ਬੈਲਜ਼ੀਅਮ 'ਚ ਨਵੇਂ ਆਏ ਭਾਰਤੀ ਰਾਜਦੂਤ ਸ: ਪੁਰੀ ਨੇ ਕੀਤਾ ਈਪਰ ਦਾ ਦੌਰਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਸਥਿਤ ਭਾਰਤੀ ਦੂਤਘਰ ਵਿੱਚ ਨਵ-ਨਿਯੁਕਤ ਭਾਰਤੀ ਰਾਜਦੂਤ ਸ: ਮਨਜੀਵ ਸਿੰਘ ਪੁਰੀ ਨੇ ਪਦ ਸੰਭਾਲਣ ਤੋਂ ਬਾਅਦ ਅਪਣੇ ਪਹਿਲੇ ਸਰਕਾਰੀ ਦੌਰੇ ਲਈ ਇਤਿਹਾਸਿਕ ਸ਼ਹਿਰ ਈਪਰ ਨੂੰ ਚੁਣਿਆ । ਮਨਜੀਵ ਸਿੰਘ ਦਾ ਸਵਾਗਤ ਸਥਾਨਕ ਪ੍ਰਸਾਸ਼ਨ ਵੱਲੋਂ ਕੌਂਸਲਰ ਜੈਫ ਫਰਸਕੋਟੇ ਅਤੇ ਪੁਰਾਤਨ ਵਿਭਾਗ ਦੇ ਪ੍ਰਮੁੱਖ ਦੋਮੀਨੀਕ ਦਿਨਦੋਵਨ ਵੱਲੋਂ ਕੀਤਾ ਗਿਆ । ਸਥਾਨਕ ਅਧਿਕਾਰੀਆਂ ਨੇ ਉਹਨਾਂ ਨੂੰ ਇਸ ਵਰੇ ਮਨਾਏ ਜਾ ਰਹੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24-25 ਅਕਤੂਬਰ ਨੂੰ ਈਪਰ ਵਿਚਲੇ ਫਲਾਂਨਦਰਨ ਫੀਲਡ ਵਾਰ ਮਿਊਜੀਅਮ ਵਿੱਚ ਕੀਤੀ ਜਾ ਰਹੀ ਦੋ ਦਿਨਾਂ ਕਾਨਫਰੰਸ ਵਿੱਚ ਭਾਰਤੀ ਫੌਜਾਂ ਦੇ ਪਹਿਲੇ ਵਿਸਵ ਯੁੱਧ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ । ਇਸ ਮੀਟਿੰਗ ਉਪਰੰਤ ਸ: ਪੁਰੀ ਈਪਰ ਸਥਿਤ ਵਾਰ ਮਿਊਜੀਅਮ ਦੇਖਣ ਵੀ ਗਏ । ਸ: ਪੁਰੀ ਦਾ ਇਹ ਦੌਰਾ ਇਥੇ ਪਹਿਲੇ ਵਿਸ਼ਵ ਯੁੱਧ ਦੇ ਮਨਾਏ ਜਾ ਰਹੇ ਸੌ ਸਾਲਾਂ ਸਮਾਗਮਾਂ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ । ਇਥੇ ਵਰਨਣਯੋਗ ਹੈ ਕਿ ਸ: ਪੁਰੀ ਯੂ ਐਨ o ਵਿੱਚ ਵੀ ਭਾਰਤ ਦੀ ਨੁੰਮਾਂਇੰਦਗੀ ਕਰ ਚੁੱਕੇ ਹਨ ।
