ਯੁੱਗ ਸਿਰਜਕ, ਪ੍ਰਮੁੱਖ ਵਾਰਤਕਕਾਰ:- ਗੁਰਬਖ਼ਸ ਸਿੰਘ ਪ੍ਰੀਤਲੜੀ........ਦਰਸ਼ਨ ਸਿੰਘ ਪ੍ਰੀਤੀਮਾਨ

ਲੜੀ ਵਾਰ ਕਾਲਮ “ ਅਨਮੋਲ ਹੀਰੇ “
ਹਰੇਕ ਲੇਖਕ, ਸਾਹਿਤਕਾਰ ਦੀ ਰਚਨਾ ਦਾ ਕੋਈ ਨਾ ਕੋਈ ਨਿੰਦਕ ਅਲੋਚਕ ਜੰਮ ਹੀ ਪੈਂਦਾ ਹੈ। ਕਿਉਂਕਿ ਲੇਖਕ, ਸਾਹਿਤਕਾਰ ਆਪਣੀ ਕੋਈ ਰੂਪ ਰੇਖਾ ਲੈ ਕੇ ਲਿਖਦਾ ਹੈ ਤੇ ਅਲੋਚਕ ਆਪਣੇ ਮੁਤਾਬਕ ਢਾਲ ਕੇ ਅਲੋਚਨਾ ਕਰਦਾ ਹੈ, ਲੇਖਕ ਮੁਤਾਬਕ ਨਹੀਂ। ਕਈਆਂ ਵਿਚਾਰਿਆਂ ਨੂੰ ਸਾੜੇ ਦਾ ਭੂਤ ਸਵਾਰ ਹੋਇਆ ਹੁੰਦਾ ਹੈ। ਇੱਕ ਯੁੱਗ ਸਿਰਜਕ, ਪ੍ਰਮੁੱਖ ਵਾਰਤਾਕਾਰ ਹੋਇਆ ਹੈ ਜਿਸ ਦੀ ਬਹੁਤ ਘੱਟ ਅਲੋਚਨਾ ਹੋਈ ਹੈ, ਸਗੋਂ ਪ੍ਰਸੰਸਾ ਹੀ ਪ੍ਰਸੰਸਾ ਹੋਈ ਹੈ, ਜਿਸ ਦਾ ਪ੍ਰਭਾਵ ਵੀ ਹਰ ਸਾਹਿਤਕਾਰ, ਅਲੋਚਕ ਨੇ ਕਬੂਲਿਆ ਹੈ, ਉਹ ਹਨ ਗੁਰਬਖ਼ਸ ਸਿੰਘ ਪ੍ਰੀਤਲੜੀ।
ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਜਨਮ 20 ਅਪ੍ਰੈਲ 1845 ਈ. ਨੂੰ ਮਾਤਾ ਮਾਲਣੀ (ਬੇਬੇ ਜੀ) ਦੀ ਕੁੱਖੋਂ, ਪਿਤਾ ਪਸ਼ੌਰਾ ਸਿੰਘ ਦੇ ਘਰ ਸਿਆਲਕੋਟ ਵਿਖੇ ਹੋਇਆ। ਆਪ ਦਸਵੀਂ ਤੱਕ ਪਿੰਡ ਹੀ ਪੜ੍ਹੇ ਅਤੇ ਐਫ. ਸੀ. ਕਾਲਜ ਲਾਹੌਰ ਦਾਖਲਾ ਤਾਂ ਲਿਆ ਪਰ ਆਰਥਿਕ ਸੰਕਟ ਕਾਰਨ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਤੇ ਟਰਾਂਸਪੋਰਟ ਮਹਿਕਮੇ ਵਿੱਚ ਕਲਰਕ ਦੀ ਨੌਕਰੀ ਕਰਨ ਲੱਗੇ। ਉਹਨਾਂ ਨੇ ਓਵਰਸੀਅਰੀ ਦੀ ਡਿਗਰੀ, ਟਾਮਸ ਇੰਜੀਨੀਅਰਿੰਗ ਕਾਲਜ ਤੋਂ ਕੀਤੀ। ਆਪ ਫੌਜ ਵਿੱਚ ਭਰਤੀ ਹੋ ਕੇ ਫੌਜੀ ਵੀ ਬਣੇ। ਆਪ ਨੂੰ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲਈ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਪਿਆ। ਕੁਝ ਸਮਾਂ ਰੇਲਵੇ ਵਿੱਚ ਇੰਜੀਨੀਅਰ ਲੱਗੇ ਅਤੇ ਕੁਝ ਸਮਾਂ ਖੇਤੀ ਬਾੜੀ ਵੀ ਕੀਤੀ। ਖੇਤੀ ਕਰਦੇ ਸਮੇਂ ਹੀ 1933 ਵਿੱਚ ਆਪ ਨੇ 'ਪ੍ਰੀਤਲੜੀ' ਰਸਾਲਾਂ ਕੱਢਣਾ ਆਰੰਭ ਕੀਤਾ। ਆਪ ਨੇ 'ਪ੍ਰੀਤਨਗਰ' ਵੀ ਵਸਾਇਆ ਅਤੇ 1947 ਵਿੱਚ ਮਹਿਰੋਲੀ (ਦਿੱਲੀ) ਜਾਣਾ ਪਿਆ ਵਿਗੜਦੇ ਹਾਲਾਤਾਂ ਦੇ ਕਾਰਨ। ਬਾਅਦ ਵਿੱਚ ਅੰਤ ਤੱਕ ਦਿੱਲੀ ਤੋਂ ਆ ਕੇ 'ਪ੍ਰੀਤਨਗਰ' ਹੀ ਰਹੇ।
ਗੁਰਬਖ਼ਸ ਸਿੰਘ ਪ੍ਰੀਤਲੜੀ ਦੇ ਕਿਤਾਬਾਂ ਦੀ ਲਿਸਟ ਕਾਫੀ ਲੰਬੀ ਹੈ। 'ਤਾਜ ਤੇ ਸਰੂ', 'ਦੁਨੀਆਂ ਇੱਕ ਮਹੱਲ', 'ਜ਼ਿੰਦਗੀ ਦੀ ਕਵਿਤਾ', 'ਖੁਸ਼ਹਾਲ ਜੀਵਨ', 'ਸਾਡੇ ਵਾਰਸ', 'ਮੇਰੇ ਝਰੋਖੇ', 'ਖੁੱਲ਼੍ਹਾ ਦਰ', 'ਚੰਗੇਰੀ ਦੁਨੀਆਂ', 'ਪ੍ਰਸੰਨ ਲੰਬੀ ਉਮਰ', 'ਨਵਾਂ ਸਿਵਾਲਾ', 'ਨਵੀਂ ਤਕੜੀ ਦੁਨੀਆਂ', 'ਇੱਕ ਦੁਨੀਆਂ ਤੇ ਤੇਰੇ ਸੁਪਨੇ','ਜ਼ਿੰਦਗੀ ਦੀ ਡਾਟ', 'ਪਰਮ ਮਨੁੱਖ','ਨਵੀਆਂ ਤਕਦੀਰਾਂ ਦੀ ਕਿਆਰੀ', 'ਸਾਵੀ ਪੱਧਰੀ ਜ਼ਿੰਦਗੀ', 'ਭਖਦੀ ਜੀਵਨ ਚੰਗਿਆੜੀ', 'ਮੇਰੀ ਜੀਵਨ ਕਹਾਣੀ', 'ਪ੍ਰੀਤ ਮੁਕਟ', 'ਏਸ਼ੀਆ ਦਾ ਚਾਨਣ', 'ਮੇਰੀ ਗੁਲਬਦਨ', 'ਮਨੋਹਰ ਸਖ਼ਸ਼ੀਅਤ', 'ਮੇਰੀਆਂ ਅਭੁੱਲ ਯਾਦਾਂ', 'ਵੀਣਾ ਵਿਨੋਦ', 'ਭਾਬੀ ਮੈਨਾ', 'ਰੰਗ ਸਹਿਕਦਾ ਦਿਲ', 'ਅਣ-ਵਿਆਹੀ ਮਾਂ', 'ਚਿੱਠੀਆਂ ਜੀਤਾ ਦੇ ਨਾਂ', 'ਸਵੈ ਪੂਰਨਤਾ ਦੀ ਲਗਨ', 'ਮੇਰੇ ਦਾਦੀ ਜੀ', 'ਰਾਜ ਕੁਮਾਰੀ ਲਤਿਕਾ', 'ਨਾਗ ਪ੍ਰੀਤ ਦਾ ਜਾਦੂ', 'ਪ੍ਰੀਤ ਮਣੀ', 'ਪੂਰਬ-ਪੱਛਮ', ਭੱਖਦੀ ਜੀਵਨ ਚੰਗਿਆੜੀ', 'ਬੰਦੀ-ਛੋੜ', 'ਗੁਰੂ ਨਾਨਕ', 'ਮੰਜ਼ਿਲ ਦਿਸ ਪਈ', ਜ਼ਿੰਦਗੀ ਵਾਰਸ ਹੈ', 'ਇਸ਼ਕ ਜਿੰਨ੍ਹਾਂ ਦੇ ਹੱਡੀ ਰਚਿਆ', 'ਪ੍ਰੀਤ ਕਹਾਣੀਆਂ', 'ਅਨੋਖੇ ਅਤੇ ਇਕੱਲੇ', 'ਪ੍ਰੀਤਾਂ ਦੀ ਪਹਿਰੇਦਾਰ', 'ਰੁੱਖਾਂ ਦੀ ਜੀਰਾਂਦ' (ਨਾਵਲ), 'ਕੋਧਰੇ ਦੀ ਰੋਟੀ' (ਨਾਟਕ), 'ਸੁਪਨੇ' (ਅਨੁਵਾਦ), 'ਮੇਰੀ ਜੀਵਨ ਕਹਾਣੀ ਭਾਗ ਪਹਿਲਾ' (ਸਵੈ-ਜੀਵਨੀ) ਆਦਿ।
ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਮਹਾਨ ਰਚਨਾ ਸਦਕਾ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਮਾਣ-ਪੱਤਰ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤੇ ਅਤੇ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾ। ਉਹਨਾਂ ਨੇ 'ਪ੍ਰੀਤਲੜੀ' ਰਾਹੀਂ ਬਹੁਤ ਵਾਰਤਕ ਰਚਨਾ ਕੀਤੀ। ਪ੍ਰੀਤਲੜੀ ਦੀ ਲਿਖਣ ਸ਼ੈਲੀ ਵਿੱਚ ਅਜਿਹਾ ਜਾਦੂ ਸੀ ਕਿ ਪਾਠਕ ਨੂੰ ਕੀਲ ਦਿੰਦਾ ਸੀ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਗੁਰਬਖ਼ਸ ਸਿੰਘ ਪ੍ਰੀਤਲੜੀ ਦੀ ਰਚਨਾਂ ਨਾਲ ਨਵਾਂ ਯੁੱਗ ਸ਼ੁਰੂ ਹੋਇਆ ਹੈ।
ਗੁਰਬਖ਼ਸ ਸਿੰਘ ਪ੍ਰੀਤਲੜੀ ਆਦਰਸ਼ਵਾਦੀ ਤੇ ਸੁਧਾਰਕ ਲੇਖਕ ਯੁੱਗ ਸਿਰਜਕ ਮਹਾਨ ਪੁਰਸ਼ ਹੋਏ ਸਨ। ਸਰਲ ਭਾਸ਼ਾ ਵਿੱਚ ਸ਼ਬਦ ਦਾ ਤੇਜ ਵਹਾਓ, ਢੁੱਕਵੇਂ ਅਲੰਕਾਰ ਦੇ ਗੁਣ, ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੇ ਹਨ। ਆਧੁਨਿਕ ਪੀੜੀ ਦਾ ਕੋਈ ਵੀ ਅਜਿਹਾ ਲੇਖਕ ਨਹੀਂ ਜਿਸਨੇ ਉਹਨਾਂ ਦਾ ਪ੍ਰਭਾਵ ਨਾ ਕਬੂਲਿਆ ਹੋਵੇ। ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਸਾਹਿਤਕ ਸਰਗਰਮੀਆਂ ਵੀ ਤੇਜ ਹੀ ਰੱਖੀਆਂ।
ਗੁਰਬਖ਼ਸ ਸਿੰਘ ਪ੍ਰੀਤਲੜੀ ਨੂੰ ਜਿੰਨ੍ਹਾਂ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ਆਇਆ ਹੋਵੇ। ਪ੍ਰੀਤਲੜੀ ਦੀ ਲਿਖਤ ਨਿਰਾ ਸ਼ਹਿਦ ਹੀ ਹੈ। ਕੋਈ ਵੀ ਪਾਠਕ ਉਹਨਾਂ ਦੀ ਲਿਖਤ ਇੱਕ ਵਾਰ ਪੜ੍ਹਣ ਲੱਗਿਆਂ ਤਾਂ ਕਿਤਾਬ ਵਿਚਕਾਰ ਨਹੀਂ ਛੱਡਦਾ ਸਗੋਂ ਪੂਰੀ ਪੜ੍ਹਕੇ ਹੀ ਦਮ ਭਰਦਾ ਹੈ। ਉਹਨਾਂ ਦੀ ਲਿਖਤ ਪੜ੍ਹਨ ਲੱਗਿਆ ਅਕੇਵਾਂ-ਥਕੇਵਾਂ ਨਹੀਂ ਆਉਂਦਾ ਸਗੋਂ ਲਿਖਤ ਪੜ੍ਹਦਿਆਂ ਪਾਠਕ ਦਾ ਮਨ ਬਾਗੋ-ਬਾਗ ਹੋ ਉਠਦਾ ਹੈ। ਪਾਠਕ ਨੂੰ ਉਹਨਾਂ ਦੀ ਲਿਖਤ ਨਾਲ ਪਿਆਰ ਵੱਧਦਾ ਜਾਂਦਾ ਹੈ। ਪੰਜਾਬੀ ਮਾਂ ਬੋਲੀ ਦਾ ਇਹ ਹੀਰਾ 20 ਅਗਸਤ 1977 ਨੂੰ ਚਲਾਣਾ ਕਰ ਗਿਆ। ਉਹਨਾਂ ਦੀਆਂ ਲਿਖਤਾਂ ਸਦਾ ਉਨ੍ਹਾਂ ਦੀ ਯਾਦ ਨੂੰ ਤਾਜਾ ਰੱਖਣਗੀਆਂ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682