“ ਅਨਮੋਲ ਹੀਰੇ “
ਸਮੇਂ ਦੇ ਨਾਲ ਨਾਲ ਕਈ ਵਿਅਕਤੀਆਂ ਦਾ ਆਪਣੇ ਕਿੱਤੇ ਵਿੱਚ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। ਉਸ ਕਿੱਤੇ ਨਾਲ ਸਬੰਧਤ ਤਾਂ ਹੋਰ ਵੀ ਵਿਅਕਤੀ ਜੁੜੇ ਹੋਏ ਹੁੰਦੇ ਹਨ ਪਰ ਸਫ਼Àਮਪ;ਲਤਾ, ਪ੍ਰਸੰਸ਼ਾ ਟਾਂਵੇ-ਟਾਂਵੇ ਦੇ ਹਿੱਸੇ ਹੀ ਆਉਂਦੀ ਹੈ। ਅਜਿਹਾ ਵਿਅਕਤੀ ਅਜਿਹੀਆਂ ਵਿਲੱਖਣ ਪੈੜਾਂ ਪਾ ਜਾਂਦਾ ਹੈ ਕਿ ਕੋਈ ਨਵੀਂ ਪੀੜੀ ਵਿੱਚੋਂ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਹਰ ਕਿੱਤੇ ਵਿੱਚ ਉਂਗਲਾਂ ਤੇ ਗਿਣੇ ਜਾਣ ਵਾਲੇ ਟਾਂਵੇ ਹੀ ਗਿਣਤੀ ਦੇ ਨਾਂ ਆਉਂਦੇ ਹਨ। ਨਾਵਲਕਾਰੀ ਦੇ ਖੇਤਰ ਵਿੱਚ ਇੱਕ ਨਾਂ ਆਉਂਦਾ ਹੈ, ਜਿਸ ਦਾ ਮੁਕਾਬਲਾ ਅਜੇ ਤੱਕ ਕੋਈ ਨਹੀਂ ਕਰ ਸਕਿਆ, ਉਹ ਨਾਂ ਹੈ ਨਾਨਕ ਸਿੰਘ।
ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਈ: ਨੂੰ ਮਾਤਾ ਲੱਛਮੀ ਦੇਵੀ ਦੀ ਕੁੱਖੋਂ, ਪਿਤਾ ਬਹਾਦਰ ਚੰਦ ਦੇ ਘਰ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਅੱਜ ਕੱਲ ਪਾਕਿਸਤਾਨ) ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂ ਹੰਸ ਰਾਜ ਸੀ। ਸਿੱਖ ਧਰਮ 'ਚ ਪ੍ਰਵੇਸ਼ ਕਰ ਨਾਨਕ ਸਿੰਘ ਬਣ ਗਿਆ। ਛੋਟੀ ਉਮਰ 'ਚ ਹੀ ਪਿਤਾ ਦਾ ਛਾਇਆ ਸਿਰ ਤੋਂ ਉੱਠ ਗਿਆ, ਜਿਸ ਕਰਕੇ ਕਬੀਲਦਾਰੀ ਦਾ ਸਾਰਾ ਬੋਝ ਆਪ ਤੇ ਆ ਪਿਆ। ਬਹੁਤ ਮੁਸ਼ਕਿਲਾਂ ਭਰੇ ਦਿਨ ਸਨ। ਘਰ ਦੇ ਹਾਲਾਤ ਮਾੜੇ ਹੋਣ ਕਾਰਨ ਆਪ ਸਕੂਲ ਵੀ ਨਹੀਂ ਪੜ੍ਹ ਸਕੇ ਅਤੇ ਉੱਚੀ ਵਿੱਦਿਆ ਪ੍ਰਾਪਤ ਤਾਂ ਕਿਵੇਂ ਕਰਦੇ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਲਗਨ, ਮਿਹਨਤ ਸਦਕਾ ਪੰਜਾਬੀ, ਹਿੰਦੀ ਤੇ ਉਰਦੂ ਸਿੱਖ ਲਈ ਸੀ। ਸੰਨ 1909 ਵਿੱਚ ਬਾਰਾਂ ਸਾਲ ਦੇ ਨਾਨਕ ਨੇ ਆਪਣੀ ਪਹਿਲੀ ਕਾਵਿ-ਰਚਨਾ 'ਸੀਹਰਫ਼Àਮਪ;ੀ ਹੰਸ ਰਾਜ' (ਅੱਠ ਸਫ਼ਿÀਮਪ;ਆਂ ਦੀ ਕਵਿਤਾ ਪੰਜਾਬੀ ਵਿੱਚ) ਪਾਠਕਾਂ ਦੇ ਸਨਮੁੱਖ ਕੀਤੀ।
1922-23 'ਚ ਨਾਨਕ ਸਿੰਘ ਹੋਰਾਂ ਨੂੰ ਗੁਰੂ ਕੇ ਬਾਗ ਮੋਰਚੇ 'ਚ ਗ੍ਰਿਫਤਾਰੀ ਦੇਣੀ ਪਈ। ਉੱਥੇ ਜੇਲ 'ਚ ਹੀ ਨਾਵਲ ਰਚਨਾ ਆਰੰਭ ਕਰ ਦਿੱਤੀ, ਕਈ ਨਾਵਲ ਲਿਖੇ ਅਤੇ ਜੇਲ ਤੋਂ ਬਾਹਰ ਆ ਕੇ ਬਹੁਤ ਸਾਰੇ ਨਾਵਲ, ਕਹਾਣੀ ਸੰਗ੍ਰਹਿ ਤਿਆਰ ਕਰੇ। ਭਾਈ ਵੀਰ ਸਿੰਘ ਤੇ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਇੰਨ੍ਹਾਂ 'ਤੇ ਪ੍ਰਭਾਵ ਪਿਆ।
ਨਾਵਲਕਾਰ ਨਾਨਕ ਸਿੰਘ ਦੀਆਂ ਪੁਸਤਕਾਂ ਦੀ ਲੜੀ ਬਹੁਤ ਲੰਬੀ ਹੈ। 'ਪ੍ਰੇਮ ਸੰਗੀਤ', 'ਮਿੱਠਾ ਮਹੁਰਾ', 'ਮਤਰੇਈ ਮਾਂ', 'ਕਾਲ ਚੱਕਰ', 'ਪਾਪ ਦੀ ਖੱਟੀ', 'ਪਿਆਰ ਦੀ ਦੁਨੀਆਂ', 'ਧੁੰਦਲੇ ਪਰਛਾਵੇ', 'ਦੂਰ ਕਿਨਾਰਾ', 'ਟੁੱਟੀ ਵੀਣਾ', 'ਖੂਨ ਕੇ ਸੋਹਿਲੇ', 'ਸੁਰਾਪੀਆਂ ਰੂਹਾਂ', 'ਮਿੱਧੇ ਹੋਏ ਫੁੱਲ', 'ਗੁਰਕੀਰਤ', 'ਸਤਿਗੁਰ ਮਹਿਮਾ', 'ਜਖਮੀ ਦਿਲ', 'ਚਿੱਟਾ ਲਹੂ', 'ਅੱਧ ਖਿੜ੍ਹਿਆ ਫੁੱਲ', 'ਜੀਵਨ ਸੰਗਰਾਮ', 'ਲਵ ਮੈਰਿਜ', 'ਕੱਟੀ ਹੋਈ ਪਤੰਗ', 'ਆਦਮਖੋਰ', 'ਸੰਗਮ', 'ਬੱਜਰ', 'ਪੁਜਾਰੀ' 'ਮੱਝਧਾਰ'. 'ਇੱਕ ਮਿਆਨ ਦੋ ਤਲਵਾਰਾਂ', 'ਚਿੱਤਰਕਾਰ', 'ਪਵਿੱਤਰ ਪਾਪੀ', 'ਛਲਾਵਾਂ', 'ਨਸੂਰ', 'ਗੰਗਾਜਲੀ 'ਚ ਸ਼ਰਾਬ', 'ਪੱਥਰ ਦੇ ਖੰਭ', 'ਪੱਥਰ ਕਾਂਬਾ', 'ਆਸਤਕ ਨਾਸਤਕ', 'ਗਗਨ ਦਮਾਮਾ ਬਾਜਿਆ', 'ਫੌਲਾਦੀ ਫੁੱਲ', 'ਅੱਗ ਦੀ ਖੇਡ', 'ਗਰੀਬ ਦੀ ਦੁਨੀਆਂ', 'ਸੁਮਨ ਕਾਂਤਾ', 'ਕਾਗਜ਼ਾਂ ਦੀ ਬੇੜੀ', 'ਵਰ ਨਹੀਂ ਸਰਾਪ', 'ਰਜਨੀ', 'ਅਣਸੀਤੇ ਜ਼ਖਮ', 'ਫਰਾਂਸ ਦਾ ਡਾਕੂ', 'ਪਾਪ ਦਾ ਫਲ', 'ਮੇਰੇ ਨਾਟਕ', 'ਮੇਰੀ ਵਾਰਤਕ', 'ਪ੍ਰਾਸਚਿਤ', 'ਪੱਤਝੜ ਦੇ ਪੰਛੀ', 'ਕੋਈ ਹਰਿਆ ਬੂਟ' 'ਛੇਕਤਲੀ ਕਿਸਮ', 'ਸਵਰਗ ਦੇ ਵਾਰਸ', 'ਸੁਪਨਿਆਂ ਦਾ ਕਬਰ', 'ਸੁਨਹਿਰੀ ਜਿਲਦ', 'ਲੰਬਾ ਪੈਂਡਾ', 'ਠੰਡੀਆਂ ਛਾਵਾਂ', 'ਹੰਝੂਆਂ ਦੇ ਹਾਰ', 'ਮੇਰੀਆਂ ਸਾਰੀਆਂ ਕਹਾਣੀਆਂ', 'ਨਾਟਕ: 'ਬੀ. ਏ. ਪਾਸ' 'ਚੌੜ ਚਾਨਣ', ਵਾਰਤਕ: 'ਚੜ੍ਹਦੀ ਕਲਾ', 'ਸਵੈਜੀਵਨੀ: 'ਮੇਰੀ ਦੁਨੀਆਂ' ਆਦਿ।
'ਵਾਲਟਰ ਸਕਾਟ' ਵਾਂਗ ਨਾਨਕ ਸਿੰਘ ਨੇ ਵੀ ਬੇਸ਼ੁਮਾਰ ਨਾਵਲ ਰਚੇ ਅਤੇ 'ਚਾਰਲਸ ਡਿਕਨਜ਼' ਵਾਂਗ ਸੁਧਾਰ ਦੀ ਗੱਲ ਕੀਤੀ। ਜਿਵੇਂ ਆਧੁਨਿਕ ਅਲੋਚਨਾ ਦੇ ਇਤਿਹਾਸ ਵਿੱਚ ਸੰਤ ਸਿੰਘ ਸੇਖੋਂ, ਕਵਿਤਾ ਵਿੱਚ ਭਾਈ ਵੀਰ ਸਿੰਘ, ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ, ਆਧੁਨਿਕ ਗੱਦ ਦੇ ਇਤਿਹਾਸ ਵਿੱਚ ਗੁਰਬਖ਼ਸ ਸਿੰਘ ਪ੍ਰੀਤਲੜੀ ਨੂੰ ਸਥਾਨ ਪ੍ਰਾਪਤ ਹੈ, ਉਸ ਤਰ੍ਹਾਂ ਹੀ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਦੇ ਵਿੱਚ ਸਥਾਨ ਪ੍ਰਾਪਤ ਹੈ। ਉਹਨਾਂ ਨੇ ਅੱਧੀ ਸਦੀ ਦੇ ਲੱਗਭਗ ਸਾਹਿਤ ਦੀ ਰਚਨਾ ਕੀਤੀ। ਨਾਨਕ ਸਿੰਘ ਤੇ ਸਭ ਤੋਂ ਵੱਧ ਪ੍ਰਭਾਵ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਪਿਆ, ਇਸ ਕਰਕੇ ਹੀ ਉਹ ਅੰਮ੍ਰਿਤਸਰ ਸ਼ਹਿਰ ਛੱਡ ਕੇ ਪ੍ਰੀਤਨਗਰ ਜਾ ਵਸਿਆ। ਨਾਵਲਕਾਰ ਬਹੁਤ ਹੋਏ ਹਨ ਪਰ ਅੱਜ ਤੱਕ ਕੋਈ ਵੀ ਨਾਨਕ ਸਿੰਘ ਤੋਂ ਅੱਗੇ ਨਹੀਂ ਲੰਘ ਸਕਿਆ।
ਨਾਵਲਕਾਰ ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿੱਚ ਆਰਥਿਕ ਸੁਧਾਰ, ਵਿਧਵਾ ਤੇ ਵੇਸਵਾ ਸੁਧਾਰ, ਅਛੂਤ-ਉਧਾਰ, ਵਿੱਦਿਆ ਪ੍ਰਚਾਰ, ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ, ਸਮਾਜਿਕ ਕੀਮਤਾਂ ਦੀ ਗੱਲ ਕੀਤੀ ਹੈ। ਉਹ ਬਹੁ-ਭਾਸ਼ਾਈ ਤੇ ਬਹੁ-ਪੱਖੀ ਲੇਖਕ ਸਨ। ਉਨ੍ਹਾਂ ਨੇ ਬੰਗਾਲੀ ਤੇ ਹਿੰਦੀ ਭਾਸ਼ਾ ਦੇ ਨਾਵਲ ਤੇ ਕਹਾਣੀ ਸੰਗ੍ਰਹਿ ਵੀ ਅਨੁਵਾਦ ਕੀਤੇ। ਉਹਨਾਂ ਦੀ ਮੌਲਿਕ ਸੋਚ ਸ਼ਕਤੀ ਤੇ ਵਿਸ਼ਾਲ ਅਨੁਭਵ ਸੀ। ਉਹਨਾਂ ਨੇ ਸਮਾਜ ਨਾਲ ਪਿਆਰ ਭਰੀ ਸਾਂਝ ਬਣਾਈ ਰੱਖੀ ਅਤੇ ਨਰੋਏ ਜੀਵਨ ਤੇ ਉਹਨਾਂ ਦੀ ਕਲਮ ਨੇ ਵੀ ਲਿਖਿਆ। ਜ਼ਿੰਦਗੀ ਵਿੱਚ ਅਨੇਕਾਂ ਤੰਗੀਆਂ ਤੁਰਸੀਆਂ ਕੱਟਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਲਮ ਦੀ ਰਫਤਾਰ ਤੇਜ ਹੀ ਰੱਖੀ। ਅਖੀਰ ਨਾਵਲਕਾਰੀ ਦੇ ਪਿਤਾਮਾ ਮਾਂ ਬੋਲੀ ਦੀ ਝੋਲੀ ਆਪਣਾ ਅਨਮੁੱਲਾ ਬੇਸੁਮਾਰ ਸਾਹਿਤ ਖਜ਼ਾਨਾ ਪਾ ਕੇ 28 ਦਸੰਬਰ 1971 ਨੂੰ ਪ੍ਰਲੋਕ ਸੁਧਾਰ ਗਏ। ਉਹਨਾਂ ਦੀ ਲਿਖਤ ਸਦਾ ਉਹਨਾਂ ਨੂੰ ਅਮਰ ਰੱਖੇਗੀ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
