ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ, ਕਵੀਆਂ ਦਾ ਬੋਹੜ ਬਾਬਾ- ਸੱਯਦ ਵਾਰਿਸ਼ ਸ਼ਾਹ.........ਦਰਸ਼ਨ ਸਿੰਘ ਪ੍ਰੀਤੀਮਾਨ

“ ਅਨਮੋਲ ਹੀਰੇ "

ਕੋਈ ਵੀ ਮਨੁੱਖ ਕਿਸੇ ਨੂੰ ਅਮਰ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਉਹ ਆਪ ਵੀ ਅਮਰ ਹੋ ਜਾਂਦਾ ਹੈ। ਅਥਾਹ ਗਿਆਨ ਹੋਣਾ, ਸ਼ਬਦਾਂ ਦਾ ਭੰਡਾਰ ਹੋਣਾ, ਬੋਲੀ ਵਿੱਚ ਮਿਠਾਸ ਹੋਣਾ, ਯਾਦਾਸ਼ਤ ਪੂਰੀ ਕਾਇਮ ਤਕੜੀ ਹੋਣੀ, ਲਗਨ ਹੋਣੀ, ਮਿਹਨਤ ਕਰਨ ਤੋਂ ਨਾ ਅੱਕਣਾ,ਨਾ ਥੱਕਣਾ, ਆਸਾਵਾਦੀ ਹੋਣਾ ਅਤੇ ਹੌਂਸਲਾ ਰੱਖਣ ਵਾਲਾ ਇਨਸਾਨ ਪ੍ਰਸਿੱਧੀ ਵੀ ਖੱਟਦਾ ਹੈ, ਆਪਣੀ ਮੰਜ਼ਿਲ ਵੀ ਪਾਉਂਦਾ ਹੈ ਅਤੇ ਲੋਕਾਂ ਲਈ ਚਾਨਣ ਦਾ ਵਣਜਾਰਾ ਵੀ ਬਣਦਾ ਹੈ, ਲੋਕ ਉਸ ਨੂੰ ਆਪਣਾ ਬਣਾ ਲੈਂਦੇ ਹਨ ਤੇ ਉਹ ਸਦਾ ਲਈ ਲੋਕਾਂ ਦਾ ਹੋ ਜਾਂਦਾ ਹੈ। ਉਹ ਸਮਾਜ ਲਈ ਰਾਹ ਦਸੇਰਾ ਬਣ ਜਾਂਦਾ ਹੈ, ਹੱਟੀ, ਭੱਠੀ, ਸੱਥੀਂ ਉਸ ਦੀਆਂ ਗੱਲਾਂ ਤੁਰਦੀਆਂ ਹਨ। ਲੋਕ ਉਸ ਦੀ ਜ਼ੁਬਾਨੋ ਨਿਕਲੇ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਨ। ਉਸਦੇ ਕਹੇ, ਲਿਖੇ ਵਾਕ ਲੋਕਾਂ ਦੀ ਜ਼ੁਬਾਨ ਤੇ ਆਪ ਮੁਹਾਰੇ ਆ ਚੜ੍ਹਦੇ ਹਨ। ਇੱਕ ਅਜਿਹਾ ਹੀ ਸ਼ਖਸ ਹੋਇਆ ਹੈ ਜੋ ਕਿੱਸਾ ਹੀਰ-ਰਾਂਝੇ ਨੂੰ ਅਮਰ ਕਰਦਾ-ਕਰਦਾ ਆਪ ਵੀ ਅਮਰ ਹੋ ਗਿਆ। ਉਹ ਹੈ ਸੱਯਦ ਵਾਰਿਸ਼ ਸ਼ਾਹ ।
                  ਸੱਯਦ ਵਾਰਿਸ਼ ਸ਼ਾਹ 1722 ਈ: ਵਿੱਚ ਗੁਲਸੇਰ ਖ਼ਾਂ ਦੇ ਘਰ ਪਿੰਡ ਜੰਡਿਆਲਾ ਸ਼ੇਰ ਖ਼ਾਂ, ਜ਼ਿਲ੍ਹਾ ਸ਼ੇਖੂਪੁਰ (ਪਾਕਿਸਤਾਨ) 'ਚ ਪੈਦਾ ਹੋਇਆ। ਉਨ੍ਹਾਂ ਨੇ ਕਸੂਰ ਅਤੇ ਪਾਕ ਪਟਨ ਤੋਂ ਵਿੱਦਿਆ ਹਾਸਲ ਕੀਤੀ। ਉਹ ਮੁੱਢ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ, ਹੌਲੀ-ਹੌਲੀ ਲਿਖਣ ਦੀ ਚੇਟਕ ਵੀ ਲੱਗ ਗਈ ਅਤੇ ਗਾਉਣ ਵੀ ਲੱਗ ਪਿਆ। ਲੋਕ ਉਨ੍ਹਾਂ ਦੀ ਲਿਖਤ ਦੀ ਤਰੀਫ਼ ਕਰਦੇ ਅਤੇ ਬੜੇ ਧਿਆਨ ਨਾਲ ਸੁਣਦੇ। ਇਸੇ ਤਰ੍ਹਾਂ ਜਦ ਲੇਖਕ ਦੇ ਪਾਠਕ ਤੇ ਗਾਇਕ ਦੇ ਸਰੋਤੇ ਹੌਂਸਲਾ ਦੇਣ ਲੱਗ ਪੈਣ ਤਾਂ ਲੇਖਕ, ਕਲਾਕਾਰ ਅਗਾਂਹ ਵੱਧਦਾ ਹੈ। ਇਵੇਂ ਹੀ ਇਹ ਕਿੱਸਾਕਾਰ ਵੀ ਅੱਗੇ ਵਧਿਆ।
                                                              ਵਾਰਿਸ਼ ਸ਼ਾਹ ਨੇ ਕਿੱਸਾ ਹੀਰ ਨੂੰ ਨਿਵੇਕਲੇ ਢੰਗ ਨਾਲ ਲਿਖਿਆ ਜੋ ਪੰਜਾਬੀ ਸਾਹਿਤ ਦੀ ਉਤਮ ਰਚਨਾਂ ਅਖਵਾਈ। ਅਹਿਮਦ ਤੇ ਮਕਬੂਲ ਦਾ ਪ੍ਰਭਾਵ ਕਬੂਲਣ ਵਾਲੇ ਨੇ ਅਹਿਮਦਯਾਰ ਤੇ ਬਖਸ਼ ਜਿਹਲਮੀ ਦੇ ਮੁੱਖੋਂ ਲਾਸਾਨੀ ਕ੍ਰਿਤ ਅਖਵਾਇਆ। ਕਿੱਸਾ ਹੀਰ ਵਿੱਚ ਕਵੀ ਨੇ ਸੱਭਿਆਚਾਰ ਦੇ ਪਿਛੋਕੜ ਦਾ ਵਿਰਾਟ ਚਿੱਤਰ ਪੇਸ਼ ਕਰ ਵਿਖਾਇਆ ਹੈ। ਆਪਣੇ ਲੋਕਾਂ ਨਾਲ ਕਿੱਸਾਕਾਰ ਦੀ ਗੂੜੀ ਸਾਂਝ ਹੋਣ ਕਰਕੇ ਜਨ-ਜੀਵਨ ਦੇ ਦਰਸ਼ਨ ਕਰਵਾਏ ਹਨ। ਉਸ ਸਮੇਂ ਦੇ ਲੋਕਾਂ ਦੀ ਰਹਿਣੀ-ਬਹਿਣੀ, ਰਸਮੋਂ-ਰਿਵਾਜ ਖੁਸ਼ੀਆਂ-ਗਮੀਆਂ ਸਭ ਲਿਖ ਧਰੀਆਂ ਹਨ।
                                                                                      ਵਾਰਿਸ਼ ਸ਼ਾਹ ਨੇ ਕਿੱਸਾ 'ਹੀਰ' ਨੂੰ ਬੈਂਤ ਛੰਦਾ 'ਚ ਪਰੋਇਆ ਹੈ। ਸਾਰੀ ਬੋਲੀ ਮੁਹਾਵਰੇਦਾਰ ਅਪਣਾਈ ਹੈ। ਇਤਿਹਾਸਿਕ ਪੱਖ ਮੁਗਲ ਸਾਮਰਾਜ ਦਾ ਪੂਰਨ ਸੀਨ ਖਿੱਚ ਵਿਖਾਇਆ ਹੈ। ਕਵੀ ਕਿੱਸੇ ਵਿੱਚ ਗੱਲ ਨੂੰ ਇੱਕ-ਦੋ ਵਾਕਾਂ 'ਚ ਆਖ ਕੇ ਸੰਤੁਸ਼ਟ ਨਹੀਂ ਹੁੰਦਾ ਸਗੋਂ ਉਸਦਾ ਅੱਗਾ, ਪਿੱਛਾ ਖੋਜ਼ ਧਰਦਾ ਹੈ। ਲੋਕਾਂ ਦੇ ਨਿੱਜੀ ਅਤੇ ਸ਼੍ਰੇਣੀ ਧਰਮ ਦਾ ਵਿਸਥਾਰ ਲੰਬਾ ਹੀ ਲੰਬਾ ਲੈ ਕੇ ਗਿਆ।
ਕਵੀ ਨੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਅਜੋਕੀ ਪੰਜਾਬੀ ਵਿੱਚ ਨਹੀਂ ਮਿਲਦੇ। ਹਰ ਗੱਲ ਸਪੱਸਟ ਆਖਣ ਵਾਲੇ ਦੀ ਬੋਲੀ ਢੁਕਵੀਂ- ਫੱਬਵੀਂ, ਸੋਹਣੀ ਤੇ ਬੌਧਿਕ ਗੁਣਾਂ ਨਾਲ ਭਰਭੂਰ ਹੈ। ਸੱਯਦ ਦੂਰ ਤੱਕ ਵੇਖਣ, ਪਰਖਣ ਦੀ ਸੋਝੀ ਰੱਖਦੈ। ਸੰਗ੍ਰਹਿ ਕਰਤਾ ਨੇ ਇਸ਼ਕ ਨੂੰ ਅੱਗ ਦਾ ਮੂਲ ਬਣਾ ਪੀਰੀ, ਫਕੀਰੀ ਦਾ ਮਰਤਬਾ ਗਾਉਂਦਾ, ਪੰਜਾਂ ਪੀਰਾਂ ਦੀ ਗੱਲ ਕਰਦਾ ਹੈ ਅਤੇ ਕੁਦਰਤੀ ਸੁੰਦਰਤਾ ਤੋਂ ਮਨੁੱਖੀ ਸੁੰਦਰਤਾ ਦੇ ਵਧੀਆ ਤੋਂ ਵਧੀਆ ਨਮੂਨੇ ਪੇਸ਼ ਕਰਕੇ ਸਾਹਮਣੇ ਲਿਆ ਧਰਦਾ ਹੈ।
                                                                       ਵਾਰਿਸ਼ ਸ਼ਾਹ ਨੇ ਕਿੱਸਾ ਹੀਰ ਬਹੁਤ ਮਿਹਨਤ ਨਾਲ ਤਿਆਰ ਕੀਤਾ, ਤਾਹੀਓ ਲੋਕ ਦਿਲਾਂ ਨੂੰ ਬਹੁਤ ਭਾਇਆ ਹੈ। ਕਵੀ ਨੇ ਹੀਰ-ਰਾਂਝੇ ਨੂੰ ਅਮਰ ਕੀਤਾ ਤਾਂਹੀਓ ਆਪ ਵੀ ਅਮਰ ਹੋ ਗਿਆ। ਉਸਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਇਸ ਲਈ ਸਮਾਜ ਵੀ ਉਸ ਨੂੰ ਕਦੇ ਨਹੀਂ ਭੁਲਾਉਂਦਾ। ਕੁਦਰਤ ਨੇ ਕਵੀ ਨੂੰ ਐਸੇ ਦਿਮਾਗ ਦੀ ਬਖਸ਼ਿਸ ਕੀਤੀ ਸੀ, ਜਿਸ ਨੇ ਐਡੀ ਲਾਸਾਨੀ ਮਹਾਂ-ਕਾਵਿ ਤਿਆਰ ਕਰ ਦਿੱਤਾ। ਵਾਰਿਸ਼ ਨੇ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਵਿਲੱਖਣ ਪੈੜਾਂ ਪਾਈਆਂ ਕਿ ਅੱਜ ਕਵੀ ਦਾ ਨਾਂ ਸੰਸਾਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਵਾਰਸ਼ ਸ਼ਾਹ ਨੇ ਖੋਜਕਾਰਾਂ ਲਈ ਇੱਕ ਨਵੇਕਲੀ ਕਲਾ ਰਾਹੀਂ ਹੀਰ ਲਿਖਕੇ ਆਪਣੀ ਈਨ ਮਨਾਈ, ਉਸਨੇ ਸਮਾਜ ਦੀਆਂ ਅਜਿਹੀਆਂ ਅਟੱਲ ਸੱਚਾਈਆਂ ਨੂੰ ਕਿੱਸੇ ਰਾਹੀਂ ਪੇਸ਼ ਕੀਤਾ ਜੋ ਅੱਜ ਵੀ ਅਟੱਲ ਹਨ। ਜਿਵੇਂ ਵਾਰਿਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ, ਵਾਰਿਸ ਸ਼ਾਹ ਨੇ ਇਸ ਕਿੱਸੇ ਵਿੱਚ ਉਹ ਰੱਬੀ ਰੁਹਾਨੀ ਪਿਆਰ ਭਰਿਆ ਜੋ ਅੱਜ ਤੱਕ ਕੋਈ ਕਿੱਸਾਕਾਰ ਨਹੀਂ ਭਰ ਸਕਿਆ।
                                                                       ਸੱਯਦ ਵਾਰਿਸ਼ ਸ਼ਾਹ 1798 ਈ: ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਕਵੀਆਂ ਦੇ ਬਾਬਾ ਬੋਹੜ ਦੀ ਯਾਦ ਹਮੇਸ਼ਾਂ ਤਰੋ ਤਾਜਾ ਰਹੇਗੀ। ਭਾਵੇਂ ਸਰੀਰਕ ਤੌਰ ਤੇ ਉਹ ਸਾਡੇ ਵਿਚਕਾਰ ਨਹੀਂ ਪਰ ਉਸ ਦਾ ਕਿੱਸਾ 'ਹੀਰ' ਉਸਨੂੰ ਰਹਿੰਦੀ ਦੁਨੀਆਂ ਤੱਕ ਅਮਰ ਰੱਖੇਗਾ। ਮਾਂ ਬੋਲੀ ਪੰਜਾਬੀ ਦੇ ਲਾਡਲੇ ਲਾਲ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ। ਉਨ੍ਹਾਂ ਦੀ ਵਿਲੱਖਣ ਲਿਖਤ ਨੂੰ ਬੜੇ ਮਾਣ ਆਦਰ ਨਾਲ ਪੜ੍ਹਿਆ ਜਾਇਆ ਕਰੇਗਾ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682