ਬੈਲਜੀਅਮ 'ਚ ਸਿਆਸੀ ਸੰਕਟ ਖਤਮ, ਨਵੀਂ ਸਰਕਾਰ ਬਣੀ

ਈਪਰ,ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਫਲੈਮਿਸ਼ ਅਤੇ ਫਰੈਂਚ ਭਾਸ਼ਾਈ ਪਾਰਟੀਆਂ ਦੀ 541 ਦਿਨਾਂ ਦੀ ਖਿਚੋਤਾਣ ਅਤੇ ਸਿਆਸੀ ਸੰਕਟ 'ਤੋ ਬਾਅਦ ਬੈਲਜ਼ੀਅਮ 'ਚ ਆਖਰ 6 ਪਾਰਟੀਆਂ ਦੀ ਗਠਜੋੜ ਸਰਕਾਰ ਬਣ ਹੀ ਗਈ । 13 ਮੰਤਰੀਆਂ ਅਤੇ ਛੇ ਸਕੱਤਰਾਂ ਵਾਲੀ ਇਸ ਸਰਕਾਰ ਨੂੰ ਲਾਕਨ ਸਥਿਤ ਸਾਹੀ ਮਹਿਲ 'ਚ ਰਾਜੇ ਅਲਬਰਟ ਦੂਜੇ ਨੇ ਅਹੁਦੇ ਦੇ ਭੇਤ ਗੁੱਪਤ ਰੱਖਣ ਦੀ ਸਹੁੰ ਚੁਕਾਈ । ਪੀ ਐਸ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਅਗਵਾਹੀ ਹੇਠ ਪਿਛਲੇ ਤਿੰਨ ਦਹਕਿਆਂ ਬਾਅਦ ਫਰੈਂਚ ਭਾਸਾਈ ਖੇਤਰ ''ਵਾਲੋਨੀਆਂ'' ਨੂੰ ਸਰਕਾਰ ਚਲਾਉਣ ਲਈ ਮੌਕਾ ਮਿਲਿਆ ਹੈ ।
ਇਟਲੀ ਮੂਲ ਦੇ ਸ੍ਰੀ ਏਲੀਓ ਦੀ ਰੂਪੋ ਨੇ ਪੱਤਰਕਾਰਾਂ ਵੱਲੋੋ ਪਿਛੋਕੜ ਬਾਰੇ ਸਵਾਲ ਕਰਨ 'ਤੇ ਉਹਨਾਂ ਨੇ ਕਿਹਾ ਕਿ ਮੈਂ ਖੁਦ ਕਿਸੇ ਦੀ ਨਿੱਜੀ ਜਿੰਦਗੀ 'ਚ ਦਖਲ ਅੰਦਾਜੀ ਨਹੀ ਕਰਦਾ ਇਸ ਲਈ ਮੈਂਨੂੰ ਮੁੱਲਕ ਦੀ ਬਿਹਤਰੀ ਬਾਰੇ ਹੀ ਸੋਚਣ ਦਿਉ ਕਿਉਕਿ ਚੋਣਾਂ ਜਿੱਤਣ ਬਾਅਦ ਜਦ ਸ੍ਰੀ ਰੂਪੋ ਦਾ ਨਾਂ ਪ੍ਰਧਾਨ ਮੰਤਰੀ ਪਦ ਲਈ ਸਾਹਮਣੇ ਆਇਆ ਤਾਂ ਇਥੋ ਦੀ ਇੱਕ ਨਸਲਵਾਦੀ ਪਾਰਟੀ ਫਲੈਮਿਸ਼ ਬਲਾਕ ਦੇ ਪ੍ਰਧਾਨ ਨੇ ਕਿਹਾ ਸੀ ਕਿ ਰੂਪੋ ਨੂੰ ਇਸ ਪੁਜੀਸ਼ਨ 'ਚ ਦੇਖਣ 'ਤੋ ਪਹਿਲਾਂ ਉਹ ਨਾਮਬੀਆਂ ਨਾਂ ਦੇ ਅਫਰੀਕੀ ਦੇਸ਼ 'ਚ ਰਹਿਣ ਲਈ ਜਾਣਗੇ ।
ਬੇਸੱਕ ਨਵੀਂ ਸਰਕਾਰ ਨੂੰ ਬਹੁਤ ਸਾਰੇ ਮੁੱਦਿਆਂ 'ਤੇ ਆਮ ਸਹਿਮਤੀ ਬਣਾਉਣ ਲਈ ਡੇਢ ਸਾਲ ਦਾ ਸਮਾਂ ਲੱਗ ਗਿਆ ਪਰ ਇਥੇ ਵਧ ਰਹੀ ਸ਼ਰਨਾਰਥੀਆਂ ਦੀ ਗਿਣਤੀ ਰੋਕਣ ਲਈ ਸਾਰੀਆਂ ਧਿਰਾਂ ਇੱਕਮੁੱਠ ਹਨ ਜਲਦੀ ਹੀ ਪਾਸ ਹੋਣ ਜਾ ਰਹੇ ਬਿਲ ਮੁਤਾਬਕ ਸੁਪਨਿਆਂ ਦੀ ਸੁਨਿਹਰੀ ਜਿੰਦਗੀ ਬਸਰ ਕਰਨ ਬੈਲਜ਼ੀਅਮ ਪਹੁੰਚਣ ਵਾਲਿਆਂ ਨੂੰ 6 ਮਹੀਨਿਆਂ ਦੇ ਵਿੱਚ ਹੀ ਹਾਂ ਜਾਂ ਨਾਂਹ ਦਾ ਜਵਾਬ ਦਿਤਾ ਜਾਇਆ ਕਰੇਗਾ ਅਤੇ ਸੁਰਿੱਖਿਅਤ ਮੁੱਲਕਾਂ 'ਚੋ ਤੀਰ-ਤੁਕਾ ਲਾਉਣ ਆਉਣ ਵਾਲਿਆਂ ਲਈ ਤਾਂ 15 ਦਿਨਾਂ 'ਚ ਹੀ ਵਾਪਸ ਭੇਜਣ ਦੀ ਤਿਆਰੀ ਹੋਵੇਗੀ ।
ਡੇਢ ਸਾਲ ਚੱਲੇ ਇਸ ਸਿਆਸੀ ਡਰਾਮੇ ਦੇ ਪ੍ਰਤੀ ਆਮ ਲੋਕਾਂ 'ਚ ਭਾਰੀ ਰੋਸ ਸੀ ਜਿਸ ਦੇ ਸਿੱਟੇ ਵਜੋ ਇੱਕ ਰੇਡੀਓ ਸਟੇਸ਼ਨ ਚਾਲਕ ਕੋਇਨ ਫਿਲਿਤ ਨੇ ਤਾਂ ਸਰਕਾਰ ਬਣਨ ਤੱਕ ਦਾੜੀ ਨਾ ਕਟਾਉਣ ਦਾ ਐਲਾਨ ਕਰ ਦਿੱਤਾ ਸੀ ਜਿਸਨੇ ਸਰਕਾਰ ਦੇ ਰਸਮੀ ਐਲਾਂਨ 'ਤੋ ਬਾਅਦ 324 ਦਿਨਾਂ 'ਤੋ ਵਧਾਈ ਦਾੜੀ ਦੀ ਵੀ ਸ਼ੇਵ ਕਰਵਾ ਦਿੱਤੀ ।