“ ਅਨਮੋਲ ਹੀਰੇ “
ਟਾਂਵੇ-ਟਾਂਵੇ ਇਨਸ਼ਾਨ ਹਨ ਜਿੰਨਾਂ ਦੀ ਯਾਦਦਸਤ ਬਹੁਤ ਤੱਕੜੀ ਹੁੰਦੀ ਹੈ। ਉਹ ਇੱਕ ਵਾਰ ਪੜ੍ਹੀ ਸੁਣੀ ਤੇ ਅੱਖੀਂ ਵੇਖੀ ਗੱਲ ਨੂੰ ਨਹੀਂ ਭੁੱਲਦੇ, ਉਨ੍ਹਾਂ ਵਿਅਕਤੀਆਂ ਕੋਲ ਹੀ ਅਥਾਹ ਗਿਆਨ ਦਾ ਭੰਡਾਰ ਇਕੱਠਾ ਕੀਤਾ ਹੁੰਦਾ ਹੈ। ਉਹ ਵੀ ਦੋ ਪ੍ਰਕਾਰ ਦੇ ਇਨਸ਼ਾਨ ਹੁੰਦੇ ਹਨ, ਇੱਕ ਉਹ ਜੋ ਗਿਆਨ ਹਾਸਲ ਤਾਂ ਕਰ ਲੈਂਦੇ ਹਨ ਪਰ ਆਪਣੇ ਕੋਲ ਹੀ ਰੱਖਦੇ ਹਨ ਅੱਗੇ ਵੰਡਣਾ ਚੰਗਾ ਨਹੀਂ ਸਮਝਦੇ। ਇੱਕ ਉਹ ਇਨਸ਼ਾਨ ਹੁੰਦੇ ਹਨ ਜੋ ਅਥਾਹ ਗਿਆਨ ਦਾ ਭੰਡਾਰ ਹਨ ਅਤੇ ਉਹ ਹਮੇਸ਼ਾ ਸੁੱਤੇ ਲੋਕਾਂ ਨੂੰ ਜਾਗਰਤ ਕਰਨ ਲਈ ਸਦਾ ਗਿਆਨ ਵੰਡਦੇ ਰਹਿੰਦੇ ਹਨ। ਇੰਨ੍ਹਾਂ ਗਿਆਨ ਵੰਡਣ ਵਾਲਿਆਂ ਵਿੱਚ ਇੱਕ ਨਾਂ ਆਉਂਦਾ ਹੈ ਜਿਸ ਕੋਲ ਅਥਾਹ ਗਿਆਨ ਹੈ, ਕੁੱਜੇ 'ਚ ਸਮੁੰਦਰ ਬੰਦ ਕਰ ਦੇਣ ਵਾਲੇ ਦਾ ਨਾਂ ਹੈ ਓਮ ਪ੍ਰਕਾਸ ਗਾਸੋ।
ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਜਨਮ 9 ਅਪ੍ਰੈਲ 1933 ਨੂੰ ਮਾਤਾ ਉਤਮੀ ਦੇਵੀ ਦੀ ਕੁੱਖੋਂ, ਪਿਤਾ ਗੋਪਾਲ ਦਾਸ ਦੇ ਘਰ, ਦਾਦੀ ਰਾਧਾ ਤੇ ਦਾਦਾ ਸਦਾ ਨੰਦ ਦੇ ਵਿਹੜੇ, ਬਰਨਾਲੇ ਵਿਖੇ ਹੋਇਆ। ਜਗਨ ਨਾਥ ਤੇ ਕ੍ਰਿਸ਼ਨ ਦਾਸ ਦੋ ਹਰਮਨ ਪਿਆਰੇ ਛੋਟੇ ਭਰਾ ਨੇ ਸ਼੍ਰੀਮਤੀ ਸੱਤਿਆ ਦੇਵੀ ਨੂੰ ਘਰ ਦੀ ਪਟਰਾਣੀ ਬਣਾਇਆ ਅਤੇ ਰਮੇਸ਼ ਸੰਤੋਸ਼, ਸੁਦਰਸ਼ਨ, ਹਰਬਿਮਲ ਤੇ ਰਵੀ ਦਾ ਪਿਤਾ ਬਣਿਆ।
ਗਾਸੋ ਨੂੰ ਮੁੱਢਲੀ ਵਿੱਦਿਆ ਸਾਧਾਂ ਦੇ ਡੇਰਿਆਂ ਰਿਸਿ-ਕੁਲਾਂ ਅਤੇ ਪਾਠਸ਼ਾਲਾਵਾਂ ਵਿੱਚ ਹੰਢਿਆਏ ਦੇ ਡੇਰੇ ਸੰਸਕ੍ਰਿਤ ਪੜ੍ਹਨ ਲਈ ਪਾਇਆ, ਸੇਖੂ ਪਿੰਡ ਵੀ ਪੜ੍ਹਿਆ ਅਤੇ ਦਸਵੀਂ ਤੱਕ ਬਰਨਾਲਾ ਵਿਖੇ ਪੜ੍ਹਿਆ। ਸੰਨ 1953-54 ਵਿੱਚ ਮਦਰਾਸ ਦੇ ਵਾਈ. ਐਮ. ਸੀ. ਏ. ਕਾਲਜ ਫਾਰ ਫਿਜ਼ੀਕਲ ਐਜ਼ੂਕੇਸ਼ਨ ਤੋਂ ਫਿਜ਼ੀਕਲ ਐਜ਼ੂਕੇਸ਼ਨ ਟੀਚਰ ਦਾ ਸੀ. ਪੀ. ਐਡ. ਦਾ ਕੋਰਸ ਕੀਤਾ ਤੇ ਮਿਡਲ ਸਕੂਲ ਮੌੜ (ਤਪਾ) ਅਧਿਆਪਕ ਲੱਗ ਗਿਆ ਅਤੇ 1 ਮਈ 1991 ਨੂੰ ਸਰਕਾਰੀ ਹਾਈ ਸਕੂਲ ਚੀਮਾ ਜੋਧਪੁਰ (ਬਰਨਾਲਾ) ਤੋਂ ਸੇਵਾ ਮੁਕਤ ਹੋਏ। ਉਹਨਾਂ ਨੇ ਪੰਜਾਬੀ ਹਿੰਦੀ ਦੀ ਐਮ. ਏ. ਫਿਲ. ਕੀਤੀ।
ਨਾਵਲਕਾਰ ਗਾਸੋ ਨੇ ਜ਼ਿੰਦਗੀ ਦਾ ਪ੍ਰਭਾਵ ਕਬੂਲ ਦਿਆਂ 1947 ਤੋਂ ਲਿਖਣਾ ਸ਼ੁਰੂ ਕੀਤਾ। ਉਹ ਬਹੁ-ਪੱਖੀ, ਬਹੁ-ਭਾਸ਼ਾਈ ਨਵੇਂ ਵਿਸ਼ਿਆਂ ਨੂੰ ਛੂਹਣ ਵਾਲੇ ਲੇਖਕ ਹਨ। ਜਿੱਥੇ ਗਾਸੋ ਸਾਹਿਬ ਦੇ ਪੜ੍ਹਾਏ ਵਿਅਕਤੀ ਉੱਚੀਆਂ ਪਦਵੀਂਆਂ ਤੇ ਬਿਰਾਜਮਾਨ ਹਨ ਉੱਥੇ ਸਾਹਿਤਕ ਖੇਤਰ ਵਿੱਚ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਆਏ ਸਾਹਿਤਕਾਰ ਵੀ ਉੱਚੇ ਉਠਕੇ ਮਾਂ ਬੋਲੀ ਦਾ ਮਾਣ ਵਧਾ ਰਹੇ ਹਨ। ਗਾਸੋ ਸਾਹਿਬ ਨਵੇਂ ਲੇਖਕਾਂ ਨੂੰ ਹਮੇਸ਼ਾ ਉਤਸਾਹ ਦਿੰਦੇ ਹਨ। ਉਨ੍ਹਾਂ ਦੀ ਪਛਾਣ ਸਾਦਾ ਪਹਿਰਾਵਾ ਤੇ ਕੋਲ ਛੋਟਾ ਜਿਹਾ ਝੋਲਾ ਵੇਖ ਕੇ ਹਜਾਰਾਂ ਬੰਦਿਆਂ ਵਿੱਚ ਦੂਰ ਤੋਂ ਉਨ੍ਹਾਂ ਦੀ ਪਛਾਣ ਆ ਜਾਂਦੀ ਹੈ ਕਿ ਉਹ ਨਾਵਲਕਾਰ ਓਮ ਪ੍ਰਕਾਸ਼ ਗਾਸੋ ਹੈ। ਐਡਾ ਵੱਡਾ ਸਾਹਿਤ ਦਾ ਥੰਮ ਹੋਣ ਦੇ ਬਾਵਜੂਦ ਉਨ੍ਹਾਂ ਵਿੱਚ ਭੋਰਾ ਵੀ ਗੁਮਾਨ ਨਹੀਂ। ਬੜੀ ਪਿਆਰੀ ਮਿੱਠੀ ਬੋਲੀ ਦਾ ਮਾਲਕ ਸਦਾ ਹੱਸਦੇ ਦਾ ਹੱਸਦਾ। ਇੱਕ ਗਾਸੋ ਸਾਹਿਬ ਟਾਇਮ ਦੇ ਬਹੁਤ ਪਾਬੰਧ ਹਨ, ਜਿੰਨ੍ਹਾਂ ਸਟੇਜ ਸੈਕਟਰੀ ਟਾਇਮ ਦੇਵੇ, ਉਸ ਤੋਂ ਇੱਕ ਮਿੰਟ ਵੀ ਵੱਧ ਨਹੀਂ ਲਾਉਂਦੇ , ਆਪਣੀ ਗੱਲ ਉਨੇ ਸਮੇਂ 'ਚ ਹੀ ਕਰਕੇ ਮਾਈਕ ਛੱਡ ਦਿੰਦੇ ਹਨ।
ਗਾਸੋ ਸਾਹਿਬ ਜੀ ਦੀਆਂ ਮੈਂ ਕੁਝ ਕੁ ਕਿਤਾਬਾਂ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਪੜ੍ਹੀਆਂ ਹਨ। ਕਿਤਾਬ ਪੜ੍ਹਨ ਲੱਗ ਜਾਵੋ ਕਦੇ ਅਕੇਵਾਂ-ਥਕੇਵਾਂ ਨਹੀਂ ਆਉਂਦਾ ਸਗੋਂ ਥਕੇਵਾਂ ਲਾਹ ਸੁੱਟਦੀ ਹੈ। ਪਾਠਕ ਇੱਕ ਵਾਰ ਉਹਨਾਂ ਦੀ ਕਿਤਾਬ ਪੜ੍ਹਨ ਲੱਗ ਜਾਵੇ ਤਾਂ ਪੂਰੀ ਪੜ੍ਹਕੇ ਕੇ ਦਮ ਭਰਦਾ ਹੈ, ਕਿਉਂਕਿ ਲਿਖਤ ਉਨ੍ਹਾਂ ਦੀ ਨਿਰਾ ਸਹਿਦ ਹੈ। ਬੜੀ ਡੂੰਘੀ ਗੱਲ ਕਰਦੇ ਹਨ। ਬਹੁਤ ਗਿਆਨ ਮਿਲਦਾ ਹੈ ਉਨ੍ਹਾਂ ਦੀ ਲਿਖਤ ਵਿੱਚੋਂ ਕਈ ਤਾਂ ਉਨ੍ਹਾਂ ਦੀਆਂ ਕਿਤਾਬਾਂ ਵਿੱਚੋਂ ਅਜਿਹੀਆਂ ਗੱਲਾਂ ਲੱਭਦੀਆਂ ਹਨ ਜਿਹੜੀਆਂ ਕਦੇ ਵੇਖੀਆਂ ਸੁਣੀਆਂ ਵੀ ਨਹੀਂ ਹੁੰਦੀਆਂ। ਪੜ੍ਹਕੇ ਹੈਰਾਨ ਰਹਿ ਜਾਈਦਾ ਹੈ।
ਗਾਸੋ ਸਾਹਿਬ ਜਿਵੇਂ ਸਾਦਾ ਪਹਿਰਾਵਾ ਰੱਖਦੇ ਹਨ ਉਵੇਂ ਸੱਚ ਬੋਲਣ ਤੋਂ ਵੀ ਝਿਜਕਦੇ ਨਹੀਂ, ਸੱਚੀ ਗੱਲ ਉਹ ਮੂੰਹ ਤੇ ਆਖ ਹੀ ਦਿੰਦੇ ਹਨ। 'ਨਦੀ ਦਾ ਨਾਦ' ਪੁਸਤਕ ਉਨ੍ਹਾਂ ਦਾ ਸਵੈ-ਜੀਵਨੀ ਹੈ। ਜਿਸ ਵਿੱਚ ਉਨ੍ਹਾਂ ਦੀਆਂ ਆਪ ਬੀਤੀਆਂ ਜ਼ਿੰਦਗੀ ਦਾ ਸੱਚ, ਵਾਪਰੀਆਂ ਘਟਨਾਵਾਂ ਦੱਸੀਆਂ ਹਨ। ਪੁਸਤਕ ਪੜ੍ਹ ਕੇ ਪਾਠਕ ਹੈਰਾਨ ਹੀ ਰਹਿ ਜਾਂਦਾ ਹੈ। ਨਸ਼ਿਆ ਤੋਂ ਉਹ ਹਮੇਸ਼ਾ ਦੂਰ ਹੀ ਰਹੇ ਹਨ ਪਰ ਘਿਓ ਉਹ ਘਰ ਲੜਾਈ ਕਰਕੇ ਵੀ ਖਾ ਜਾਂਦੇ ਹਨ। ਗਾਸੋ ਸਾਹਿਬ ਅੱਸੀਆਂ ਨੂੰ ਢੁੱਕ ਚੱਲੇ ਹਨ, ਅਜੇ ਤੱਕ ਸਰੀਰ ਨੂੰ ਕੋਈ ਬਿਮਾਰੀ ਨਹੀਂ ਬਿਲਕੁੱਲ ਤੰਦਰੁਸਤ ਹਨ। ਅਜੇ ਪੂਰੀ ਰਫਤਾਰ ਨਾਲ ਲਿਖ ਰਹੇ ਹਨ। ਬਿਲਕੁਲ ਅੱਕਦੇ-ਥੱਕਦੇ ਨਹੀਂ।
ਮਾਂ ਬੋਲੀ ਦੇ ਅਨਮੁੱਲੇ ਹੀਰੇ ਦਾ ਅਜੇ 10 ਕਿਤਾਬਾਂ ਹੋਰ ਲਿਖਣ ਦਾ ਟੀਚਾ ਹੈ। ਪੰਜ ਸੌ ਦਰਖਤ ਲਾਉਣ ਦੀ ਵਿਚਾਰ ਕਰਦੇ ਹਨ ਉਨ੍ਹਾਂ ਵਿੱਚੋਂ ਦੋ ਸੌ ਪੌਦਾ ਗੁਲਾਬ ਦਾ ਲਾਉਣ ਨੂੰ ਕਹਿੰਦੇ ਹਨ। ਕਿਉਂਕਿ ਉਨ੍ਹਾਂ ਨੇ ਉਮਰ ਨੂੰ ਸੋਹਣੀ ਸੁਗਾਤ ਸਿਫਤ ਬਣਾ ਕੇ ਤੁਰਨ ਦੀ ਚੇਟਕ ਲਾਈ ਹੈ। ਚਾਨਣ ਦੇ ਵਣਜਾਰੇ ਨੇ ਮਾਨਵਵਾਦੀ ਇਸ਼ਕ ਦੀ ਇਬਾਰਤ ਲਿਖਣ ਦਾ ਰੰਗ ਚੜਾਇਆ ਹੈ।
ਨਾਵਲਕਾਰ ਦੀਆਂ ਕਿਤਾਬਾਂ ਦੀ ਲਿਸਟ ਬਹੁਤ ਲੰਬੀ ਹੈ। ਨਾਵਲ 'ਤੁਰਦਿਆਂ-ਤੁਰਦਿਆਂ', 'ਚਿੱਤਰ ਬਚਿੱਤਰਾ', 'ਤੱਤੀ ਹਵਾ', 'ਮੌਤ ਦਰ ਮੌਤ', 'ਘਰਕੀਣ', 'ਲੋਹੇ ਲਾਖੇ', 'ਅਧੂਰੇ ਖਤ ਦੀ ਇਬਾਰਤ', 'ਬੁਝ ਰਹੀ ਬੱਤੀ ਦਾ ਚਾਨਣ', 'ਤਾਂਬੇ ਦਾ ਰੰਗ', 'ਬੰਦ ਗਲੀ ਦੇ ਬਾਸ਼ਿੰਦੇ', 'ਰੱਤਾ ਥੇਹ', 'ਸੁਪਨੇ ਤੇ ਸੰਸਕਾਰ', 'ਪੰਚਨਾਦ', 'ਆਸ ਅੱਥਰੂ', 'ਕੱਪੜਵਾਸ', 'ਮਿੱਟੀ ਦਾ ਮੁੱਲ', 'ਇਤਫਾਕ', ਹਿੰਦੀ ਨਾਵਲ 'ਮਨੁਸਧ ਕੀ ਆਂਖੇ', 'ਬਿਖਰੀ ਬਿਖਰੀ ਬਾਤੇਂ', 'ਹਿੰਦੀ ਕਵਿਤਾ 'ਪੂਰਵਿਕਾ', 'ਰਾਜ ਮਾਰਗ', 'ਨੀਮ ਕੀ ਛਾਇਆ ਤਲੇ', 'ਭੀਗੀ ਗਲੀਆਂ ਬਿਖਰਾ ਕਾਂਚ', ਪੰਜਾਬੀ ਕਵਿਤਾ 'ਕਿੱਥੇ ਹੈ ਆਦਮੀ', 'ਸੰਸਕ੍ਰਿਤੀ ਤੇ ਸੱਭਿਆਚਾਰ', 'ਜ਼ਿੰਦਗੀ ਦੀ ਸੁਗਾਤ', 'ਅਰਥਾਤ', 'ਮਲਵਈ ਸੱਭਿਆਚਾਰ', 'ਪੰਜਾਬੀ ਸੱਭਿਆਚਾਰ', 'ਪੰਜਾਬੀ ਦਿੱਖ ਦੇ ਦਰਸ਼ਨ', 'ਦਿਸਹੱਦਿਆਂ ਦੀ ਦਾਸਤਾ' ਆਦਿ।
ਗਾਸੋ ਸਾਹਿਬ ਜੀਆਂ ਨੂੰ ਮਿਲੇ ਇਨਾਮਾਂ ਦੀ ਲਿਸਟ ਵੀ ਲੰਬੀ ਹੈ ਜਿੰਨ੍ਹਾਂ ਵਿੱਚ ਕੁਝ ਕੁ ਇਸ ਪ੍ਰਕਾਰ ਹਨ:- 'ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ', 'ਬੁਝ ਰਹੀ ਬੱਤੀ ਦਾ ਚਾਨਣ', ਪਰਛਾਵੇਂ ਟੀ.ਵੀ. ਸ਼ੀਰੀਅਲ', ਸਾਹਿਤਕ ਸੰਗਮ ਦਿੱਲੀ ਪੁਰਸਕਾਰ', ਪ੍ਰੋ: ਮੋਹਨ ਸਿੰਘ ਐਵਾਰਡ', ਨਾਵਲਕਾਰ ਨਾਨਕ ਸਿੰਘ ਪੁਰਸਕਾਰ', 'ਭਾਈ ਮੋਹਨ ਸਿੰਘ ਵੈਦ ਪੁਰਸਕਾਰ', 'ਬਲਰਾਜ ਸਾਹਨੀ ਪੁਰਸਕਾਰ', 'ਕਹਾਣੀਕਾਰ ਸੁਦਦਰਸ਼ਨ ਪੁਰਸਕਾਰ', ਧਾਲੀਵਾਲ ਪੁਰਸਕਾਰ', 'ਸੰਤ ਅਤਰ ਸਿੰਘ ਘੁੰਨਸ ਪੁਰਸਕਾਰ' ਆਦਿ।
ਨਾਵਲਕਾਰ ਓਮ ਪ੍ਰਕਾਸ਼ ਗਾਸੋ ਅੱਜ ਵੱਡੇ ਪੁਰਸਕਾਰਾਂ ਦਾ ਹੱਕਦਾਰ ਹੈ ਜਿਵੇਂ ਸਰਸਵਤੀ ਪੁਰਸਕਾਰ, ਪੰਜਾਬ ਰਤਨ ਐਵਾਰਡ, ਗਿਆਨ ਪੀਠ ਐਵਾਰਡ ਆਦਿ। ਵੇਖੋ ਪਾਰਖੂ ਅੱਖ ਕਦੋਂ ਖੁਲ੍ਹਦੀ ਹੈ। ਅਸੀਂ ਦੁਆ ਕਰਦੇ ਹਾਂ ਕਿ ਚਾਨਣ ਦੇ ਵਣਜਾਰੇ ਪ੍ਰਸਿੱਧ ਨਾਵਲਕਾਰ ਨੂੰ ਘੱਟੋ-ਘੱਟ 20 ਸਾਲ ਹੋਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਪੂਰੇ ਸੌ ਸਾਲ ਦਾ ਹੋ ਜਾਵੇ। ਬਹੁਤ ਹੀ ਆਸਾ ਤੇ ਦੁਆਵਾਂ ਨਾਲ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682
