ਸਿੱਖਜ਼ ਫਾਰ ਫਰੀਡਮ ਦੇ ਬੈਨਰ ਹੇਠ ਹੋਵੇਗਾ ਯੂਰਪੀਨ ਪਾਰਲੀਮੈਂਟ ਅੱਗੇ ਰੋਸ ਭਾਰੀ ਰੋਸ ਮੁਜਾਹਰਾ

ਪੰਥਕ ਜਥੇਬੰਦੀਆਂ ਦੀ ਬਰੱਸਲਜ਼ ਵਿਖੇ ਹੋਈ ਅਹਿਮ ਇਕੱਤਰਤਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )  ਯੂਰਪ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਅਹਿਮ ਇਕੱਤਰਤਾ ਯੂਰਪ ਦੀ ਰਾਜਧਾਨੀ ਬਰੱਸਲਜ਼ ਦੇ ਵਿਲਵੋਰਦੇ ਇਲਾਕੇ ਵਿੱਚ ਸਥਿਤ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿੱਖੇ ਹੋਈ । ਮੀਟਿੰਗ ਵਿੱਚ ਜੂਨ 1984 ਦੀ 30ਵੀਂ ਵਰੇਗੰਢ ਮੌਕੇ ਯੂਰਪੀਨ ਯੁਨੀਅਨ ਅੱਗੇ ਸਿੱਖ ਕਤਲੇਆਮ ਬਾਰੇ ਕੀਤੇ ਜਾਣ ਵਾਲੇ ਭਾਰੀ ਰੋਸ ਮੁਜਾਹਰੇ ਦੀ ਤਿਆਰੀ ਬਾਰੇ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਜਰਮਨੀ 'ਤੋ ਜਥੇਦਾਰ ਰੇਸ਼ਮ ਸਿੰਘ ਮੁੱਖ ਸੇਵਾਦਾਰ ਬੱਬਰ ਖਾਲਸਾ ਜਰਮਨੀ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਪ੍ਰਤਾਪ ਸਿੰਘ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਰਮਨੀ ਦੇ ਮੁੱਖੀ ਭਾਈ ਸੋਹਣ ਸਿੰਘ ਕੰਗ, ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੁਖਵਿੰਦਰ ਸਿੰਘ ਜਰਮਨੀ, ਬੈਲਜ਼ੀਅਮ ਦੇ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਅਮਰੀਕ ਸਿੰਘ ਮੀਕਾ, ਭਾਈ ਪ੍ਰਮਜੀਤ ਸਿੰਘ ਪੰਮਾਂ, ਬਖਤਾਵਰ ਸਿੰਘ ਬਾਜਵਾ, ਭਾਈ ਗੁਰਮੀਤ ਸਿੰਘ, ਭਾਈ ਜਸਵੀਰ ਸਿੰਘ ਅਤੇ ਗੁਰਮੁੱਖ ਸਿੰਘ ਹੋਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਵਿਚਾਰ ਵਟਾਂਦਰੇ ਬਾਅਦ ਤੋਂ ਇਹਨਾਂ ਪੰਥਕ ਆਗੂਆਂ ਨੇ ਐਲਾਨ ਕੀਤਾ ਕਿ ਯੂਰਪੀਨ ਪਾਰਲੀਮੈਂਟ ਅੱਗੇ ਰੋਸ ਮੁਜਾਹਰਾ ਸ਼ਨਿੱਚਰਵਾਰ 14 ਜੂਨ ਨੂੰ ਕੀਤਾ ਜਾਵੇਗਾ ਅਤੇ ਸੁਕਰਵਾਰ 13 ਜੂਨ ਨੂੰ ਸਿੱਖਾਂ ਦਾ ਇੱਕ ਵਫਦ ਵੱਲੋਂ ਯੂਰਪੀਨ ਯੁਨੀਅਨ ਦੇ ਵਿਦੇਸ਼ ਮਾਮਲਿਆਂ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇੱਕ ਮੈਮੋਰੰਂਡਮ ਦਿੱਤਾ ਜਾਵੇਗਾ ਜਿਸ ਵਿੱਚ ਦੱਸਿਆ ਜਾਵੇਗਾ ਕਿ ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਸਿਫਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਵਾਰਿਆਂ ਵਿੱਚ ਭਾਰਤੀ ਸੈਨਿਕਾਂ ਵੱਲੋਂ ਵਰਤਾਏ ਗਏ ਕਹਿਰ ਨੂੰ ਯਾਦ ਕਰ ਅੱਜ ਵੀ ਇਨਸਾਨੀਅਤ ਕੰਬ ਉਠਦੀ ਹੈ ਕਿ ਕਿਵੇਂ ਇੱਕ ਮਰੀ ਪਈ ਮਾਂ ਦੇ ਕੋਲ ਪਏ ਜਿੰਦਾਂ ਮਾਸੂਮ ਬੱਚੇ ਨੂੰ ਸ਼ਰਾਬੀ ਫੌਜੀ ਲੱਤੋਂ ਫੜ ਲਾਸਾਂ ਦੇ ਢੇਰ ਤੇ ਵਗਾਹ ਮਾਰਦੇ ਸਨ । ਚਸ਼ਮਦੀਦ ਗਵਾਹਾਂ ਦੇ ਬਿਆਨ ਨੱਥੀ ਕਰ ਇਹ ਵੀ ਬਿਆਨਿਆ ਜਾਵੇਗਾ ਕਿ ਕਿੰਂਝ ਅੱਤ ਦੀ ਗਰਮੀ ਵਿੱਚ ਤਸੱਦਦ ਦਾ ਸ਼ਿਕਾਰ ਬਜੁਰਗ ਪਾਣੀ ਦੀ ਬੂੰਦ ਨੂੰ ਤਰਸਦੇ ਹੋਏ ਜਹਾਨੋ ਤੁਰ ਗਏ । ਇਹ ਵਰਤਾਰਾ ਅੱਜ ਵੀ ਨਵੇਂ ਤਰੀਕਿਆਂ ਨਾਲ ਜਾਰੀ ਹੈ ਜਿਵੇਂ ਸਿੱਖ ਨੌਜਵਾਨੀ ਨੂੰ ਨਸ਼ਿਆਂ ਦੇ ਗੁਲਾਮ ਬਣਾ ਆਰਥਿਕ,ਸਮਾਜਿਕ ਅਤੇ ਸਰੀਰਕ ਪੱਖੋਂ ਹੌਲੀ-ਹੌਲੀ ਖਤਮ ਕਰਨ ਵਰਗੇ ਯੋਜਨਾਵੱਧ ਤਰੀਕੇ ਹਨ ।
ਹਾਜਰ ਸਿੱਖ ਆਗੂਆਂ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਅਣਮਨੁੱਖੀ ਕਤਲੇਆਮ ਜਿਸਨੂੰ ਸਿੱਖ ਕੌਂਮ 84 ਦੇ ਘੱਲੂਘਾਰੇ ਵੱਜੋਂ ਅਪਣੇ ਸੀਨਿਆਂ ਵਿੱਚ ਸਮੋਈ ਬੈਠੀ ਹੈ ਦੇ ਇਨਸਾਫ ਲਈ ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਹ ਰੋਸ ਮੁਜਾਹਰਾ ਸਿੱਖਜ਼ ਫਾਰ ਫਰੀਡਮ ਦੇ ਬੈਨਰ ਹੇਠ ਵੱਡੇ ਪੱਧਰ ਤੇ ਕੀਤਾ ਜਾਵੇਗਾ ।