ਹੀ ਹੋਏ ਤਾਂ ਛੱਤ ਪੁੱਟਣ ਦੀ ਆਵਾਜ਼ ਸੁਣ ਕੇ ਹਿਲਜੁਲ ਜ਼ਰੂਰ ਕਰਨਗੇ ਪਰੰਤੂ ਅੰਦਰ ਯੁੱਧਨੀਤੀ ਦੇ ਮਾਹਰ ਜਰਨੈਲ ਭਾਈ ਗੋਰੇ ਨੇ ਸਾਥੀਆਂ ਨੂੰ ਕਿਹਾ ਕਿ ਜਿੰਨਾਂ ਚਿਰ ਛੱਤ ਵਿੱਚ ਪਾੜ ਨਹੀਂ ਪੈਂਦਾ ਅਤੇ ਪੁਲਿਸ ਦੇ ਮੁਲਾਜ਼ਮ ਨਜ਼ਰ ਨਹੀਂ ਆਉਦੇ ਉਨ੍ਹਾਂ ਚਿਰ ਤੱਕ ਗੋਲੀ ਨਹੀਂ ਚਲਾਉਣੀ। ਛੱਤ ਉੱਪਰ ਕਹੀਆਂ ਚੱਲਣ ਦੀ ਅਵਾਜ਼ ਆ ਰਹੀ ਸੀ ਪਰ ਕੁਝ ਟੱਪ ਮਾਰ ਕੇ ਸਿਪਾਹੀ ਫਿਰ ਹੇਠਾਂ ਉਤਰ ਆਏ ਅਤੇ ਐਸ.ਪੀ ਸਮੇਤ ਵਾਪਸ ਚਲੇ ਗਏ। ਸਿੰਘ ਅੰਦਰ ਚੁੱਪ ਚਾਪ ਬੈਠੇ ਰਹੇ।
ਸਿੰਘ ਕਮਰੇ R-2 ਵਿੱਚ ਬੈਠੇ ਸਨ।ਹੁਣ ਫਿਰ ਐਸ.ਪੀ.ਤੇਜਾ ਮਕਾਨ ਬੀ ਵਿੱਚ ਤੀਸਰੀ ਵਾਰ ਆਇਆ ਅਤੇ ਮੁਲਾਜ਼ਮਾਂ ਨੂੰ ਕਹਿਣ ਲੱਗਾ ਕਿ ਕਮਰੇ (R-2)ਦੇ ਪਿਛੇ ਦੀ ਗਲੀ (S-1) ਵਿੱਚ ਇਕ ਰੌਸ਼ਨਦਾਨ(W) ਹੈ ।ਪੌੜੀ ਲਿਆ ਕੇ ਉਹ ਖੋਹਲੋ ਅਤੇ ਵੇਖੋ ਕਿ ਅੰਦਰ ਕੋਈ ਹੈ ਜਾਂ ਨਹੀਂ ।ਪੁਲੀਸ ਵਾਲ਼ੇ ਕਿਸੇ ਘਰੋਂ ਪੌੜੀ ਲਿਆਏ ਅਤੇ ਗਲ਼ੀ (S-1) ਵਿੱਚ ਇੱਕ ਮੁਲਾਜ਼ਮ ਨੇ ਪੌੜੀ ਉੱਪਰ ਚੜ੍ਹ ਕੇ ਰੌਸ਼ਨਦਾਨ (W) ਖੋਲ੍ਹਿਆ। ਅੰਦਰ ਵਾਲ਼ੇ ਸਿੰਘਾਂ ਵਿੱਚੋਂ ਭਾਈ ਗੋਰਾ ਅਤੇ ਦਲਜੀਤ ਸਿੰਘ ਕਮਰੇ ਦੀ ਰੌਸ਼ਨਦਾਨ ਵਾਲ਼ੀ ਦੀਵਾਰ (W-1) ਨਾਲ਼ ਚੁੱਪ-ਚਾਪ ਲੱਗ ਗਏ ਅਤੇ ਭਾਈ ਪ੍ਰੇਮਜੀਤ ਸਿੰਘ(ਕਾਲਪਨਿਕ ਨਾਮ)ਇੱਕ ਬੈੱਡ (DB) ਦੇ ਹੇਠਾਂ ਚੁੱਪਚਾਪ ਵੜ੍ਹ ਗਿਆ। ਇੱਕ ਸਿਪਾਹੀ ਨੇ ਰੌਸ਼ਨਦਾਨ (W) ਖੋਲ੍ਹ ਕੇ ਅੰਦਰ ਸਰਸਰੀ ਜਿਹੀ ਨਜ਼ਰ ਮਾਰੀ ਤੇ ਅਫ਼ਸਰਾਂ ਨੂੰ ਕਿਹਾ- "ਸਾਹਬ ਜੀ, ਅੰਦਰ ਤਾਂ ਕੋਈ ਨਹੀਂ ਲੱਗਦਾ।"
ਪੁਲੀਸ ਵਾਲ਼ੇ ਫਿਰ ਗਲ਼ੀ ਵਿੱਚ ਵਾਪਸ ਚਲੇ ਗਏ, ਪਰ ਮੁਖ਼ਬਰ ਦੱਸ ਰਿਹਾ ਸੀ ਕਿ ਖਾੜਕੂ ਇਹਨਾਂ (A ਅਤੇ B) ਮਕਾਨਾਂ ਵਿੱਚ ਹੀ ਹਨ।
ਚੌਥੀ ਵਾਰ ਫੇਰ ਐਸ.ਪੀ. ਤੇਜਾ ਮਕਾਨ (B) ਦੇ ਗੇਟ (G-2 ) ਰਾਹੀਂ ਦਾਖ਼ਲ ਹੋਇਆ ਅਤੇ ਸਿਪਾਹੀਆਂ ਨੂੰ ਕਿਹਾ ਕਿ 'ਕਮਰੇ (R-2) ਜਿੰਦਰਾ ਤੋੜ ਦਿਓ।'
ਇਸ ਸਮੇਂ ਮਕਾਨ (A) ਵਾਲ਼ੀ ਮਾਤਾ ਵੀ ਓਥੇ ਖੜ੍ਹੀ ਸੀ, ਜਿਸ ਨੂੰ ਪੁਲਿਸ ਵਾਲੇ ਬਹੁਤ ਹੀ ਗੰਦੀਆਂ ਗਾਲ਼ਾਂ ਕੱਢ ਰਹੇ ਸਨ ।ਇਕ ਅਫਸਰ ਨੇ ਮਾਤਾ ਨੂੰ ਕਿਹਾ, "ਬੁੱਢੜੀਏ ਦਫ਼ਾ ਹੋ ਜਾ ਇੱਥੋਂ, ਜਵਾਈ ਘਰ ਵਾੜੇ ਆ ਤੂੰ....।"
ਇਸੇ ਸਮੇਂ ਕੁਝ ਮੁਲਾਜ਼ਮਾਂ ਨੇ ਜਿੰਦਰਾ ਤੋੜਨਾ ਸ਼ੁਰੂ ਕਰ ਦਿੱਤਾ ਅਤੇ ਅੰਦਰਲੇ ਸਿੰਘ ਜਿੰਦਰਾ ਖੋਲ੍ਹ ਕੇ (ਅ) ਵਿੱਚ ਚਲੇ ਗਏ। ਦਰਵਾਜ਼ੇ ਅੱਗੇ ਉਹਨਾਂ ਨੇ ਹੌਲ਼ੀ ਜਿਹੀ ਇੱਕ ਵੱਡੀ ਅਲਮਾਰੀ ਕਰ ਦਿੱਤੀ ਪਰ ਛੇਤੀ ਕਰਦਿਆਂ ਸਿੰਘਾਂ ਦਾ ਇੱਕ ਬੈਗ ਜਿਸ ਵਿੱਚ ਇੱਕ ਨਕਾਰਾ ਪਿਸਟਲ, ਲੈਟਰ ਹੈੱਡ ਅਤੇ ਕਾਗ਼ਜ਼ ਸਨ ਕਮਰੇ (R-2 ) ਰਹਿ ਗਿਆ। ਕੁਝ ਹੀ ਮਿੰਟਾਂ ਵਿੱਚ ਜਿੰਦਰਾ ਟੁੱਟ ਗਿਆ। ਐਸ.ਪੀ. ਤੇਜਾ ਭਾਰੀ ਫ਼ੋਰਸ ਲੈ ਕੇ ਕਮਰੇ ਅੰਦਰ ਦਾਖ਼ਲ ਹੋਇਆ ਅਤੇ ਕਮਰੇ ਅੰਦਰੋਂ ਸਿੰਘਾਂ ਦਾ ਬੈਗ ਬਰਾਮਦ ਹੋ ਗਿਆ। ਇਸ ਬੈਗ ਦੀ ਬਰਾਮਦਗੀ ਤੋਂ ਇਹ ਪੁਲੀਸ ਨੂੰ ਪੱਕਾ ਸ਼ੱਕ ਹੋ ਗਿਆ ਕਿ ਇਹਨਾਂ ਮਕਾਨਾਂ ਵਿੱਚ ਖਾੜਕੂਆਂ ਦੀ ਬਹਿਕ ਜ਼ਰੂਰ ਹੈ। ਹੁਣ ਸਿੰਘ ਪਹਿਲੇ ਮਕਾਨ (A) ਦੇ ਕਮਰੇ R-1ਵਿੱਚ ਸਨ ਅਤੇ ਆਰ.ਪੀ. ਸਿੰਘ ਤੇਜਾ ਵਾਇਰਲੈੱਸ ਉੱਪਰ ਆਖ ਰਿਹਾ ਸੀ, ਬੰਦੇ ਇੱਥੇ ਹੀ ਹਨ, ਕੁਝ ਹੋਰ ਮੁਲਾਜ਼ਮ ਅਤੇ ਬੁਲੇਟ-ਪਰੂਫ ਟਰੈਕਟਰ ਇਸ ਪਾਸੇ ਭੇਜ ਦਿਓ....।"
ਵਾਇਰਲੈੱਸ ਕਰਦਾ ਐਸ.ਪੀ. ਤੇਜਾ ਮਕਾਨ (ਭ) ਵਿੱਚੋਂ ਨਿਕਲ਼ ਕੇ 30-40 ਸਿਪਾਹੀਆਂ ਨਾਲ਼ ਗੇਟ(G-1)ਰਾਹੀਂ ਫਿਰ ਪਹਿਲੇ ਮਕਾਨ (A) ਦੇ ਵਿਹੜੇ ਵਿੱਚ ਆ ਗਿਆ। ਮਕਾਨ (A) ਦੇ ਕਮਰੇ ਦੇ ਦਰਵਾਜ਼ੇ ਅੰਦਰੋਂ ਬੰਦ ਸੀ ਅਤੇ ਸਿੰਘ ਕਮਰੇ(R-1)ਦੇ ਦਰਵਾਜ਼ੇ (D-1)ਦੇ ਪਿੱਛੇ ਤਿਆਰ-ਬਰ-ਤਿਆਰ ਖੜ੍ਹੇ ਸਨ। ਆਰ.ਪੀ. ਸਿੰਘ ਤੇਜਾ ਅਜੇ ਵੀ ਵਾਇਰਲੈੱਸ ਕਰੀ ਜਾ ਰਿਹਾ ਅਤੇ ਮਕਾਨ (ਅ) ਦੇ ਛੋਟੇ ਜਿਹੇ ਵਿਹੜੇ (25X10)ਵਿੱਚ ਣੇਦਾਰਾਂ, ਹੌਲਦਾਰਾਂ ਸਿਪਾਹੀਆਂ ਸਮੇਤ ਕੋਈ 50ਕੁ ਮੁਲਾਜ਼ਮ ਸਨ।
ਬਾਕੀ ਅਗਲੇ ਹਫਤੇ..................