ਪੰਜਾਬ 'ਚ ਨਸ਼ਿਆਂ ਨੇ ਲੱਕੋਂ ਲਿਆ ਅਕਾਲੀ ਦਲ

 ਅਕਾਲੀ ਦਲ ਨੂੰ "ਆਪ" ਨੇਂ ਨਹੀਂ ਸਗੋਂ ਆਪਣਿਆਂ ਨੇ ਮਾਂਜਿਆ
ਨਿਹਾਲ ਸਿੰਘ ਵਾਲਾ /ਬਿਲਾਸਪੁਰ(ਮਿੰਟੂ ਖੁਰਮੀਂ ਹਿੰਮਤਪੁਰਾ) - ਜੁੰਮਾਂ ਜੁੰਮਾਂ ਚਾਰ ਦਿਨ ਹੋਏ ਹਨ ਲੋਕ ਸਭਾ ਵਿੱਚ ਅਕਾਲੀ ਦਲ ਦੀ ਹਾਰ ਨੂੰ, ਜਿਸ ਵਿੱਚ ਸੱਤਾ ਦੇ ਸਾਹ ਅਸਵਾਰ ਅਕਾਲੀ - ਭਾਜਪਾ ਦੇ ਵੋਟ ਬੈਂਕ  ਨੂੰ 20%ਦੇ ਲੱਗਭੱਗ  ਖੋਰਾ ਲੱਗਿਆ ਹੈ ,ਜਿਸ ਨੂੰ ਲੈਕੇ ਫੱਟ ਖਾਧੇ ਸ਼ੇਰ ਵਾਂਗ  ਭਮੰਤਰੀ ਹੋਈ ਸੀਨੀਅਰ ਅਕਾਲੀ ਲੀਡਰਸ਼ਿੱਪ ਸਦਮੇਂ ਵਿੱਚ ਹੈ ਅਤੇ ਉਹ ਆਪਣੀ ਹੋਈ ਹਾਰ ਦਾ ਭਾਂਡਾ ਵੱਖ ਵੱਖ ਧਿਰਾਂ ਤੇ ਭੰਨ ਰਹੀ ਹੈ ਪਰ ਜੇਕਰ ਜਰਾ ਕੁ ਦਿਮਾਗ ਤੇ ਜੋਰ ਪਾ ਕੇ ਸੋਚਿਆ ਜਾਵੇ ਤਾਂ ਇਸ ਹਾਰ ਲਈ ਲੋਕਾਂ ਦਾ ਆਮ ਆਦਮੀਂ ਪਾਰਟੀ ਪ੍ਰਤੀ ਹੋਇਆ ਉਭਾਰ ਨਹੀਂ ਸਗੋਂ  ਅਕਾਲੀ ਦਲ ਦਲ ਦੇ ਵਿਧਾਇਕਾਂ ਵੱਲੋਂ ਆਪ ਮੁਹਾਰਾ ਹੋਣਾਂ ਹੀ ਅਕਾਲੀ ਦਲ ਦੀ "ਰਿੱਝੀ ਰਿਝਾਈ ਖੀਰ ਵਿੱਚ ਗੰਢੇ" ਪਾਉਣ ਦਾ ਕਾਰਨ ਬਣਿਆਂ ਹੈ , ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਰੇਤੇ (ਬਰੇਤੀ) ਤੇ ਲਾਈ ਪਾਬੰਦੀ ਨਾਲ ਗੈਰ ਕਾਨੂੰਨੀ ਤੌਰ ਤੇ ਆਪਣੇ ਬੋਝੇ ਭਰਨ ਦੀ, ਪੰਜਾਬ ਦੇ ਲੋਕ ਤਾਂ ਅੱਗੇ ਹੀ ਮਹਿਗਾਈ  ਕਾਰਨ ਪ੍ਰੇਸ਼ਾਨ ਸਨ ਅਤੇ ਮਨੁੱਖ ਲਈ ਤਿੰਨ ਮੁੱਖ ਲੋੜਾਂ ਕੁੱਲੀ ,ਗੁੱਲੀ, ਜੁੱਲੀ ਜਿਆਦਾ ਜਰੂਰੀ ਹਨ ਇਕੱਲੀ ਗੁੱਲੀ ਇਕੱਲੀ ਜੁੱਲੀ ਜਾਂ ਇਕੱਲੀ ਕੁੱਲੀ ਕਦੇ ਵੀ ਇੱਕ ਸੱਭਿਅਕ ਮਨੁੱਖ ਲਈ ਸਹਾਈ ਨਹੀਂ ਹੋ ਸਕਦੀ ਪਰ ਫਿਰ ਵੀ ਰੋਟੀ ਤਾਂ  ਕੋਈ ਵੀ ਮਨੁੱਖ ਕਿਸੇ ਵੀ ਤਰ੍ਹਾਂ ਕਮਾ ਕੇ ਆਪਣੇ ਢਿੱਡ ਨੂੰ ਝੁਲਕਾ ਦੇ ਲਵੇਗਾ ਪਰ  ਅੱਜ ਦੇ ਟਾਇਮ ਕੁੱਲੀ ਬਣਾਂਉਣਾਂ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ ਉਸਨੂੰ ਹੋਰ ਵੀ ਦੁੱਭਰ ਕੀਤਾ ਅਕਾਲੀ ਦਲ ਦੇ ਆਪਣੇ ਢਿੱਡ ਭਰੂ ਲੀਡਰਾਂ ਨੇ ਜਿੰਨ੍ਹਾਂ ਨੇ ਆਮ ਲੋਕਾਂ ਲਈ ਮੁੱਫਤ ਵਿੱਚ ਮਿਲਦੇ ਰੇਤੇ ਨੂੰ ਚਮਚਿਆਂ ਚ ਪਾਕੇ ਵੇਚਣ ਜਿੰਨਾਂ ਕੀਮਤੀ ਬਣਾ ਦਿੱਤਾ ਜਿਸ ਨੇ ਲੋਕ ਮਨਾਂ ਵਿੱਚ ਅਕਾਲੀ ਦਲ ਪ੍ਰਤੀ ਮੋਹ ਨਹੀਂ ਸਗੋਂ ਘ੍ਰਿਣਾਂ ਹੀ ਪੈਦਾ ਕੀਤੀ, ਨਸ਼ਿਆਂ ਪੱਖੋਂ ਪੰਜਾਬ ਦੀ ਹਾਲਤ ਐਨੀਂ ਦਰਦ ਨਾਕ ਹੈ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਹੋਈ ਸੀ ਹਰ ਪਿੰਡ ਹਰ ਸਹਿਰ ਵਿੱਚ ਹਰ ਥਾਂ ਹੁੰਦੇ ਚਿੱਟੇ ਦੇ ਚਰਚੇ ਨੇ  ਪੰਜਾਬ ਦੀ ਪੰਥਕ ਸੋਚ ਦੇ ਪਹਿਰੇਦਾਰ ਅਖਵਾਉਦੇ  ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰ ਤੇ ḔḔਤਾਜ ਨਹੀਂ ਸਗੋਂ ਸਿਰ ਚ' ਸੁਆਹ ḔḔਪਾਉਣ ਦਾ ਕੰਮ ਹੀ ਕੀਤਾ ਹੈ, ਸਾਬਕਾ ਡੀ ਜੀ ਪੀ ਸ਼ਸੀ ਕਾਂਤ ਦੇ ਖੁਲਾਸੇ ਅਤੇ ਸਾਬਕਾ ਪੁਲਿਸ ਅਫ਼ਸਰ ਅੰਤਰਰਾਸ਼ਟਰੀ ਡਰੱਗ ਸਮਗਲਰ ਜਗਦੀਸ ਭੋਲਾ ਵੱਲੋਂ ਸ਼ਰੇਆਮ ਇੱਕ ਸੀਨੀਅਰ ਮੰਤਰੀ ਦਾ ਨਾਂਮ ਲੈਣ ਸਮੇ ਵੀ  ਜੇਕਰ ਵੱਡੇ ਬਾਦਲ ਸਾਬ੍ਹ ਚਿੱਟੇ ਨਸ਼ੇ ਵਿੱਚ ਲਿਪਤ ਕਾਲੇ ਕਿਰਦਾਰਾਂ ਦੇ ਮਾਲਕ ਆਪਣੇਂ ਖ਼ਾਸਮ ਖ਼ਾਸਾਂ ਨੂੰ ਸੰਭਾਲ ਕੇ ਗੁੱਠੇ ਲਗਾ ਦਿੰਦੇ ਤਾਂ ਪੰਜਾਬ ਤੇ 25 ਸਾਲ ਰਾਜ ਕਰਨ ਦਾ ਸੋਨੇ ਰੰਗਾ ਸੁਫ਼ਨਾਂ ਦੇਖਣਾਂ ਸੱਚ ਹੋ ਸਕਦਾ ਸੀ ਜੋ ਕਿ ਹੁਣ ਮੱਧਮ ਪੈਣ ਦੇ ਆਸਾਰ ਲੱਗ ਪਏ ਹਨ, ਬੇਸੱਕ ਅਕਾਲੀ ਦਲ ਅਤੇ ਭਾਜਪਾ ਨੇ ਛੇ ਸੀਟਾਂ ਜਿੱਤੀਆਂ ਹਨ ਪਰ ਇਸ ਜਿੱਤ ਲਈ ਜੋ ਕੀਮਤ ਤਾਰਨੀਂ ਪਈ ਹੈ ਉਹ ਇਸ ਜਿੱਤ ਤੋਂ ਕਿਤੇ ਜਿਆਦਾ ਹੈ।  ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਰੇਤੇ ਬਜ਼ਰੀ ਦਾ ਮੁੱਦਾ ਹੀ ਪ੍ਰਮੁੱਖ ਸੀ ਪਰ ਮੀਡੀਏ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰੇ ਜਾਣ ਮਗਰੋਂ ਅਚਾਨਕ ਲੋਕ ਨਸਿਆਂ ਦੇ ਮੁੱਦੇ ਤੇ ਆਪਣਾਂ ਵਿਰੋਧ ਦਰਜ਼ ਕਰਵਾਉਣ ਦੇ ਰਾਹ ਤੁਰ ਪਏ ਜਿਸ ਦਾ ਸ਼ਿੱਟਾ ਪੰਜਾਬ ਲਈ ਬਿੱਲਕੁੱਲ ਅਜਨਬੀ ਪਾਰਟੀ ਨੂੰ ਸਪੋਰਟ ਕਰਨ ਦੇ ਰੂਪ ਵਿੱਚ ਨਿੱਕਲਿਆ ਜੇਕਰ ਦੇਖਿਆ ਜਾਵੇ ਤਾਂ ਇਹ ਵੋਟਰਾਂ ਦਾ ਆਪ ਪ੍ਰਤੀ ਮੋਹ ਨਹੀਂ ਸੀ ਸਗੋਂ ਅਕਾਲੀ ਦਲ ਬਾਦਲ ਦਾ ਵਿਰੋਧ ਸੀ, ਅਜੇ ਕੱਲ ਪਰਸੋਂ ਨਸ਼ਿਆਂ ਦੀ ਤਸਕਰੀ ਵਿੱਚ ਫ਼ਸੇ ਆਪਣੇਂ ਪੁੱਤਰ ਦਾ ਨਾਮ ਆਉਣ ਤੇ ਸੂਬੇ ਦੇ ਸੱਭਿਆਚਾਰਕ ਅਤੇ ਜੇਲ ਮੰਤਰੀ ਸਰਬਣ ਸਿੰਘ ਫਿਲੌਰ ਦਾ "ਦਿੱਤਾ ਜਾਂ ਲਿਆ " ਅਸਤੀਫ਼ਾ ਇਸ ਗੱਲ ਦੀ ਪੁਸਟੀ ਕਰਦਾ ਹੈ ਕਿ ਪੰਜਾਬ ਦੀ ਅਕਾਲੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ  ਅਤੇ ਅਜੇ ਹੋਰ ਵੀ ਨੇਤਾ ਹਨ ਜੋ ਇਸ ਡਰੱਗ ਰੈਕਟ ਵਿੱਚ ਸ਼ਾਮਲ ਹਨ, ਭਾਜਪਾ ਦੇ   ਪੰਜਾਬ ਦੇ ਮਾਮਲਿਆਂ ਦੇ ਇੰਜਾਰਜ ਸਾਂਤਾ ਕੁਮਾਰ ਨੇ ਸਪੱਸਟ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗਠਜੋੜ ਦੀ ਹੋਈ ਹਾਰ ਲਈ ਨਸ਼ਿਆਂ ਦੀ ਸਮਗਲਿੰਗ ਮੁੱਖ ਤੌਰ ਤੇ ਜਿੰਮੇਵਾਰ ਹੈ ਇੱਥੇ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਸੂਬੇ ਵਿੱਚ ਵੱਡੇ ਵੱਡੇ ਲੋਕਾਂ ਦੀ ਕਥਿੱਤ ਮਿਲੀਭੁੱਗਤ ਨਾਲ ਵਿਕਦੇ ਨਸ਼ਿਆਂ ਨੇ ਜਿੱਥੇ ਪੰਜਾਬ ਦੀ ਜਵਾਨੀ ਨੂੰ ਲੱਗਭੱਗ ਗਾਲ ਹੀ ਦਿੱਤਾ ਹੈ ਉੱਤੇ ਪੰਜਾਬ ਦੀ ਆਰਥਿੱਕਤਾ ਨੂੰ ਵੀ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ ਹੈ ਸੂਬੇ ਵਿੱਚ ਚਿੱਟੇ ਦੇ ਇਸ ਕਾਲੇ ਕਾਰੋਬਾਰ ਵਿੱਚ ਲਿਪਤ ਅਕਾਲੀ ਦਲ ਦੇ ਇੱਕ ਮੰਤਰੀ ਦੇ ਅਸਤੀਫ਼ੇ ਨਾਲ ਇਹ ਨਸ਼ਿਆਂ ਦਾ ਦਾਗ ਨਹੀਂ ਧੋਤਾ ਜਾਣਾਂ ਸਗੋਂ ਪੰਜਾਬ ਸਰਕਾਰ ਨੂੰ ਹੋਰ ਵੀ ਸਖ਼ਤ ਕਦਮ ਉਠਾਉਣ ਦੀ ਜਰੂਰਤ ਹੈ, ਇਸ  ਲਈ ਬਾਦਲ ਸਾਬ੍ਹ ਵੱਲੋਂ  ਬੁੱਕਲ ਵਿੱਚ ਬੈਠੇ ਸੱਪਾਂ ਦੀ ਪਹਿਚਾਣ ਕਰਕੇ ਉਹਨਾਂ ਦੀਆਂ ਸਿਰੀਆਂ ਫੇਹਣਾਂ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤੇ ਅੱਜ ਦਾ ਸਮਾਂ ਇਹੋ ਮੰਗ ਕਰਦਾ ਹੈ,  ਜਿਸ ਨਾਲ ਜਿੱਥੇ ਪੰਜਾਬ ਸਰਕਾਰ ਦਾ ਅਕਸ ਸੁੱਧਰੇਗਾ ਉੱਥੇ ਪੰਜਾਬ ਦੇ ਲੱਖਾਂ ਨੌਜਵਾਨ ਮੌਤ ਵੀ ਬੁੱਕਲ ਵਿੱਚ ਜਾਣ ਤੋਂ ਬਚ ਜਾਣਗੇ, ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜਿੰਨੀਆਂ ਸੀਟਾਂ ਮਿਲਣੀਆਂ ਵੀ ਮੁਸ਼ਕਲ ਹੋ ਜਾਣਗੀਆਂ। ਕਿਉਕਿ ਸਿਆਣੇਂ ਲੋਕਾਂ ਦਾ ਕਥਨ ਹੈ ਕਿ "ਰਾਜੇ  ਜਿਉਦੇ ਮਨੁੱਖਾਂ  ਤੇ ਹੀ ਰਾਜ ਕਰਦੇ ਸੋਭਦੇ ਹਨ ਲਾਸ਼ਾਂ ਤੇ ਨਹੀ"ਂ ਕੱਲ ਦਾ ਰੰਗਲਾ ਪੰਜਾਬ ਅੱਜ ਨਸ਼ਿਆਂ ਕਾਰਨ ਲਾਸ਼ਾਂ ਵਿੱਚ ਤਬਦੀਲ ਹੋਣ ਦੇ ਰਾਹ ਤੇ ਹੈ ਜਿਸ ਲਈ  ਸ੍ਰੌਮਣੀ ਅਕਾਲੀ ਦਲ ਬਾਦਲ ਨੂੰ  ਆਪਣੇ ਅਕਸ ,ਆਪਣੀਂ ਹੋਂਦ  ਅਤੇ ਪੰਜਾਬ ਨੂੰ ਬਚਾਉਣ ਲਈ ਸੁਹਿਰਦਤਾ ਨਾਲ ਸਖ਼ਤ ਹੋ ਕੇ ਫ਼ੈਸਲਾ ਲੈਣ ਦੀ ਲੋੜ ਹੈ।