“ ਅਨਮੋਲ ਹੀਰੇ “
ਕੋਈ ਸਮਾਂ ਸੀ ਕੁੜੀਆਂ ਨੂੰ ਪੜਾਉਣਾ ਤਾਂ ਕੀ ਘਰਦੀ ਚਾਰ ਦਿਵਾਰੀ ਅੰਦਰ ਹੀ ਰੱਖਿਆ ਜਾਂਦਾ ਸੀ। ਮਰਦ ਆਜ਼ਾਦ ਸੀ, ਔਰਤ ਗੁਲਾਮ ਸੀ। ਪੇਕੇ ਘਰ ਪਹਿਲਾ ਬਾਪ ਦੀ ਫੇਰ ਭਰਾਵਾਂ ਦੀ ਅਤੇ ਸਹੁਰੇ ਘਰ ਪਤੀ ਦੀ ਫੇਰ ਪੁੱਤਰਾਂ ਦੀ ਗੁਲਾਮ ਹੀ ਰੱਖਿਆ ਜਾਂਦਾ ਸੀ। ਅੱਜ ਤੋਂ ਸੌ ਵਰ੍ਹੇ ਪਹਿਲਾਂ ਸ਼੍ਰੋਮਣੀ ਕਵੀਸਰ ਮਾਘੀ ਸਿੰਘ ਗਿੱਲ ਨੇ ਲਿਖਿਆ ਸੀ 'ਭਾਈਆਂ ਭਰਜਾਈਆਂ ਦੀਆਂ ਘੂਰਾ ਸਾਹਿਣੀਆਂ ਹਟਾ ਦਿਓ, ਅਨਪੜ੍ਹ ਧੀਆਂ ਨ੍ਹੀਂ, ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ।'
ਅੱਜ ਉਹ ਸਮਾਂ ਆ ਗਿਆ ਹੈ, ਔਰਤ-ਮਰਦ ਨਾਲੋਂ ਕਿਸੇ ਵੀ ਕੰਮ ਵਿੱਚ ਘੱਟ ਨਹੀਂ। ਔਰਤ ਦਾ ਹੱਕ ਮਰਦ ਦੇ ਬਰਾਬਰ ਹੈ। ਅੱਜ ਹਰ ਮਹਿਕਮੇ 'ਚ ਹਰ ਪਾਸੇ ਔਰਤ ਨੇ ਤਰੱਕੀ ਕੀਤੀ ਹੈ। ਸਦੀਆਂ ਦੀ ਗੁਲਾਮ ਔਰਤ ਜਾਗਰਤ ਹੋ ਗਈ ਹੈ। ਜਿੰਨਾਂ ਵਿੱਚ ਕਿਰਨ ਬੇਦੀ, ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸਾਹਿਤਕ ਖੇਤਰ ਵਿੱਚ ਨਾਂ ਆਉਂਦੇ ਹਨ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਪ੍ਰਭਜੋਤ ਕੌਰ ਦਲੀਪ ਕੌਰ ਟਿਵਾਣਾ ਆਦਿ। ਇੰਨ੍ਹਾਂ ਵਿੱਚੋਂ ਇੱਕ ਨਾਂ ਹੈ ਦਲੀਪ ਕੌਰ ਟਿਵਾਣਾ ਜਿਸ ਨੇ ਸਾਹਿਤਕ ਖੇਤਰ ਵਿੱਚ ਆਪਣੀਆਂ ਵਿਲੱਖਣ ਪੈੜਾਂ ਪਾਈਆਂ ਹਨ।
ਦਲੀਪ ਕੌਰ ਟਿਵਾਣਾ ਦਾ ਜਨਮ 1935 ਵਿੱਚ ਮਾਤਾ ਚੰਦ ਕੌਰ ਦੀ ਕੁੱਖੋਂ, ਪਿਤਾ ਕਾਕਾ ਸਿੰਘ ਦੇ ਘਰ, ਦਾਦਾ ਹਜੂਰਾ ਸਿੰਘ ਦੇ ਵਿਹੜੇ ਲੁਧਿਆਣਾ ਦੇ ਪਿੰਡ ਰੱਬੋਂ ਵਿੱਚ ਹੋਇਆ। ਇੰਨ੍ਹਾਂ ਭੈਣ-ਭਰਾਵਾਂ ਦੀ ਗਿਣਤੀ ਛੇ ਹੈ। ਦਲੀਪ ਕੌਰ ਟਿਵਾਣਾ ਸਭ ਤੋਂ ਵੱਡੀ ਹੈ ਅਤੇ ਭਰਾ ਇੰਨ੍ਹਾਂ ਦਾ ਸਭ ਤੋਂ ਛੋਟਾ ਹੈ। ਇੰਨ੍ਹਾਂ ਦੀ ਭੂਆ ਗੁਲਾਬ ਕੌਰ ਜੀ ਜਦ ਆਪਣੇ ਪਿਤਾ ਹਜੂਰਾ ਸਿੰਘ ਦੇ ਖਹਿੜੇ ਪੈ ਗਈ ਤਾਂ ਇੱਕ ਸਾਲ ਦੀ Àੁਮਰ ਤੋ ਵੀ ਘੱਟ ਬੱਚੀ ਟਿਵਾਣਾ ਨੂੰ ਭੂਆ ਦੀ ਝੋਲੀ ਪਾ ਦਿੱਤਾ। ਬੇ-ਔਲਾਦੇ ਭੂਆ ਗੁਲਾਬ ਕੌਰ ਅਤੇ ਫੁੱਫੜ ਤਾਰਾ ਸਿੰਘ ਜੀ ਨੇ ਬਹੁਤ ਖੁਸ਼ੀ ਮਨਾਈ।ਬੀਬਾ ਨੂੰ ਪੰਜਵੀ ਜਮਾਤ ਤੱਕ ਘਰ ਅਧਿਆਪਕ ਰੱਖ ਕੇ ਪੜ੍ਹਾਇਆ ਗਿਆ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਦਸਵੀਂ ਪਾਸ ਕਰਨ ਤੱਕ ਟਿਵਾਣਾ ਨੇ ਸਕੂਲ ਦੀ ਲਾਇਬਰੇਰੀ ਦੀਆਂ ਸਾਰੀਆਂ ਹੀ ਕਿਤਾਬਾਂ ਪੜ੍ਹ ਦਿੱਤੀਆਂ ਸਨ। ਸਕੂਲ ਇੰਟਰ ਮੀਡੀਏਟ ਕਾਲਜ ਬਣ ਚੁੱਕਾ ਹੈ। ਇਤਿਹਾਸ ਅਤੇ ਪੰਜਾਬੀ ਨਾਲ ਬੀ.ਏ. ਕਰ ਲਈ ਅਤੇ ਮਹਿੰਦਰਾ ਕਾਲਜ ਪਟਿਆਲਾ ਤੋਂ ਪੰਜਾਬੀ ਦੀ ਐਮ. ਏ ਵਿਚੋਂ ਫਸਟ ਡਵੀਜਨ ਲੈ ਕੇ (ਪੰਜਾਬੀ) ਵਿੱਚ ਟਾਪ ਕਰਨ ਵਾਲੀ ਪਹਿਲੀ ਕੁੜੀ ਸੀ ਜਿਸ ਨੇ ਇਸੇ ਵਿੱਚ ਪੀ. ਐਚ. ਡੀ. ਵੀ ਕੀਤੀ ਅਤੇ ਪੰਜਾਬੀ ਲੈਕਚਰਾਰ ਚੁਣੀ ਗਈ ਉਹਨਾਂ ਦੀ ਪਹਿਲੀ ਤੈਨਾਤ ਧਰਮਸ਼ਾਲਾ, ਫੇਰ ਨਾਭੇ ਅਤੇ ਬਾਅਦ ਵਿੱਚ ਮਹਿੰਦਰਾ ਕਾਲਜ ਪਟਿਆਲਾ ਵਿਖੇ ਬਦਲੀ ਹੋਈ ਅਤੇ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰਵਿਊ ਦਿੱਤੀ ਤੇ ਚੁਣੀ ਗਈ। ਉਨ੍ਹਾਂ ਦੀ ਸ਼ਾਦੀ ਪ੍ਰੋਫੈਸਰ ਭੁਪਿੰਦਰ ਸਿੰਘ ਨਾਲ ਹੋਈ ਅਤੇ ਉਨ੍ਹਾਂ ਦੇ ਅੱਖੀਆਂ ਦਾ ਤਾਰਾ ਉਹਨਾਂ ਦਾ ਸਪੁੱਤਰ ਸਿਮਰਨਜੀਤ ਸਿੰਘ ਹੈ।
ਲੇਖਿਕਾ ਦੀਆਂ ਕਿਤਾਬਾਂ ਦੀ ਲੜੀ ਵੀ ਵੱਡੀ ਗਿਣਤੀ ਵਿੱਚ ਹੈ। ਉਹਨਾਂ ਦੀ ਪਹਿਲੀ ਕਿਤਾਬ 'ਪਰਬਲ ਵਹਿਣ', 'ਏਹੋ ਹਮਾਰਾ ਜੀਵਣਾ', ਪੰਚਾਂ ਵਿੱਚ ਪਰਮੇਸ਼ਰ', 'ਲੰਘ ਗਏ ਦਰਿਆ', 'ਤੀਨ ਲੋਕ ਸੇ ਨਿਆਰੀ', 'ਤੁਮਰੀ ਕਥਾ ਕਹੀ ਨਾ ਜਾਏ', 'ਐਰ ਗੈਰ ਮਿਲਦਿਆਂ', 'ਪੈੜ ਚਾਲ', 'ਤੀਲੀ ਦਾ ਨਿਸ਼ਾਨ', 'ਵਾਟ ਹਮਾਰੀ', 'ਅਗਨੀ ਪ੍ਰੀਖਿਆ', 'ਰਿਣ ਪਿੱਤਰਾਂ ਦਾ', 'ਹਸਤਾਖਰ', 'ਮਾਤਾ ਸੁੰਦਰੀ ਜੀ ਬਾਰੇ, ਤੁਰਦਿਆਂ-ਤੁਰਦਿਆਂ, 'ਪੀਲੇ ਪੱਤਿਆਂ ਦੀ ਦਾਸਤਾ', 'ਨੰਗੇ ਪੈਰਾਂ ਦਾ ਸਫਰ', 'ਦੁਨੀਆਂ ਸੁਹਾਵਾ ਬਾਗ', 'ਕਥਾ ਕਹੁ ਕੁਕਨਸ ਦੀ', 'ਕਥਾ ਕਹੋ ਉਤਰਸੀ' ਆਦਿ ਕੁਲ 31 ਨਾਵਲ 7 ਕਹਾਣੀ ਸੰਗ੍ਰਹਿ, ਇੱਕ ਸਾਹਿਤਕ ਜੀਵਨੀ, 'ਇੱਕ ਸਵੈ ਜੀਵਨੀ' ਤਿੰਨ ਪੁਸਤਕਾਂ ਸਾਹਿਤ ਸਮੀਖਿਆ, ਦੋ ਅਨੁਵਾਦਕ, ਤਿੰਨ ਸੰਪਾਦਕ ਪੁਸਤਕਾਂ ਆਦਿ ਹਨ।
ਲੇਖਿਕਾ ਨੂੰ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼Àਮਪ;ਰੰਸਾਂ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਜਿਵੇਂ 1980 'ਚ ਲੰਡਨ (ਇੰਗਲੈਂਡ), 1990 ਵਿੱਚ ਸਕਾਟਲੈਂਡ, 2002 ਵਿੱਚ ਅਮਰੀਕਾ ਆਦਿ ਦੇਸ਼ਾਂ ਦੇ ਟੂਰ ਵੀ ਲਾਏ।
ਟਿਵਾਣਾ ਦੇ ਇਨਾਮਾਂ-ਸਨਮਾਨਾਂ ਦੀ ਲੜੀ ਵੀ ਵੱਡੀ ਹੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ (1987) 'ਚ, ਭਾਰਤ ਸਰਕਾਰ ਨੇ ਪਦਮ ਸ਼੍ਰੀ ਦੀ ਉਪਾਦੀ ਨਾਲ ਸਨਮਾਨਿਤ (2004) 'ਚ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ (2008) 'ਚ, ਦਿੱਤੇ ਗਏ, ਇਸ ਤੋਂ ਇਲਾਵਾ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ (1972) 'ਚ, ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ (1975) 'ਚ, ਪੰਜਾਬ ਦੇ ਭਾਸ਼ਾ ਵਿਭਾਗ ਦਾ ਨਾਨਕ ਸਿੰਘ ਪੁਰਸਕਾਰ (1982) 'ਚ, ਗਿਆਨੀ ਗੁਰਮੁੱਖ ਸਿੰਘ ਐਵਾਰਡ, ਕਰਨਾਟਕ ਸਰਕਾਰ ਨੇ ਸਨਮਾਨ (1994) 'ਚ, ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਡਿਗਰੀ, ਪ੍ਰਧਾਨ, ਕੇ.ਕੇ. ਬਿਰਲਾ ਫਾਊਡੇਸ਼ਨ ਵੱਲੋਂ ਸਰਸ਼ਵਤੀ ਸਨਮਾਨ ਨਾਲ ਨਿਵਾਜਿਆ ਅਤੇ ਇਸ ਤੋਂ ਇਲਾਵਾ ਕਲੱਬਾਂ ਸਾਹਿਤ ਸਭਾਵਾਂ ਵੱਲੋਂ ਅਣਗਿਣਤ ਇਨਾਮ-ਸਨਮਾਨ ਮਿਲ ਚੁੱਕੇ ਹਨ।
ਦਲੀਪ ਕੌਰ ਟਿਵਾਣਾ ਦੀਆਂ ਪ੍ਰਾਪਤੀਆਂ ਵੇਖ ਸਿਰ ਝੁਕ ਜਾਂਦਾ ਹੈ। ਭਾਵੇਂ ਟਿਵਾਣਾ ਦਾ ਆਈ. ਏ. ਐਸ. ਅਫਸਰ ਬਣਨ ਦਾ ਸੁਪਨਾ ਤਾਂ ਨਾ ਸਾਕਾਰ ਹੋ ਸਕਿਆ ਪਰ ਅੱਜ ਸਾਹਿਤਕ ਖੇਤਰ ਵਿੱਚ ਧਰੂ ਤਾਰੇ ਵਾਂਗ ਚਮਕ ਰਹੀ ਹੈ। ਸਮਾਜ ਲਈ ਚਾਨਣ ਦਾ ਵਣਜਾਰਾ ਬਣੀ ਲੇਖਿਕਾ ਗਰੀਬਾਂ ਦੀ ਵੀ ਹਮਦਰਦ ਹੈ।ਉਸਨੇ ਇਕ ਲੜਕੀ ਭੋਲੀ ਦਾ ਵਿਆਹ ਕੀਤਾ ਅਤੇ ਇਕ ਲੜਕੀ ਸ਼ੀਲਾ ਨਾਂ ਦੀ ਨੂੰ ਪੜ੍ਹਾ ਕੇ ਵਿਆਹਿਆ। ਉਸ ਲੜਕੀ ਦਾ ਪਤੀ ਬੀ.ਐਡ. ਅਧਿਆਪਕ ਹੈ ਆਪ ਵੀ ਉਹ ਲੜਕੀ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੀ ਹੈ। ਹੁਣ ਟਿਵਾਣਾ ਜੀ ਹੋਰ ਲੜਕੀ ਭੋਲੀ ਨਾਂ ਦੀ ਨੂੰ ਵੀ ਸੈਟ ਕਰਨ ਦੀ ਕੋਸ਼ਿਸ਼ ਵਿੱਚ ਹਨ। ਇੱਥੋਂ ਗਰੀਬ ਲੜਕੀਆਂ ਪ੍ਰਤੀ ਉਨ੍ਹਾਂ ਦਾ ਮੋਹ ਤੇ ਹਮਦਰਦੀ ਦਾ ਪ੍ਰਗਟਾਵਾ ਹੁੰਦਾ ਹੈ। ਹੈਰਾਨੀ ਜਨਕ ਗੱਲ ਇਹ ਵੀ ਹੈ ਕਿ ਐਨੀ ਪ੍ਰਸਿੱਧੀ ਖੱਟ ਚੁੱਕੀ ਬੀਬੀ ਟਿਵਾਣਾ ਵਿੱਚ ਭੋਰਾ ਵੀ ਗੁਮਾਨ ਨਹੀਂ, ਹਊਮੈਂ ਨਹੀਂ, ਹੰਕਾਰ ਨਹੀਂ। ਸਾਊ, ਸੰਜਮ, ਲਿਆਕਤ, ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਸਾਹਿਤ ਨਾਲ ਮੋਹ ਰੱਖਣ ਵਾਲੀ ਨੇ ਸਾਰੀ ਉਮਰ ਹੀ ਮਾਂ ਬੋਲੀ ਲਈ ਅਰਪਨ ਕਰ ਦਿੱਤੀ। ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਵਾਲੀ ਟਿਵਾਣਾ ਦੀ ਉਮਰ ਲੰਬੀ ਹੋਵੇ ਸਾਡੀ ਇਹੋ ਦੁਆ ਹੈ ਤਾਂ ਕਿ ਮਾਂ ਬੋਲੀ ਦੀ ਝੋਲੀ ਉਹ ਅੱਗੋਂ ਵੀ ਭਰਦੀ ਰਹੇ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
