ਸਾਹਿਤਕਾਰ, ਵਿਦਵਾਨ ਅਨਮੁੱਲਾ ਹੀਰਾ ਭਾਈ ਵੀਰ ਸਿੰਘ............ਦਰਸ਼ਨ ਸਿੰਘ ਪ੍ਰੀਤੀਮਾਨ

ਲੜੀ ਵਾਰ ਕਾਲਮ “ ਅਨਮੋਲ ਹੀਰੇ “

 ਇਸ ਧਰਤੀ ਤੇ ਜਿੱਥੇ ਗੁਰੂਆਂ, ਪੀਰਾਂ, ਪੈਗੰਬਰਾਂ,ਸੂਰਮਿਆਂ,ਯੋਧਿਆ, ਸਾਧਾ, ਸੰਤਾਂ, ਵਿਗਿਆਨੀਆਂ ਨੇ ਜਨਮ ਲਿਆ, ਉੱਥੇ ਇਤਿਹਾਸ ਦੇ ਰਚਨ ਹਾਰਿਆਂ ਦਾ ਵੀ ਜਨਮ ਹੋਇਆ। ਸ਼੍ਰੀ ਗੁਰੂ ਨਾਨਕ ਦੇਵ, ਸ਼੍ਰੀ ਗੁਰੂ ਅਰਜਨ ਦੇਵ, ਸ਼ਾਹ ਹੁਸ਼ੈਨ, ਬਾਬਾ ਫਰੀਦ, ਬੁੱਲ੍ਹੇ ਸ਼ਾਹ, ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਜੀ, ਭਾਈ ਵੀਰ ਸਿੰਘ, ਪ੍ਰੋ, ਪੂਰਨ ਸਿੰਘ, ਵਾਰਿਸ਼ ਸ਼ਾਹ, ਧਨੀ ਰਾਮ ਚਾਤ੍ਰਿਕ ਅਤੇ ਹਾਸ਼ਮ ਆਦਿ ਕਵੀਆਂ ਦੀ ਜਨਮ ਦਾਤੀ ਵੀ ਇਹ ਧਰਤੀ ਹੈ। ਇੰਨ੍ਹਾਂ ਵਿੱਚ ਵਾਰਤਕ ਨੂੰ ਨਵਾਂ ਰੂਪ ਸ਼ੈਲੀ ਦੇਣ ਵਾਲਾ, ਨਵੀਨ ਨਿੱਕੀ ਕਵਿਤਾ ਤੇ ਮਹਾਂ-ਕਾਵਿ ਨੂੰ ਜਨਮ ਦੇਣ ਵਾਲਾ ਭਾਈ ਵੀਰ ਸਿੰਘ ਜੀ ਹਨ।
                           ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਮਾਤਾ ਰਾਜ ਕੌਰ ਦੀ ਕੁੱਖੋਂ ਪਿਤਾ ਡਾਕਟਰ ਚਰਨ ਸਿੰਘ ਦੇ ਘਰ, ਕੱਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਜੀ ਅਤੇ ਨਾਨਾ ਜੀ 'ਬ੍ਰਿਜ ਭਾਸ਼ਾ' ਅਤੇ 'ਸੰਸਕ੍ਰਿਤ' ਦੇ ਵਿਦਵਾਨ ਹੋਣ ਕਰਕੇ ਭਾਈ ਸਾਹਿਬ ਨੂੰ ਸਾਹਿਤ ਦੀ ਗੁੜ੍ਹਤੀ ਵਿਰਸੇ 'ਚੋਂ ਹੀ ਮਿਲੀ। ਆਪ ਨੇ 1891 ਈ: ਵਿੱਚ ਮੈਟ੍ਰਿਕ ਪਾਸ ਕੀਤੀ। ਬੀਬੀ ਚਤਰ ਕੌਰ ਨਾਲ ਉਹਨਾਂ ਦਾ ਵਿਆਹ ਹੋਇਆ। ਉਦੋਂ ਉਹਨਾਂ ਦੀ ਉਮਰ ਸਿਰਫ 17 ਸਾਲ ਦੀ ਸੀ।
                                ਭਾਈ ਵੀਰ ਸਿੰਘ ਦੇ ਯਤਨਾਂ ਸਦਕਾ 'ਚੀਫ ਖਾਲਸਾ ਦੀਵਾਨ', ਦੀ ਸਥਾਪਨਾ ਹੋਈ। ਆਪ ਸਿੰਘ ਸਭਾ ਲਹਿਰ ਦੇ ਮੋਢੀ ਬਣੇ ਤੇ ਖਾਲਸਾ ਟਰੱਸਟ ਸੁਸਾਇਟੀ ਦੀ ਨੀਂਹ ਰੱਖੀ। ਸੰਨ 1897 ਨੂੰ ਸਾਹਿਤਕ ਖੇਤਰ ਵਿੱਚ 'ਸੁੰਦਰੀ' (ਨਾਵਲ) ਉਹਨਾਂ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ ਜਿਸ ਦੀ ਪਾਠਕ ਵਰਗ ਵੱਲੋਂ ਬਹੁਤ ਪ੍ਰਸ਼ੰਸ਼ਾ ਕੀਤੀ ਗਈ ਸੀ। ਸੰਨ 1949 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਨੂੰ ਡਾ. ਆਫ. ਓਰੀ ਐਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ। ਭਾਈ ਸਾਹਿਬ 1952 ਈ ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦੇ ਦੋ ਸਾਲ ਸਾਹਿਤਕ ਅਕਾਦਮੀ ਦੇ ਨਾਮਜ਼ਦ ਮੈਂਬਰ ਰਹੇ।
                                ਭਾਈ ਵੀਰ ਸਿੰਘ ਜੀ ਨੇ ਮਾਂ ਬੋਲੀ ਪੰਜਾਬੀ ਦੀ ਝੋਲੀ ਅਣਮੁੱਲਾ ਭੰਡਾਰ ਪਾਇਆ ਹੈ, ਜਿਸ ਦੀ ਲਿਸਟ ਵੱਡੀ ਹੈ। 'ਸੰਥਯਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੰ. 1 ਤੋਂ 4 ਤੇ 7 ਅਨੇਕਾਂ ਬਾਣੀਆਂ 3 ਭਾਗ', 'ਸ਼੍ਰੀ ਗੁਰੂ ਨਾਨਕ ਚਮਤਕਾਰ' ਦੋ ਭਾਗ, 'ਸ਼੍ਰੀ ਕਲਗੀਧਰ ਚਮਤਕਾਰ', 'ਅਸ਼ਟ ਗੁਰੂ ਚਮਤਕਾਰ', 'ਪੁਰਾਤਨ ਜਨਮਸਾਖੀ', 'ਜਪੁਜੀ ਸਟੀਕ', 'ਪੰਜ ਗ੍ਰੰਥੀ ਸਟੀਕ', 'ਗੰਜ ਨਾਮਾ ਸਟੀਕ', 'ਸਿੱਖਾਂ ਦੀ ਭਗਤ ਮਾਲਾ', 'ਬਾਲਮ ਸਾਖ਼ੀਆਂ' ਪਾ: 10, 'ਵਾਰਾਂ ਭਾ: ਗੁਰਦਾਸ ਸਟੀਕ', 'ਬਾਲਮ ਸਾਖ਼ੀਆਂ' ਪਾ: 1, 'ਪ੍ਰਸੰਗਲੀਆਂ', 'ਸੁਖਮਨੀ ਸਟੀਕ', 'ਕਬਿਤ ਭਾ: ਗੁਰਦਾਸ', 'ਗੁਰਮੁਖ ਸਿੱਖਿਆ', 'ਬਾਬਾ ਨੌਧ ਸਿੰਘ', 'ਬਿਜੈ ਸਿੰਘ', 'ਸੰਤ ਬਿਮਲਾ ਸਿੰਘ', 'ਸਤਵੰਤ ਕੌਰ', 'ਅਮਰ ਲੇਖ', 'ਸੰਤ ਗਾਥਾ', 'ਰਾਣਾ ਸੂਰਤ ਸਿੰਘ', 'ਮੇਰੇ ਸਾਂਈਆਂ ਜੀਊ', 'ਸੱਤ ਔਖੀਆਂ ਰਾਤਾਂ', 'ਸਾਹਿਤਕ ਕਲੀਆਂ', 'ਕੰਬਦੀ ਕਲਾਈ', 'ਕੰਤ ਮਹੇਲੀ', 'ਮਟਕ ਹਲਾਰੇ, 'ਲਹਿਰਾਂ ਦੇ ਹਾਰ', 'ਸਿੱਕਾ ਸਧਰਾਂ', 'ਬਿਜਲੀ ਦੇ ਹਾਰ', 'ਆਵਾਜ਼ ਆਈ', 'ਨਨਾਣ ਭਰਜਾਈ ਦੀ ਵਾਰਤਾ', 'ਲਹਿਰ ਹੁਲਾਰੇ' ਅਤੇ 'ਹਮਦਰਦੀ' ਪੱਤਰ ਆਦਿ।
                                           ਲੇਖਕ ਆਧੁਨਿਕ ਸਾਹਿਤ ਦੇ ਪਿਤਾਮਾ ਹਨ। ਉਹਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਚੰਗੀ ਨਹੀਂ ਸੀ ਲਗਦੀ, ਇਸ ਕਰਕੇ ਉਹਨਾਂ ਅੰਗਰੇਜ਼ਾਂ ਦੇ ਅਧੀਨ ਨੌਕਰੀ ਨਹੀਂ ਕੀਤੀ ਤੇ 1892 ਵਿੱਚ ਵਜ਼ੀਰ ਹਿੰਦ ਪ੍ਰੈਸ ਖੋਲ੍ਹੀ। ਭਾਈ ਵੀਰ ਸਿੰਘ ਛੋਟੀ ਕਵਿਤਾ ਦੇ ਵੱਡੇ ਕਵੀ ਮੰਨੇ ਜਾਂਦੇ ਹਨ। ਉਹਨਾਂ ਨੇ ਕਈ ਵਿਧਾ ਵਿੱਚ ਕੰਮ ਕੀਤਾ ਜਿਵੇਂ। ਕੋਸ਼ਕਾਰੀ, ਗੁਰਮਿਤ, ਟੀਕਾਕਾਰੀ, ਵਾਰਤਕ ਗ੍ਰੰਥ, ਨਿੱਕੀ ਕਵਿਤਾ, ਨਾਟਕ ਅਤੇ ਨਾਵਲ ਆਦਿ।
ਭਾਈ ਵੀਰ ਸਿੰਘ ਜੀ ਨੇ 'ਗੁਰਪ੍ਰਤਾਪ ਸੂਰਜ ਗ੍ਰੰਥ' ਦਾ ਸੰਪਾਦਨ 14 ਜਿਲਦਾਂ ਵਿੱਚ ਕੀਤਾ। ਟੀਕਾਕਾਰੀ, ਕੋਸ਼ਕਾਰੀ ਤੇ ਅਨੁਵਾਦ ਖੇਤਰ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਭਾਈ ਸਾਹਿਬ ਦਾ ਕਾਰਜ ਹਰ ਖੇਤਰ ਵਿੱਚ ਅਦੁੱਤੀ ਮੰਨਿਆ ਜਾਂਦਾ ਹੈ। ਉਹ ਸਾਹਿਤਕ ਖੇਤਰ ਵਿੱਚ ਧਰਮ ਦੇ ਖੇਤਰ ਵਿੱਚ, ਇਤਿਹਾਸ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਚਮਕਿਆ। ਆਪ ਜੀ ਨੂੰ ਭਾਰਤ ਸਰਕਾਰ ਨੇ 1957 ਵਿੱਚ 'ਪਦਮ ਭੂਸ਼ਣ' ਨਾਲ ਨਿਵਾਜਿਆ। ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਸਨਮਾਨ ਮਿਲੇ।
                                        ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦਾ ਸਿਰਮੌਰ ਵਿਦਵਾਨ ਸੀ। ਉਹਨਾਂ ਆਪਣੀਆਂ ਅਨਮੁੱਲੀਆਂ ਰਚਨਾਵਾਂ ਵਿੱਚ ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਦੇ ਦਰਸ਼ਨ ਕਰਵਾਏ। ਉਹਨਾਂ ਦੀ ਵਾਰਤਾਲਾਪ ਬਹੁਤ ਦਿਲਚਸਪ ਹੈ। ਲਿਖਤ ਵਿੱਚ ਮਿਠਾਸ, ਖਿੱਚ, ਵਹਿਣ ਸੀ। ਜਿਸ ਕਰਕੇ ਪਾਠਕ ਨੂੰ ਉਹਨਾਂ ਦੀ ਲਿਖਤ ਨਾਲ ਅਥਾਂਹ ਪਿਆਰ ਸੀ। ਪਾਠਕ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦਾ ਅੱਕਦਾ ਥੱਕਦਾ ਨਹੀਂ ਸੀ, ਸਗੋਂ ਉਹਨਾਂ ਦੁਆਰਾ ਲਿਖਿਆ ਹੋਰ ਸਾਹਿਤ ਪੜ੍ਹਣ ਦੀ ਖਿੱਚ, ਦਿਲਚਸਪੀ ਰੱਖਦਾ।
                                            ਭਾਈ ਸਾਹਿਬ ਗਿਆਨ ਦਾ ਅਨਮੁੱਲਾ ਭੰਡਾਰ ਸਨ। ਯਾਦਦਸਤ ਬੁੱਧੀ ਤੇਜ ਵਾਲੇ, ਭਾਸ਼ਾ ਨੂੰ ਪਿਆਰ ਕਰਨ ਵਾਲੇ ਕਈ ਖੇਤਰਾਂ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਬਹੁਤ ਹੀ ਮੇਹਨਤੀ ਇਨਸਾਨ ਸਨ। ਭਾਈ ਵੀਰ ਸਿੰਘ ਜੀ 10 ਜੂਨ 1957 ਈ. ਨੂੰ ਗੁਰੂ ਚਰਨਾਂ ਵਿੱਚ ਜਾ ਵਿਰਾਜੇ। ਭਾਵੇਂ ਭਾਈ ਸਾਹਿਬ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀ ਕਲਮ ਦਾ ਰਚਿਆ ਇੱਕ ਇੱਕ ਸ਼ਬਦ ਪਾਠਕਾਂ ਨੂੰ ਸਦਾ ਸਿੱਖਿਆ ਤੇ ਜਾਗਰਤੀ ਬਖਸ਼ਦਾ ਰਹੇਗਾ। ਉਹਨਾਂ ਦੁਆਰਾ ਮਾਂ ਬੋਲੀ ਦੀ ਝੋਲੀ ਪਾਇਆ ਅਥਾਂਹ ਵੱਡਮੁੱਲਾ ਸਾਹਿਤ ਉਹਨਾਂ ਦੀ ਯਾਦ ਨੂੰ ਰਹਿੰਦੀ ਦੁਨੀਆਂ ਤੱਕ ਤਾਜਾ ਰੱਖੇਗਾ। ਅਸੀਂ ਭਾਈ ਵਰਿ ਸਿੰਘ ਜੀ ਦੇ ਰਚੇ ਇੱਕ-ਇੱਕ ਸ਼ਬਦ ਅੱਗੇ ਸਦਾ ਸ਼ੀਸ ਝੁਕਾਉਂਦੇ ਹਾਂ। ਅਜਿਹਾ ਸੱਚਾ-ਸੁੱਚਾ ਸਾਹਿਤਕਾਰ, ਵਿਦਵਾਨ ਮਾਂ ਬੋਲੀ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682