"ਕੌਂਮ ਦੇ ਹੀਰੇ" ਫਿਲਮ ਦੇਖ ਕੇ ਭਾਵੁਕ ਹੋਏ ਦਰਸ਼ਕ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਲੋਕ ਗਾਇਕ ਅਤੇ ਗੀਤਕਾਰ ਰਾਜ ਕਾਕੜਾ ਦੀ ਪਲੇਠੀ ਪੰਜਾਬੀ ਫਿਲਮ "ਕੌਂਮ ਦੇ ਹੀਰੇ" ਨੂੰ ਵਿਸ਼ਵ ਭਰ ਦੇ ਪੰਜਾਬੀਆਂ  ਨੇ ਭਰਵਾ ਹੁੰਗਾਰਾਂ ਦਿੱਤਾ ਹੈ । ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਰੋਕ ਲਗਾਏ ਜਾਣ ਦੇ ਬਾਅਦ ਵਿਦੇਸਾਂ ਵਿੱਚ ਰੀਲੀਜ਼ ਕੀਤੀ ਇਸ ਫਿਲਮ ਨੂੰ ਦੇਖਣ ਲਈ ਸਿੱਖਾਂ ਵਿੱਚ ਭਾਰੀ ਦਿਲਚਸਪੀ ਹੈ । ਬੈਲਜ਼ੀਅਮ ਦੇ ਕਈ ਸ਼ਹਿਰਾਂ Ḕਤੋ ਬਾਅਦ ਪਿਛਲੇ ਦਿਨੀ ਰਾਜਧਾਨੀ ਬਰੱਸਲਜ਼ ਵਿੱਖੇ ਵੀ ਦੋ ਸ਼ੋਅ ਦਿਖਾਏ ਗਏ ਜਿਥੇ ਭਾਰੀ ਗਿਣਤੀ ਦਰਸ਼ਕਾਂ ਨੇ ਫਿਲਮ ਦੇਖੀ ਜਿਨ੍ਹਾਂ ਵਿੱਚ ਜਿਆਦਾਤਰ ਨੌਜਵਾਨ ਸਨ । ਫਿਲਮ ਸਮੇਂ ਜੈਕਾਰੇ ਗੂੰਜਦੇ ਰਹੇ ਅਤੇ ਸ਼ਹੀਦ ਕੇਹਰ ਸਿੰਘ ਅਤੇ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਦੀ ਜੇਲ੍ਹ ਵਿੱਚ ਆਖਰੀ ਮਿਲਣੀ ਵਾਲਾ ਦ੍ਰਿਸ਼ ਦੇਖ ਕੇ ਭਾਵੁਕ ਹੋਏ ਦਰਸ਼ਕਾਂ ਵਿੱਚੋਂ ਸ਼ਾਇਦ ਕੋਈ ਵਿਰਲੀ ਅੱਖ ਹੀ ਸੁੱਕੀ ਬਚੀ ਹੋਵੇ, ਫਿਲਮ ਦੇਖਦੀ ਇੱਕ ਨੌਜਵਾਨ ਲੜਕੀ ਤਾਂ ਭੁੱਬਾਂ ਮਾਰਦੀ ਦੇਖੀ ਗਈ ।
ਸਮਾਪਤੀ Ḕਤੇ ਬੈਲਜ਼ੀਅਮ ਵਿੱਚ ਫਿਲਮ ਲਗਾਉਣ ਵਾਲੇ ਪ੍ਰਿਤਪਾਲ ਸਿੰਘ ਪਟਵਾਰੀ ਨੇ ਦੱਸਿਆ ਕਿ ਅਪਣੀ ਕੌਂਮ ਅਤੇ ਪੰਜਾਬੀਅਤ ਦੇ ਦਰਦ ਨੂੰ ਖੁਦ ਅਪਣੀ ਅਵਾਜ਼ ਵਿੱਚ ਗਾ ਕੇ ਸਿੱਖ ਨੌਜਵਾਨੀ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜ ਕਾਕੜਾ ਨੇ ਇਸ ਫਿਲਮ ਰਾਂਹੀ ਸਿੱਖ ਕੌਂਮ ਦੇ ਮਹਾਨ ਨਾਇਕਾਂ ਵੱਲੋਂ ਇੰਦਰਾ ਨੂੰ ਦਿੱਤੀ ਉਸ ਦੇ ਪਾਪਾਂ ਦੀ ਸਜ਼ਾ ਦਾ ਕਿੱਸਾ ਵੱਡੇ ਪਰਦੇ Ḕਤੇ ਦਿਖਾ ਕੌਂਮ ਦੇ ਗੌਰਵਮਈ ਇਤਿਹਾਸ ਨੂੰ ਅੱਜ ਦੀ ਪੀੜੀ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ । ਫਿਰ ਉਹਨਾਂ ਨੇ ਆਏ ਦਰਸ਼ਕਾਂ ਅਤੇ ਫਿਲਮ ਲਈ ਸਹਿਯੋਗ ਦੇਣ ਵਾਲੇ ਸੱਜਣਾਂ ਗੁਰਦੀਪ ਸਿੰਘ ਮੱਲ੍ਹੀ, ਤਰਸੇਮ ਸਿੰਘ ਸ਼ੇਰਗਿੱਲ, ਪ੍ਰੇਮ ਕਪੂਰ ਅਤੇ ਸ ਪ੍ਰਤਾਪ ਸਿੰਘ ਹੋਰਾਂ ਦਾ ਧੰਨਵਾਦ ਕੀਤਾ ।