“ ਅਨਮੋਲ ਹੀਰੇ “
ਨਾਵਲਕਾਰੀ ਦੇ ਖੇਤਰ ਵਿੱਚ ਸਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਜੀ ਸਨ ਪਰ ਉਨ੍ਹਾਂ ਦਾ ਵਾਰਸ ਜਸਵੰਤ ਸਿੰਘ ਕੰਵਲ ਜੀ ਬਣੇ। ਅੱਜ ਜਸਵੰਤ ਸਿੰਘ ਕੰਵਲ ਦਾ ਨਾਂ ਸੰਸਾਰ ਪ੍ਰਸਿੱਧ ਨਾਵਲਕਾਰਾਂ ਵਿੱਚ ਹੈ। ਵਾਰਸ ਸ਼ਾਹ ਦੀ ਹੀਰ ਪੜ੍ਹਨ ਨਾਲ ਹੀ ਕੰਵਲ ਸਾਹਿਤ ਵੱਲ ਰੁਚਿਤ ਹੋਇਆ। ਕੰਵਲ ਸਾਹਿਬ ਲੋਕਾਂ ਦੇ ਨਾਵਲਕਾਰ ਹਨ ਜਿੰਨ੍ਹਾਂ ਨੇ ਬੇਖੌਫ, ਨਿੱਡਰਤਾ, ਦਲੇਰੀ ਅਤੇ ਬੇਝਿਜਕ ਹੋ ਕੇ ਆਪਣੇ ਨਾਵਲਾਂ ਤੇ ਕਲਮ ਚਲਾਈ। ਅੱਜ ਸਾਹਿਤ ਦਾ ਸੂਰਮਾ (ਯੋਧਾ) ਕੰਵਲ ਨੂੰ ਹੀ ਆਖਿਆ ਜਾ ਸਕਦਾ ਹੈ।
ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋ, ਪਿਤਾ ਮਾਹਲਾ ਸਿੰਘ ਦੇ ਘਰ, ਦਾਦਾ ਪੰਜਾਬ ਸਿੰਘ (ਗਿੱਲ) ਦੇ ਵਿਹੜੇ ਪਿੰਡ ਢੁੱਡੀਕੇ ਵਿਖੇ ਹੋਇਆ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਦਾ ਭਰਾ ਅਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਹੈ। ਉਨ੍ਹਾਂ ਦਾ ਵਿਆਹ 1943 ਨੂੰ ਸ਼੍ਰੀਮਤੀ ਮੁਖਤਿਆਰ ਕੌਰ ਨਾਲ ਹੋਇਆ, ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ, ਜਿੰਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:- ਅਮਰਜੀਤ ਕੌਰ, ਚਰਨਜੀਤ ਕੌਰ, ਸਵ: ਕਮਲਜੀਤ ਕੋਰ ਤੇ ਭੁਪਿੰਦਰ ਕੌਰ ਧੀਆਂ ਹਨ ਅਤੇ ਸਰਬਜੀਤ ਸਿੰਘ ਗਿੱਲ ਸਪੁੱਤਰ ਹੈ।
ਪਿੰਡ ਢੁੱਡੀਕੇ ਇੱਕ ਭਜਨ ਬੰਦਗੀ ਵਾਲਾ ਫਕੀਰ ਰਹਿੰਦਾ ਸੀ, ਜਿਸ ਤੋਂ ਉਨ੍ਹਾਂ ਨੇ ਵੇਦਾਂਤ ਦਾ ਪੜ੍ਹ, ਗਿਆਨ ਹਾਸਲ ਕੀਤਾ। ਬਸ ਨੌ ਕੁ ਜਮਾਤਾਂ ਪੜ੍ਹੇ ਕੰਵਲ ਨੂੰ ਰੋਜੀ-ਰੋਟੀ ਲਈ ਮਲਾਇਆ ਦੇ ਜੰਗਲਾਂ ਵਿੱਚ ਥਾਈਲੈਂਡ ਦੀ ਸੀਮਾ ਨੇੜੇ ਪਹਿਰੇਦਾਰੀ ਰਾਤ ਦੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀ ਬਾੜੀ ਵੀ ਕਰਨੀ ਪਈ। ਕਿਤਾਬਾਂ ਲਾਹੌਰ ਤੋਂ ਖਰੀਦ ਕੇ ਲਿਆ ਕੇ ਪੜ੍ਹਦਾ ਸੀ। ਗੁਰੂ ਰਾਮਦਾਸ ਦੀ ਨਗਰੀ, ਅੰਮ੍ਰਿਤਸਰ ਵੀ ਨੌਕਰੀ ਕਰਨੀ ਪਈ। ਉਸ ਸਮੇਂ ਇੱਕ ਗਿਆਨੀ ਤੋਂ ਪਿੰਗਲ ਦੀ ਜਾਣਕਾਰੀ ਵੀ ਲਈ। ਖਿਆਲ ਜ਼ਿੰਦਗੀ ਬਾਰੇ ਉਨ੍ਹਾਂ ਦੀ ਪਹਿਲੀ ਕਿਤਾਬ 'ਜੀਵਨੀ ਕਣੀਆਂ' (1944) ਵਿੱਚ ਛਪੀ, ਉਸ ਤੋਂ ਬਾਅਦ ਅੱਜ ਤੱਕ ਚੱਲ ਸੋ ਚੱਲ ਕਿਤਾਬਾਂ ਦੀ ਲਿਸਟ ਬਹੁਤ ਲੰਬੀ ਹੋ ਚੁੱਕੀ ਹੈ। ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਇਸ ਪ੍ਰਕਾਰ ਹਨ:- 'ਸੱਚ ਨੂੰ ਫਾਂਸੀ', 'ਪਾਲੀ', 'ਪੂਰਨਮਾਸੀ', 'ਰਾਤ ਬਾਕੀ ਹੈ', 'ਸਿਵਲ ਲਾਈਨਜ਼', 'ਜੰਗਲ ਦੇ ਸ਼ੇਰ', ਮੋੜਾ', 'ਜੇਰਾ', 'ਮੂਮਲ', 'ਦੇਵਦਾਸ', 'ਸੁਰਸਾਂਝ', 'ਮਨੁੱਖਤਾ', 'ਰੂਪਧਾਰਾ', 'ਹਾਣੀ', 'ਮਿੱਤਰ ਪਿਆਰੇ ਨੂੰ', 'ਭਵਾਨੀ', 'ਤਰੀਖ ਵੇਖਦੀ ਹੈ', 'ਬਰਫ ਦੀ ਅੱਗ', 'ਲਹੂ ਦੀ ਲੋਅ', 'ਖੂਨ ਕੇ ਸੋਹਿਲੇ ਗਾਹਿਵੀਏ ਨਾਨਕ', 'ਤੌਸਾਲੀ ਦੀ ਹੱਸੋ', 'ਐਨਿਆਂ 'ਚੋਂ ਉਠੋ ਸੂਰਮਾ', 'ਅਹਿਸਾਸ', 'ਸੂਰਮੇ', 'ਹੁਨਰ ਦੀ ਜਿੱਤ', 'ਖੂਬਸੂਰਤ ਦੁਸਮਣ', 'ਗੁਆਚੀ ਪੱਗ', 'ਜੁਹੂ ਦਾ ਮੋਤੀ', (ਸਮ੍ਰਿਤੀਆਂ), 'ਮਰਨ ਮਿੱਤਰਾਂ ਦੇ ਅੱਗੇ', 'ਭਾਵਨਾ', (ਕਵਿਤਾਵਾਂ), 'ਗੋਰਾ ਮੁੱਖ ਸੱਜਣਾ ਦਾ', 'ਸੰਧੂਰ', 'ਰੂਹ ਦਾ ਹਾਣ', 'ਲੰਬੇ ਵਾਲਾ ਦੀ ਪੀੜ', 'ਰੂਪਮਤੀ', 'ਚਿੱਕੜ ਤੇ ਕੰਵਲ', 'ਫੁੱਲਾਂ ਦਾ ਮਾਲੀ', 'ਜ਼ਿੰਦਗੀ ਦੂਰ ਨਹੀਂ', 'ਕੰਡੇ', 'ਮਾਈ ਦਾ ਲਾਲ', 'ਹਾਉਕਾ ਤੇ ਮੁਸਕਾਨ', 'ਰੂਪ ਤੇ ਰਾਖੇ', 'ਜੰਡ ਪੰਜਾਬ ਦਾ', 'ਮੁਕਤੀ ਮਾਰਗ', 'ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿੱਚ', 'ਲੱਧਾ ਪਰੀ ਦੇ ਚੰਨ ਉਜਾੜ ਵਿੱਚੋਂ', 'ਸਾਧਨਾ', 'ਸੰਦਰਾਂ', 'ਇੱਕ ਹੋਰ ਹੈਲਨ', 'ਨਵਾਂ ਸੰਨਿਆਸ', 'ਕਾਲੇ ਹੰਸ', 'ਝੀਲ ਦਾ ਮੋਤੀ', 'ਹਾਲ ਮਰੀਦਾਂ ਦਾ', 'ਸੱਚ ਕੀ ਬੇਲਾ', 'ਪੰਜਾਬ! ਤੇਰਾ ਕੀ ਬਣੂੰ', 'ਆਪਣਾ ਕੌਮੀ ਘਰ', 'ਕੌਮੀ ਲਲਕਾਰ', 'ਸਾਡੇ ਦੋਸਤ, ਸਾਡੇ ਦੁਸ਼ਮਣ', 'ਪੰਜਾਬ ਦਾ ਸੱਚ', 'ਪੰਜਾਬੀਓ! ਜੀਣਾ ਹੈ ਕਿ ਮਰਨਾ', 'ਜਿੱਤ ਨਾਵਾਂ', 'ਸਿੱਖ ਜੱਦੋ ਜਹਿਦ', 'ਜਦੋ ਜਹਿਦ ਜਾਰੀ ਰਹੇ', ਕੰਵਲ ਕਹਿੰਦਾ ਰਿਹਾ', 'ਦੂਜਾ ਸਫਰਨਾਮਾ', 'ਪੰਨਿਆ ਦਾ ਚਾਨਣ' (ਸਵੈਜੀਵਨੀ) ਆਦਿ ।
ਡਾ. ਜਸਵੰਤ ਸਿੰਘ ਕੰਵਲ ਦੇ ਇਨਾਮਾਂ-ਸਨਮਾਨਾਂ ਦੀ ਵੀ ਲਿਸਟ ਲੰਬੀ ਹੈ। ਜਿੰਨ੍ਹਾਂ ਕੰਵਲ ਸਾਹਿਬ ਨੂੰ ਸਾਹਿਤਕ ਖੇਤਰ ਵਿੱਚ ਮਾਨ-ਸਨਮਾਨ ਮਿਲਿਆ ਹੈ। ਇੰਨ੍ਹਾਂ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸ਼੍ਰੋਮਣੀ ਐਵਾਰਡ ਭਾਸ਼ਾ ਵਿਭਾਗ ਪੰਜਾਬ, ਸਾਹਿਤਕ ਅਕੈਡਮੀ ਪੁਰਸਕਾਰ ਦਿੱਲੀ, ਪੰਜਾਬ ਸਾਹਿਤ ਰਤਨ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬੀ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡਾ. ਦੀ ਉਪਾਧੀ (ਗਵਰਨਰ ਦੇ ਹੱਥੀਂ) ਅਤੇ ਹੋਰ ਸਾਹਿਤ ਸਭਾਵਾਂ ਅਤੇ ਕਲੱਬਾਂ ਵੱਲੋਂ ਤਾਂ ਸੈਂਕੜੇ ਇਨਾਮ-ਸਨਮਾਨ ਮਿਲ ਚੁੱਕੇ ਹਨ। ਸਭ ਤੋਂ ਵੱਡਾ ਸਨਮਾਨ ਡਾ. ਜਸਵੰਤ ਕੌਰ ਗਿੱਲ ਦਾ ਉਨ੍ਹਾਂ ਦੇ ਨਾਵਲ 'ਰਾਤ ਬਾਕੀ ਹੈ' ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਸਾਹਿਤਕ ਸਾਥਣ ਬਣ ਜਾਣਾ, ਤੇ ਅਖੀਰ ਤੇ ਸਾਹਿਤਕ ਸਾਥਣ ਤੋਂ ਜੀਵਨ ਸਾਥਣ ਵੱਲ ਮੋੜਾ ਖਾਣਾ ਇਹ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ ਹੈ।
ਕੰਵਲ ਖੁਸ਼ ਦਿਲ ਇਨਸਾਨ ਹੈ, ਦੂਰ ਸੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਹੈ। ਉਹ ਅਕਾਸ਼ ਨੂੰ ਹੱਥ ਲਾ ਕੇ ਪਤਾਲਾਂ ਤੱਕ ਜਾ ਪਹੁੰਚਣ ਵਾਲਾ ਨਾਵਲਕਾਰ ਹੈ। ਲੇਖਕ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੰਦਾ ਹੈ। ਕਈ ਕਈ ਪਾਤਰਾਂ ਨੂੰ ਇਕੱਠਿਆਂ ਤੋਰਨ ਦੀ ਕਲਾਂ ਵੀ ਉਸ ਵਿੱਚ ਹੈ। ਨਾਵਲ ਦਾ ਘੇਰਾ ਕੰਵਲ ਸਾਹਿਬ ਨੇ ਵਿਸ਼ਾਲ ਕੀਤਾ ਹੈ। ਨਾਵਲਕਾਰ ਦੇ ਨਾਵਲ ਪੜ੍ਹਦਿਆਂ ਕੋਈ ਵੀ ਪਾਠਕ ਨਾਵਲ ਵਿਚਕਾਰ ਨਹੀਂ ਛੱਡਦਾ, ਸਗੋਂ ਪੂਰਾ ਪੜ੍ਹਕੇ ਹੀ ਦੱਮ ਭਰਦਾ ਹੈ। ਲਿਖਤ ਵਿੱਚ ਸੱਚਾਈ ਤਾਂ ਹੈ ਹੀ ਪਰ ਮਿਠਾਸ ਵੀ ਬਹੁਤ ਹੈ। ਅਜਿਹੀ ਨਵੀਂ ਚੀਜ਼ ਪੇਸ਼ ਕਰਦਾ ਹੈ ਕਿ ਪਾਠਕ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ।
ਸਾਹਿਤਕ ਖੇਤਰ ਵਿੱਚ ਉੱਚੀਆਂ ਛਾਲਾਂ ਲਾਉਣ ਵਾਲੇ ਕੰਵਲ ਵਿੱਚ ਅੱਜ ਵੀ ਚੁਸਤੀ-ਫੁਰਤੀ ਜਿਓਂ ਦੀ ਤਿਓਂ ਹੈ। ਉਨ੍ਹਾਂ ਨੇ ਅਨੇਕਾਂ ਵਿਦੇਸ਼ਾਂ ਦੇ ਟੂਰ ਲਾਏ ਹਨ। ਕੰਵਲ ਸਾਹਿਬ ਨੇ ਸਭ ਤੋਂ ਵੱਧ ਪਾਠਕ ਬਣਾਏ ਹਨ। ਅਨੇਕਾਂ ਮੁਸੀਬਤਾਂ ਨੇ ਉਨ੍ਹਾਂ ਦੇ ਰਾਹ ਵਿੱਚ ਰੋੜਾ ਲਾਇਆ ਪਰ ਉਹ ਭਰ ਵਗਦੇ ਦਰਿਆ ਵਿੱਚ ਕਿਤੇ ਖੜੋਤ ਨਾ ਆਈ ਉਨ੍ਹਾਂ ਦੀ ਸਾਹਿਤਕ ਸਾਥਣ ਡਾ. ਜਸਵੰਤ ਕੌਰ ਗਿੱਲ ਦੇ ਜਹਾਨੋਂ ਤੁਰ ਜਾਣ ਨਾਲ ਉਨ੍ਹਾਂ ਦੀ ਸਿਹਤ ਤੇ ਮਨ ਤੇ ਬਹੁਤ ਵੱਡਾ ਅਸਰ ਹੋਇਆ। ਅਸੀਂ ਦੁਆ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਸੂਰਮਾ (ਯੋਧਾ) ਪੁੱਤਰ ਪੂਰੇ ਸੌ ਸਾਲ ਤੱਕ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
