ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਸੋਸ਼ਲਿਸਟ ਪਾਰਟੀ ਐਸ ਪੀ ਏ ਦੀ ਟਿਕਟ 'ਤੇ ਬਰਿੰਗਨ 'ਤੋਂ ਚੋਣ ਰਹੇ ਮਿ ਅਹਿਮਤ ਕੁੱਕ ਜੋ ਤੁਰਕੀ ਮੂਲ ਦੇ ਹਨ ਨੇ ਬੀਤੇ ਦਿਨੀ ਸਿੰਤਰੂਧਨ ਅਤੇ ਹੁਪਰਤਿੰਗਨ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਹੱਕਾਂ ਦੀ ਰਾਖੀ ਲਈ ਖੁਦ ਸਿਆਸਤ ਵਿੱਚ ਸਰਗਰਮ ਭੂਮਿਕਾ ਨਿਭਾਉਣ ।
ਮਿਸਟਰ ਕੁੱਕ ਨੇ ਸੋਸ਼ਲਿਸਟ ਪਾਰਟੀ ਨੂੰ ਵੋਟਾਂ ਦੀ ਅਪੀਲ ਕਰਦਿਆਂ ਹੋਕਾ ਦਿੱਤਾ ਕਿ ਤੁਹਾਡੀ ਅਪਣੀ ਬੱਚੀ ਪ੍ਰੀਤੀ ਕੌਰ ਵੀ ਇਸ ਪਾਰਟੀ ਵੱਲੋਂ ਉਮੀਦਵਾਰ ਹੈ ਅਤੇ ਹੁਣ ਮਿਲਿਆ ਹੋਇਆ ਇਹ ਮੌਕਾ ਹੱਥੋਂ ਨਾ ਗਵਾ ਦੇਣਾ । ਉਹਨਾਂ ਕਿਹਾ ਬੈਲਜ਼ੀਅਮ ਵਿੱਚ ਵੀ ਕੁੱਝ ਪਾਰਟੀਆਂ ਵਿਦੇਸ਼ੀਆਂ ਨੂੰ ਨਸਲੀ ਨਫਰਤ ਕਰਦੀਆਂ ਹੋਈਆਂ ਇਹਨਾਂ ਦੀ ਧਾਰਮਿਕ ਪਹਿਚਾਣ ਨੂੰ ਮਲੀਆਮੇਟ ਕਰਨ ਹਿੱਤ ਨਵੇਂ ਕਾਨੂੰਨ ਬਣਾ ਕੇ ਗੁਲਾਮ ਬਣਾਉਣ ਦੀ ਤਾਕ ਵਿੱਚ ਹਨ ਜਿਵੇਂ ਸਿੱਖਾਂ ਦੀ ਦਸਤਾਰ ਅਤੇ ਮੁਸਲਮਾਨਾਂ ਦੇ ਬੁਰਕੇ ਤੇ ਪਾਬੰਦੀ ਇਸ ਦੀ ਪ੍ਰਤੱਖ ਮਿਸਾਲ ਹੈ । ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਿ ਕੁੱਕ ਨੇ ਕਿਹਾ ਕਿ ਅਪਣੇ ਹੱਕਾਂ ਦੀ ਰਾਖੀ ਲਈ ਅਪਣੇ ਨੁੰਮਾਇਦੇਂ ਚੁੱਣ ਕੇ ਪਾਰਲੀਮੈਂਟ ਵਿੱਚ ਜਰੂਰ ਭੇਜੋ ਤਾਂ ਕਿ ਸਾਡੇ ਬੱਚਿਆਂ ਨੂੰ ਧਾਰਮਿਕ ਚਿੰਨਾਂ 'ਤੇ ਪਾਬੰਦੀ ਦੀ ਆੜ ਹੇਠ ਪੜਾਈ ਤੋਂ ਵਾਝਿਆਂ ਕਰਨ ਦੀ ਸਾਜ਼ਿਸ ਨੂੰ ਮੂੰਹ ਤੋੜਵਾਂ ਜਵਾਬ ਦੇ ਸਕੀਏ । ਇਸ ਇਕੱਠ ਨੂੰ ਜਗਦੀਸ਼ ਸਿੰਘ ਗਰੇਵਾਲ, ਸਿੰਤਰੂਧਨ 'ਤੋਂ ਸੰਸਦੀ ਉਮੀਦਵਾਰ ਪ੍ਰੀਤੀ ਕੌਰ ਅਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਭੋਗਲ ਨੇ ਵੀ ਸੰਬੋਧਨ ਕੀਤਾ ਅਤੇ ਮਿਸਟਰ ਕੁੱਕ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਇਹਨਾਂ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ।
