ਆਪਣੇ ਘਰਾਣੇ ਦੇ ਫ਼ਰੇਬ ਕੱਜਣ ਲਈ,
ਖੜਕਾਉਂਦੀ ਰਹੀ ਆਪਣੇ ਘੁਮੰਡ ਦਾ ਘੋਟਣਾਂ
ਕਰਦੀ ਰਹੀ ਆਪਣੇ 'ਖ਼ਾਨਦਾਨ' ਦਾ 'ਉਧਾਰ'
ਬੇਦੋਸ਼ਿਆਂ ਦਾ ਅਮਨ-ਚੈਨ ਉਜਾੜਨ ਲਈ
ਫ਼ੇਰਦੀ ਰਹੀ ਘਰੇਲੂ ਜ਼ਿੰਦਗੀ ਵਿਚ
ਸੌੜੀ ਸਿਆਸਤ ਦੇ ਝੁਰਲੂ
ਹੁਣ ਤੂੰ ਆਪਣੀ, ਇਕੱਲਤਾ,
ਤੇ ਚੁੱਪ ਵਜਾਉਣੀ ਸਿੱਖ!
…..
ਬੜੀ ਖ਼ੁਮਾਰੀ ਸੀ ਤੈਨੂੰ,
ਬਿਗਾਨੇ ਆਲ੍ਹਣਿਆਂ ਦਾ ਮੁਸ਼ਕ ਲੈਣ
ਤੇ ਰੀਝਾਂ ਦੇ ਆਂਡੇ ਭੰਨਣ ਦੀ?
ਦੂਜਿਆਂ ਦੇ ਮਸਲੇ ਵਿਚ ਬੇਹੂਦਾ ਦਖ਼ਲ ਦੇਣ ਦੀ!
ਪਹਿਲਾਂ ਜਾਂ ਪਿੱਛੋਂ,
ਬੰਦੇ ਨੂੰ ਖ਼ੂਨ ਪੀਣਾਂ ਹੀ ਪੈਂਦਾ ਹੈ,
ਚਾਹੇ ਆਪਣੀਆਂ,
ਰਗਾਂ ਦੀਆਂ ਘੁੱਟਾਂ ਦਾ ਹੀ ਕਿਉਂ ਨਾ ਹੋਵੇ!
…..
ਵਸਦਾ ਰਿਹਾ ਹਾਂ ਖ਼ੂਨੀ ਲੋਕਾਂ ਵਿਚ,
ਜਦ ਮੁਸਕੁਰਾ ਪੈਂਦਾ ਕਦੇ ਭੁੱਲ-ਭੁਲੇਖੇ,
ਤਾਂ ਹਲਾਲ ਕਰਨ ਲਈ,
ਛੁਰੀਆਂ ਚੁੱਕ ਪਿੱਛੇ ਦੌੜਦੇ
ਕਿ ਇਹ ਬਲੀ ਦੇਣ ਦੇ,
ਫ਼ਿਰ ਕਾਬਲ ਹੋ ਗਿਆ ਹੈ!
…..
ਕਥਨ ਹੈ ਕਿ ਬੂਟੇ ਫ਼ੁੱਲਾਂ ਨੂੰ
ਕਿੰਨੇ ਸੋਹਣੇ-ਸੋਹਣੇ ਰੰਗ ਦਿੰਦੇ ਨੇ
ਕੀ ਉਹ ਇਸੇ ਕੰਮ ਲਈ,
ਵਿਹਲੇ ਹੀ ਨੇ?
ਨਹੀਂ! ਪਰ ਦੁਨੀਆਂ ਦੀ ਰੂਹ ਖ਼ੁਸ਼ ਕਰਨ ਲਈ,
ਪ੍ਰਕਿਰਤੀ ਵੱਲੋਂ ਉਹਨਾਂ ਦੀ ਡਿਊਟੀ ਹੈ,
ਤੇ ਇਹ ਕਾਰਜ ਉਹ,
ਬੜੀ ਇਮਾਨਦਾਰੀ ਨਾਲ਼ ਨਿਭਾ ਰਹੇ ਨੇ!
ਤੇ ਤੇਰੇ ਤਸੀਹੇ ਵੀ ਮੈਂ
ਬੜੇ ਸਬਰ ਅਤੇ ਇਮਾਨਦਾਰੀ ਨਾਲ਼ ਝੱਲੇ ਨੇ!
…..
ਛੱਡ ਚੱਲਿਆ ਹਾਂ ਤੈਨੂੰ
ਤੇਰੇ ਘੁਮੰਡ ਅਤੇ ਮਾਣ ਦੇ ਆਸਰੇ
ਹੁਣ ਤੂੰ ਇਹਨਾਂ ਨੂੰ ਵਜਾ-ਵਜਾ ਕੇ
ਇਸ ਦਾ ਕਾਰਨ ਕੱਢ,
ਹੱਲ ਤਾਂ ਤੈਥੋਂ ਨਿਕਲ਼ ਨਹੀਂ ਸਕਣਾ!!
ਕਿਉਂਕਿ ਤੇਰੀ ਬਿਰਤੀ
'ਆਪਣਿਆਂ' ਪ੍ਰਤੀ ਉਲਾਰੂ
ਤੇ ਇਨਸਾਨ ਪ੍ਰਤੀ ਘਾਤਿਕ ਐ!
…..
ਨਫ਼ਰਤ ਅਤੇ ਸਿਆਸਤ ਦੀ ਬੁਨਿਆਦ 'ਤੇ ਖੜ੍ਹੇ ਰਿਸ਼ਤੇ
ਤਾਂ ਇੰਜ ਹੁੰਦੇ ਨੇ,
ਜਿਵੇਂ ਬੱਚੇਦਾਨੀ ਬਾਝੋਂ ਔਰਤ ਹੋਵੇ!
ਤੇ ਤੂੰ ਤਾਂ ਨਫ਼ਰਤ ਅਤੇ ਸਿਆਸਤ 'ਚੋਂ
ਕਦੇ ਹੱਥ ਹੀ ਨਹੀਂ ਕੱਢਿਆ ਸੀ!