ਗੈਂਟ ਦੇ ਪੰਜਾਬੀ ਭਾਈਚਾਰੇ ਵੱਲੋਂ ਸੋਸ਼ਲ ਪਾਰਟੀ ਨਾਲ ਮੀਟਿੰਗ

ਚੋਣਾਂ 'ਚ ਹਿਮਾਇਤ ਦੇਣ ਦੇ ਨਾਲ ਅਪਣੀਆਂ ਮੰਗਾਂ ਵੀ ਯਾਦ ਕਰਵਾਈਆਂ
ਈਪਰ, ਬੈਲਜ਼ੀਅਮ (  ਪ੍ਰਗਟ ਸਿੰਘ ਜੋਧਪੁਰੀ  ) ਬੈਲਜ਼ੀਅਮ ਦੇ ਦੂਜੇ ਵੱਡੇ ਸ਼ਹਿਰ ਗੈਂਟ ਵਿੱਚ ਭਰਵੀਂ ਪੰਜਾਬੀ ਵਸੋਂ ਦੀਆਂ ਵੋਟਾਂ ਲੈਣ ਲਈ ਸੋਸ਼ਲ ਪਾਰਟੀ ( ਐਸ ਪੀ ਏ ) ਨੇ ਪੰਜਾਬੀ ਭਾਈਚਾਰੇ ਨਾਲ ਇੱਕ ਮੀਟਿੰਗ ਕੀਤੀ । ਇਸ ਇਕੱਤਰਤਾ ਦੌਰਾਂਨ ਜਿਥੇ ਪੰਜਾਬੀਆਂ ਵੱਲੋਂ ਸੋਸ਼ਲ ਪਾਰਟੀ ਨੂੰ ਅਪਣੀ ਹਿਮਾਇਤ ਦਾ ਐਲਾਨ ਕੀਤਾ ਗਿਆ ਉੱਥੇ ਚਿਰਾਂ 'ਤੋ ਲਟਕਦੀਆਂ ਆ ਰਹੀਆਂ ਅਪਣੀਆਂ ਮੰਗਾਂ ਦੀ ਵੀ ਯਾਦ ਦਿਵਾਈ ਗਈ ਜਿਨ੍ਹਾਂ ਵਿੱਚ ਸਥਾਨਕ ਦੁਕਾਨਦਾਰਾਂ ਨੂੰ ਨਵਾਂ ਲਗਾਇਆ 15 ਸੌ ਯੂਰੋ ਦੇ ਸਲਾਨਾਂ ਟੈਕਸ ਨੂੰ ਰੱਦ ਕਰਨ ਅਤੇ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਦਸਤਾਰ / ਪਟਕੇ ਬੰਨ ਕੇ ਜਾਣ ਦੀ ਮਨਾਹੀ ਵਾਲਾ ਕਾਨੂੰਨ ਰੱਦ ਕਰਵਾਉਣ ਦੇ ਨਾਲ-ਨਾਲ ਸਿੱਖਾਂ ਦੀਆਂ ਕੌਂਮੀ ਮੰਗਾਂ ਬਾਰੇ ਵੀ ਹਿਮਾਇਤ ਮੰਗੀ ਗਈ । ਉਪਰੋਕਤ ਮੰਗਾਂ ਨੂੰ ਸੋਸ਼ਲ ਪਾਰਟੀ ਦੇ ਨੁੰਮਾਇਦੇ ਅਤੇ ਸੰਸਦੀ ਉਮੀਦਵਾਰ ਬਰੂਨੋ ਮਾਥਿਆਸ ਅਤੇ ਇਮਲੀ ਪੀਟਰਸ਼ ਨੇ ਧਿਆਨ ਨਾਲ ਸੁਣਦਿਆਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ।
ਇਸ ਇਕੱਤਰਤਾ ਵਿੱਚ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਦਿਆਲ ਸਿੰਘ ਢਕਾਣਸੂ, ਗੁਰਮੀਤ ਸਿੰਘ ਓਸਟੰਡੇ,  ਗੁਰਦੇਵ ਸਿੰਘ ਗੈਂਟ,  ਪ੍ਰਤਾਪ ਸਿੰਘ, ਬਲਜਿੰਦਰ ਸਿੰਘ ਜਿੰਦੂ ਅਤੇ ਜਸਪਾਲ ਸਿੰਘ ਸੰਘਾਂ ਸਮੇਤ ਪੰਜਾਬੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ ।
ਉਪਰੋਕਤ ਆਗੂਆਂ ਨੇ ਇਹਨਾਂ ਗੋਰੇ ਉਮੀਦਵਾਰਾਂ 'ਤੋਂ ਮੰਗ ਕੀਤੀ ਕਿ ਉਹ ਵਿਲਵੋਰਦੇ ਦੇ ਮੇਅਰ ਜੋ ਐਸ ਪੀ ਏ ਪਾਰਟੀ ਦੇ ਹੀ ਆਗੂ ਹਨ ਵੱਲੋਂ ਇਸ ਵਰ੍ਹੇ ਨਗਰ ਕੀਰਤਨ ਦੀ ਇਜਾਜਤ ਨਾ ਦੇਣ ਦੇ ਫੈਸਲੇ ਤੇ ਦੁਬਾਰਾ ਗੌਰ ਕਰਨ ਲਈ ਅਪਣਾ ਰਸੂਖ ਵਰਤਣ ਜਿਸਨੂੰ ਹਾਜਰ ਸੋਸ਼ਲ ਆਗੂਆਂ ਨੇ ਮੇਅਰ ਤੱਕ ਪਹੁੰਚ ਕਰਨ ਦਾ ਵਾਅਦਾ ਕੀਤਾ । ਇਸੇ ਦੌਰਾਂਨ ਹੀ 11 ਸਾਲਾਂ ਸਿੱਖ ਬੱਚੇ ਦੀਪਇੰਦਰ ਸਿੰਘ ਵੱਲੋਂ ਗੋਰੇ ਆਗੂਆਂ ਨੂੰ ਇੱਕ ਸਵਾਲ ਕੀਤਾ ਗਿਆ ਕਿ ਪਹਿਲੇ ਅਤੇ ਦੂਸਰੇ ਵਿਸਵ ਯੁੱਧ ਦੌਰਾਂਨ ਯੂਰਪ ਦੀ ਰਾਖੀ ਲਈ ਲੜਨ ਆਏ ਦਸਤਾਰਧਾਰੀ ਸਿੱਖ ਫੌਜੀਆਂ ਨੂੰ ਯਾਦ ਤਾਂ ਬਹੁਤ ਕੀਤਾ ਜਾਦਾਂ ਹੈ ਪਰ ਉਹਨਾਂ ਦੀਆਂ ਹੀ ਅਗਲੀਆਂ ਪੀੜ੍ਹੀਆਂ ਨੂੰ ਦਸਤਾਰ ਬੰਨਣ ਦੇ ਜਮਾਂਦਰੂ ਹੱਕ 'ਤੋ ਕਿਉਂ ਵਾਂਝਿਆ ਕੀਤਾ ਜਾ ਰਿਹਾ ਹੈ ? ਜਿਸਦਾ ਗੋਰਿਆਂ ਨੂੰ ਕੋਈ ਜਵਾਬ ਨਾਂ ਸੁਝਿਆ ।