ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :- ਪਿਛਲੇ ਕੁੱਝ ਦਿਨਾਂ 'ਤੋ ਅਖੌਤੀ ਪੰਥਕ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਬੱਬਰ ਖਾਲਸਾ ਜਰਮਨੀ ਨੇ ਇਹਨਾਂ ਨਿਰਦੋਸ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੀ ਕਰੜੀ ਨਿੰਦਾਂ ਕੀਤੀ ਕੀਤੀ ਹੈ । ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਗੁਰਬਿੰਦਰ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਆਦਿ ਬੱਬਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਜਮਾਨਤ Ḕਤੇ ਆਏ ਕੁੱਝ ਸਿੰਘਾਂ ਅਤੇ ਸਿੱਖ ਹੱਕਾਂ ਨਾਲ ਹਮਦਰਦੀ ਰੱਖਣ ਵਾਲੇ ਸਿੱਖਾਂ ਦੀਆਂ ਕੋਲੋ ਅਸਲਾ ਪਾ ਕੇ ਗ੍ਰਿਫਤਾਰੀਆਂ ਦਿਖਾ ਰਹੀ ਹੈ । ਕਿਸੇ ਸਮੇਂ ਸਿੱਖ ਹੱਕਾਂ ਦੀ ਅਵਾਜ਼ ਬੁਲੰਦ ਕਰਨ ਲਈ ਹੋਂਦ ਵਿੱਚ ਆਈ ਅਕਾਲੀ ਪਾਰਟੀ ਅੱਜ ਅਹੁਦਿਆਂ ਦੀ ਲਾਲਸਾ ਵੱਸ ਅਤੇ ਬਹੁਗਿਣਤੀ ਨੂੰ ਖੁਸ ਕਰਨ ਹਿੱਤ ਮੱਥੇ ਤਿਲਕ ਲਗਵਾ ਕੇ ਸਿਵ ਦੀ ਪੂਜਾ ਅਤੇ ਹਵਨ ਆਦਿ ਕਰ ਕੇ ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਦੀ ਹੋਈ ਆਰ ਐਸ ਐਸ ਦੇ ਇਸਾਰਿਆਂ Ḕਤੇ ਸਿੱਖੀ ਦਾ ਹੁੰਦੂਕਰਨ ਕਰ ਰਹੀ ਹੈ । ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਕਰ ਸਿੱਖ ਨੌਜਵਾਨੀ ਨੂੰ ਧਰਮ 'ਤੋ ਦੂਰ ਕਰਨ ਅਤੇ ਬਾਕੀ ਬਚਦਿਆਂ ਨੂੰ ਝੂਠੇ ਕੇਸ ਪਾ ਅੱਤਵਾਦੀ ਗਰਦਾਨ ਕੇ ਜੇਲ੍ਹੀ ਡੱਕਣਾ ਵੀ ਇਸੇ ਸਾਜ਼ਿਸ ਦਾ ਹਿੱਸਾ ਹੈ ।
ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਹਫਤਾ ਪਹਿਲਾਂ ਫੇਸਬੁੱਕ ਤੇ ਆਈ ਖ਼ਬਰ ਨੇ ਭਾਰਤੀ ਇਜੰਸੀਆਂ ਦੀ ਨੀਅਤ ਨੂੰ ਸਾਫ ਦਰਸਾ ਦਿੱਤਾ ਸੀ ਕਿ ਚੋਣਾਂ ਦੌਰਾਂਨ ਸਿੰਘਾਂ ਤੇ ਤਸ਼ੱਦਦ ਢਾਹੁਣ ਦੀ ਤਿਆਰੀ ਹੋ ਚੁੱਕੀ ਹੈ । ਇਹਨਾਂ ਪੰਥ ਦਰਦੀਆਂ ਨੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਿੰਘਾਂ ਤੇ ਪਾਏ ਜਾ ਰਹੇ ਝੂਠੇ ਕੇਸਾਂ ਦੀ ਜਾਂਚ-ਪੜਤਾਲ ਕਰ ਕੇ ਪੰਜਾਬ ਸਰਕਾਰ ਦੇ ਚੇਹਰੇ ਨੂੰ ਬੇਨਕਾਬ ਕੀਤਾ ਜਾਵੇ । ਅਖੀਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਨੇ ਕਿਹਾ ਕਿ ਤੁਹਾਡੇ ਹੱਥੋਂ ਫਖ਼ਰ-ਏ-ਕੌਂਮ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਬਾਦਲ ਅਤੇ ਉਸਦੀ ਪਾਰਟੀ ਦੇ ਆਗੂਆਂ ਵੱਲੋਂ ਚੰਦ ਵੋਟਾਂ ਖਾਤਰ ਮਰਿਆਦਾ ਦੀਆਂ ਕੀਤੀਆਂ ਜਾਂਦੀਆਂ ਉਲੰਘਣਾਂ ਦਾ ਨੋਟਿਸ ਲੈ ਕੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਸਿੱਖੀ ਨੂੰ ਦਾਅ ਤੇ ਲਗਾ ਕੇ ਦੁਨਿਆਵੀ ਅਹੁਦਿਆਂ ਪਿੱਛੇ ਤਰਲੋਮੱਛੀ ਹੋ ਰਹੇ ਇਹਨਾਂ ਲੋਕਾਂ ਨੂੰ ਸਬਕ ਮਿਲ ਸਕੇ ।