ਮੋਗਾ ਵਿਖੇ ਭਾਈ ਲਾਲੋ ਦੀ ਫੁਲਵਾੜੀ ਵਿੱਚ ਜਨਮੇਂ ਪਿਤਾ ਮੇਜਰ ਸਿੰਘ ਮਾਤਾ ਮਨਜੀਤ ਕੌਰ ਦੇ ਘਰ ਦੇ ਰੌਸ਼ਨ ਚਿਰਾਗ ਮਨਿੰਦਰ ਨੇ ਵਿਸਰ ਰਿਹਾ ਲੋਕ ਨਾਚ' ਝੂਮਰ ' ਗਰੁੱਪ ਬਣਾ ਕੇ ਮੇਲਿਆਂ ਦੇ ਬਾਨੀ ਜਗਦੇਵ ਸਿੰਘ ਜਸੋਵਾਲ,ਗੁਰਭਜਨ ਗਿੱਲ ਤੇ ਨਿਰਮਲ ਜੌੜਾ ਦੇ ਉਤਸ਼ਾਹ ਨਾਲ ਦੇਸ਼ ਵਿਦੇਸ਼ 'ਚ ਅਨੇਕਾਂ ਪ੍ਰੋਗਰਾਮ ਕੀਤੇ। ਮਨਿੰਦਰ ਭੰਗੜਚੀ,ਭੰਗੜਾ ਕੋਚ,ਪੰਜਾਬੀ ਸੀਰੀਅਲਾਂ ਦਾ ਕਲਾਕਾਰ ਹੀ ਨਹੀਂ ਨਾਰਥ ਜੋਨ ਕਲਚਰ ਸੈਂਟਰ ਵੱਲੋਂ ਭੰਗੜੇ ਦੀ ਟੀਮ ਨਾਲ ਰਸ਼ੀਆ, ਮਲੇਸ਼ੀਆ,ਸਿੰਘਾਪੁਰ,ਥਾਈਲੈਂਡ,ਕਜ਼ਾਕਸਤਾਨ,ਸਾਊਥ ਅਫਰੀਕਾ ਆਦਿ ਮੁਲਕਾਂ ਵਿੱਚ ਬੋਲੀਆਂ ਪਾ ਆਇਆ ਹੈ ਅਤੇ ਇਸ ਦੀ ਆਪਣੀ ਅਵਾਜ ਵਿੱਚ ਵੀ ਕਈ ਗੀਤ ਰਿਕਾਰਡ ਹੋ ਚੁੱਕੇ ਹਨ। ਯਾਰਾਂ ਦਾ ਯਾਰ, ਮਿੱਤਰਾਂ ਲਈ ਕੁੱਝ ਨਾਂ ਕੁੱਝ ਚੰਗਾ ਕਰਦੇ ਰਹਿਣ ਵਾਲਾ ਮਨਿੰਦਰ ਹੁਣ ਤੱਕ ਪ੍ਰੋਡਕਸ਼ਨ ਮੈਨੇਜਰ,ਨਿਰੇਦਸ਼ਕ ਵਜੋਂ ਵੀ ਕਈ ਪ੍ਰੋਗਰਾਮ ਕਰ ਚੁੱਕਾ ਹੈ। ਗੱਲ ਕੀ ਮੋਗਾ ਜਾਂ ਨੇੜਲੇ ਜਿਲਿਆਂ'ਚ ਕੋਈ ਸ਼ੂਟਿੰਗ,ਸ਼ੋ ਜਾਂ ਸੱਭਿਆਚਾਰਕ ਪ੍ਰੋਗਰਾਮ ਹੋਵੇ ਭਾਵ ਫਸਿਆ ਗੱਡਾ ਕੱਢਣ ਲਈ ਯਾਦ ਕੀਤਾ ਜਾਂਦਾ ਹੈ। ਦੂਰਦਰਸ਼ਨ ਦੇ ਪ੍ਰੋਗਰਾਮ ਅਖਾੜਾ ਤੇ ਪੰਜਾਬੀ ਸੱਥ ਰਾਹੀਂ ਆਪਣੀ ਪ੍ਰਸਿੱਧੀ ਦੇ ਝੰਡੇ ਬੁਲੰਦ ਕਰਨ ਵਾਲਾ ਮਨਿੰਦਰ ਵਿਕਰਮਜੀਤ ਵਿੱਕੀ ਨੂੰ ਸੀਰੀਅਲਾਂ ਵਿੱਚ ਆਪਣਾਂ ਗੁਰੂ ਮੰਨਦਾ ਹੈ। ਗਾਇਕ ਗਿੱਲ ਹਰਦੀਪ ਦੇ ਛੱਲਾ ਅਤੇ ਹੰਸ ਰਾਜ ਹੰਸ,ਮਨਮੋਹਨ ਵਾਰਿਸ,ਰੌਸ਼ਨ ਪਿੰੰਸ ਆਦਿ ਦੇ ਗੀਤਾਂ 'ਚ ਵਧੀਆ ਭੂਮਿਕਾ ਨਿਭਾਉਣ ਵਾਲਾ ਮਨਿੰਦਰ ਹੁਣ ਤੱਕ ਦਿਲ ਦਰਿਆ ਤੇ ਸਟੂਪਿਡ ਸੈਵਨ ਆਦਿ ਵੱਡੇ ਬਜਟ ਦੀਆਂਪੰਜਾਬੀ ਫਿਲਮਾਂ ਵਿੱਚ ਵੀ ਯਾਦਗਰੀ ਭੂਮਿਕਾ ਨਿਭਾ ਚੁੱਕਾ ਹੈ। ਪੰਜਾਬੀ ਦੇ ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀਆਂ ਮੱਤਾਂ ਨੂੰ ਵੱਡੇ ਭਰਾ ਅਤੇ ਮਾਰਗ ਦਰਸ਼ਕ ਵੱਲੋਂ ਮਿਲੀ ਨਿਆਮਤ ਵਜੋਂ ਲੜ ਬੰਨ੍ਹ ਕੇ ਰੱਖਦੈ ਮਨਿੰਦਰ ਮੋਗਾ।ਦੂਰਦਰਸ਼ਨ ਦੇ ਸੀਰੀਅਲ ਸਿਉਂਕ ਦਾ ਪਟਾਕਾ ਸਿਪਾਹੀ ਵਜੋਂ ਹਿੱਟ ਰਿਹਾ ਮਨਿੰਦਰ ਮੋਗਾ ਸੱਭਿਆਚਾਰਕ ਸਖਸ਼ੀਅਤ ਵਜੋਂ ਚਰਚਿਤ ਹਨ। ਪੰਜਾਬੀ ਫਿਲਮਾਂ ,ਸੀਰੀਅਲ ,ਗੀਤ,ਸੰਗੀਤ,ਥੀਏਟਰ 'ਚ ਆਪਣੀ ਕਲਾ ਦੇ ਝੰਡੇ ਗੱਡਣ ਵਾਲੇ ਮਨਿੰਦਰ ਮੋਗਾ ਨੂੰ ਨੌਰਥ ਜੋਨ ਕਲਚਰਲ ਸੈਂਟਰ, ਐਨ.ਜੀ.ਓ ਤੇ ਪੰਜਾਬ ਦੇ ਵੱਡੇ ਵੱਡੇ ਸੱਭਿਆਚਾਰਕ ਮੇਲਿਆਂ 'ਚ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਜਾ ਚੁੱਕਾ ਹੈ। ਪਰ ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਮਨਿੰਦਰ ਸਭ ਤੋਂ ਵੱਡਾ ਸਨਮਾਨ ਦੱਸਦਾ ਹੈ। ਸ਼ਾਲਾ ਪੰਜਾਬੀ ਮਾਂ ਬੋਲੀ ਦਾ ਮੁਦਈ ਤੇ ਪੰਜਾਬੀ ਸੱਭਿਆਚਾਰ ਦਾ ਪਹਿਰੇਦਾਰ ,ਵਿਰਸੇ ਦਾ ਪ੍ਰਤੀਕ ਮਨਿੰਦਰ ਮੋਗਾ ਹੋਰ ਤਰੱਕੀਆਂ ਕਰੇ।
ਰਾਜਵਿੰਦਰ ਰੌਂਤਾ ਪਿੰਡ ਰੌਂਤਾ (ਮੋਗਾ)
98764 86187
ਮਨਿੰਦਰ ਮੋਗਾ ਪੰਜਾਬੀ ਸੱਭਿਆਚਾਰਕ ਹਲਕਿਆਂ ਵਿੱਚ ਜਾਣਿਆਂ ਪਹਿਚਾਣਿਆਂ ਨਾਮ ਹੈ। ਜੇ ਕਿਤੇ ਕਲਾ,ਸੱਭਿਆਚਾਰ ਦੀ ਗੱਲ ਚਲਦੀ ਹੈ ਤਾਂ ਮਨਿੰਦਰ ਮੋਗਾ ਕਹਿਣ ਤੇ ਅਗਲਾ ਝੱਟ ਕਹਿੰਦਾ 'ਭੰਗੜੇ ਵਾਲਾ'। ਮਨਿੰਦਰ ਮੋਗਾ ਪਹਿਲਾਂ ਫੁੱਟਬਾਲ ਦਾ ਚੰਗਾ ਖਿਡਾਰੀ ਸੀ ਉਹ ਸ਼ੌਂਕ ਵਜੋਂ ਭੰਗੜੇ ਵੱਲ ਆਇਆ ਕੁਲਵਿੰਦਰ ਬਿਜਲੀ ਬੋਰਡ ਤੋਂਭੰਗੜੇ ਦੇ ਗੁਰ ਸਿੱਖੇ। ਜੱਗੀ ਪੰਡਿਤ ਨੂੰ ਅਦਾਰਸ਼ ਮੰਨ ਕੇ ਮਨਿੰਦਰ ਭੰਗੜਾ ਪਾਉਂਦਾ ਪਾਉਂਦਾ ਕਰਮਪਾਲ ਢਿੱਲੋਂ(ਕਰਤਾਰਪੁਰ ) ਦੀ ਬਦੌਲਤ ਜਲੰਧਰ ਦੂਰਦਰਸ਼ਨ ਦੇ ਵਿਹੜੇ 'ਚ ਪਰਵੇਸ਼ ਕਰ ਗਿਆ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਦੂਰਦਰਸ਼ਨ ਦੇ ਚਰਚਿਤ ਰਹੇ ਸੀਰੀਅਲਾਂ ਸਿਉਂਕ , ਖੂਨ, ਉਹਦੀਆਂ ਉਹ ਜਾਣੇਂ ਆਦਿ ਰਾਹੀਂ ਚੰਗੀ ਪਛਾਣ ਬਣਾਈ। ਮਨਿੰਦਰ ਨੇ ਪ੍ਰੋਗਰਾਮ ਸੌਗਾਤ ਵਿੱਚ ਕਮੇਡੀਅਨ ਬਲਦੇਵ ਰਾਜ ਨਾਲ ਹਾਸ ਰਸ ਕਲਾਕਾਰ ਵਜੋਂ ਵੀ ਕਿਰਦਾਰ ਨਿਭਾਇਆ। ਗੱਲ ਕੀ ਮਨਿੰਦਰ ਘਰੋਂ ਅਜਿਹਾ ਨਿਕਲਿਆ ਕਿ ਕਲਾ ਤੇ ਵਿਰਸੇ ਨੂੰ ਸਮਰਪਤ ਹੋ ਗਿਆ। ਮੋਹ ਤੇ ਮਿਲਾਪੜੇ ਸੁਭਾਅ ਕਾਰਨ ਮਨਿੰਦਰ ਦਾ ਦਾਇਰਾ ਹੋਰ ਵਿਸ਼ਾਲ ਹੁੰਦਾ ਗਿਆ। ਸਿੱਖੀ ਸਰੂਪ ਵਾਲਾ ਹੋਣ ਕਾਰਨ ਇਹ ਉਸਦੀ ਵੱਖਰੀ ਪਛਾਣ ਹੈ ਵਿਸ਼ੇਸ ਤੌਰ ਤੇ ਸੀਰੀਅਲਾਂ,ਪੰਜਾਬੀ ਫਿਲਮਾਂ,ਗੀਤਾਂ 'ਚ ਉਹ ਪੇਂਡੂ ਲਹਿਜੇ ਵਿੱਚ ਬਹੁਤ ਜੱਚਦਾ ਹੈ। ਉਹ ਹਰ ਤਰਾਂ ਦੇ ਰੋਲ ਵਿੱਚ ਜਾਨ ਪਾਉਣ ਦੇ ਸਮਰੱਥ ਹੈ। ਕਲਾ ਦੀਆਂ ਬਰੀਕੀਆਂ ਲਈ ਕਾਮਯਾਬੀ ਦਾ ਸਿਹਰਾ ਥੀਏਟਰ ਕਲਾਕਾਰ ਵਿਨੋਦ ਮਹਿਰਾ ਨੂੰ ਦਿੰਦਾ ਹੈ।